ਸੁਖਬੀਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦਾ ਸੱਦਾ

ਚੰਡੀਗੜ੍ਹ (ਕ੍ਰਿਸ਼ਨ ਗਰਗ)
ਨਸ਼ਿਆਂ ਦੀ ਲਾਹਨਤ ਦੇ ਮੁਕੰਮਲ ਖਾਤਮੇ ਦਾ ਹੋਕਾ ਦਿੰਦਿਆਂ ਪੰਜਾਬ ਦੇ ਉੱਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੁਲਸ ਬਲਾਂ ਨੂੰ ਇਸ ਕੰਮ ਨੂੰ ਇਕ ਮਿਸ਼ਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ। ਉਨ੍ਹਾਂ ਥਾਣਾ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਲੋੜੀਂਦੇ ਕਦਮ ਚੁੱਕਣ ਦੀ ਵਕਾਲਤ ਵੀ ਕੀਤੀ ਤਾਂ ਜੋ ਆਮ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਸਕਣ।
ਸ. ਸੁਖਬੀਰ ਸਿੰਘ ਬਾਦਲ ਇਥੇ ਪੰਜਾਬ ਭਵਨ ਵਿਖੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਜਿਸ ਵਿਚ ਪੰਜਾਬ ਦੇ ਪੁਲਸ ਮੁਖੀ ਸੁਰੇਸ਼ ਅਰੋੜਾ, ਸਾਰੇ ਜ਼ੋਨਲ ਆਈ.ਜੀ, ਪੁਲਸ ਕਮਿਸ਼ਨਰ, ਰੇਂਜਾਂ ਦੇ ਡੀ.ਆਈ.ਜੀ, ਜ਼ਿਲ੍ਹਿਆਂ ਦੇ ਐੱਸ.ਐੱਸ.ਪੀ ਅਤੇ ਹੈਡਕੁਆਰਟਰ ਵਿਚ ਤਾਇਨਾਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਸੂਬਾ ਪੱਧਰੀ ਮੀਟਿੰਗ ਵਿਚ ਬਾਦਲ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਨੇ ਜ਼ੋਰ ਦਿੱਤਾ ਕਿ ਪੁਲਸ ਦਾ ਸਮੁੱਚਾ ਧਿਆਨ ਨਸ਼ਿਆਂ ਵਿਰੁੱਧ ਮੁਹਿੰਮ, ਪੁਲਸ ਥਾਣਾ ਪੱਧਰ 'ਤੇ ਭ੍ਰਿਸ਼ਟਾਚਾਰ ਦੀ ਰੋਕਥਾਮ, ਅਪਰਾਧੀ ਟੋਲਿਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣਾ, ਰਾਤ ਦੀ ਗਸ਼ਤ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖਿਲਾਫ ਕੇਂਦਰਤ ਹੋਣਾ ਚਾਹੀਦਾ ਹੈ।
ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਕ ਸੂਬਾ ਪੱਧਰੀ ਵਿਸ਼ੇਸ਼ ਟੀਮ ਗਠਿਤ ਕੀਤੀ ਜਾਣੀ ਚਾਹੀਦੀ ਹੈ, ਜੋ ਕਿ ਨਾਮੀ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਕਰੜੀ ਨਿਗ੍ਹਾ ਰੱਖ ਕੇ ਅਜਿਹੇ ਅਪਰਾਧੀ ਅਨਸਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿਚ ਲਵੇ। ਉਨ੍ਹਾਂ ਨੇ ਜ਼ਿਲ੍ਹਾ ਪੁਲਸ ਮੁਖੀਆਂ ਨੂੰ ਝੂਠੇ ਮੁਕੱਦਮੇ ਦਰਜ ਕਰਨ ਖਿਲਾਫ ਤਾੜਨਾ ਕਰਦੇ ਹੋਏ ਪੁਲਸ ਥਾਣਾ ਪੱਧਰ 'ਤੇ ਹੋਣ ਵਾਲੇ ਕਿਸੇ ਵੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣਾ ਪੁਲਸ ਕਮਿਸ਼ਨਰ/ਐੱਸ.ਐੱਸ.ਪੀ ਦੀ ਜ਼ਿੰਮੇਵਾਰੀ ਐਲਾਨਿਆ।
ਸ. ਸੁਖਬੀਰ ਸਿੰਘ ਬਾਦਲ ਨੇ ਬਾਦਲ ਨੇ ਕਿਹਾ ਕਿ ਪੁਲਸ ਨੂੰ ਨਜਾਇਜ਼ ਮਾਈਨਿੰਗ ਜਿਹੇ ਸੰਗੀਨ ਅਪਰਾਧ ਵਿਚ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ ਅਤੇ ਉਸਦਾ ਧਿਆਨ ਤਾਂ ਸਗੋਂ ਆਪਣੀ ਕਾਰਗੁਜ਼ਾਰੀ ਸਕਾਰਾਤਮਕ ਪੱਖ ਤੋਂ ਹੋਰ ਵੀ ਬਿਹਤਰ ਬਣਾਉਣਾ ਹੋਣਾ ਚਾਹੀਦਾ ਹੈ। ਉਨ੍ਹਾਂ ਤਜਵੀਜ਼ ਕੀਤੀ ਕਿ ਚੰਗੀ ਕਾਰਗੁਜ਼ਾਰੀ ਦਾ ਮੁਜ਼ਾਹਰਾ ਕਰ ਰਹੇ ਪੁਲਸ ਅਧਿਕਾਰੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਨਿਰੋਲ ਅਧਾਰ 'ਤੇ ਤੁਰੰਤ ਹੀ ਤਰੱਕੀ ਦਿੱਤੀ ਜਾਵੇ।
ਸ. ਬਾਦਲ ਨੇ ਸੂਬਾ ਪੁਲਸ ਮੁਖੀ ਨੂੰ ਕਿਹਾ ਕਿ ਉਹ ਫੋਰਸ ਵਿਚ ਮਾੜੇ ਰਿਕਾਰਡ ਵਾਲੇ ਅਧਿਕਾਰੀਆਂÎ ਜਾਂÎ ਨਸ਼ਾ ਤਸਕਰੀ ਵਿਚ ਸ਼ਾਮਿਲ ਪਾਏ ਗਏ ਕਿਸੇ ਵੀ ਕਰਮਚਾਰੀ ਨੂੰ ਜਬਰੀ ਸੇਵਾ-ਮੁਕਤ ਕਰਨ। ਉਨ੍ਹਾਂ ਕਿਹਾ ਕਿ ਪੁਲਸ ਨੇ ਲੋਕਾਂ ਦੀ ਰੱਖਿਆ ਕਰਨ ਦੇ ਨਾਲ-ਨਾਲ ਸਮਾਜ ਸੇਵਾ ਵਿਚ ਵੱਡੀ ਭੂਮਿਕਾ ਨਿਭਾਉਣੀ ਹੁੰਦੀ ਹੈ, ਪਰ ਅਜਿਹੇ ਅਨਸਰ ਪੰਜਾਬ ਪੁਲਸ ਦੀ ਬਦਨਾਮੀ ਦਾ ਕਾਰਨ ਬਣਦੇ ਹਨ।
ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 7 ਹਜ਼ਾਰ ਸਿਪਾਹੀਆਂ, 465 ਸਬ-ਇੰਸਪੈਕਟਰਾਂ ਤੇ 850 ਹੋਰ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇੰਸਪੈਕਟਰਾਂ, ਸਬ-ਇੰਸਪੈਕਟਰਾਂ, ਏ.ਐੱਸ.ਆਈਜ਼, ਹੈੱਡ ਕਾਂਸਟੇਬਲਾਂ ਦੇ ਸਨਿਓਰਟੀ ਦੇ ਕੇਸ ਹੱਲ ਕਰ ਲਏ ਗਏ ਹਨ, ਜਿਸ ਤਹਿਤ ਆਉਂਦੇ ਕੁਝ ਸਮੇਂ ਵਿਚ ਹੀ 225 ਇੰਸਪੈਕਟਰ, 400 ਸਬ-ਇੰਸਪੈਕਟਰ, 660 ਸਹਾਇਕ ਸਬ-ਇੰਸਪੈਕਟਰ ਤੇ 1700 ਹੈਡ ਕਾਂਸਟੇਬਲ ਪਦਉੱਨਤ ਹੋ ਕੇ ਬਣਨਗੇ। ਇਸ ਮੌਕੇ ਡੀ.ਜੀ.ਪੀ. ਸੁਰੇਸ਼ ਅਰੋੜਾ ਵੱਲੋਂ ਇਸ ਵਿੱਤੀ ਸਾਲ ਲਈ ਪੁਲਸ ਨੂੰ 107 ਕਰੋੜ ਰੁਪਏ ਦੇ ਵਾਧੂ ਫੰਡ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਵਿਚੋਂ 25 ਕਰੋੜ ਪੁਲਸ ਦੀ ਭਲਾਈ, 11 ਕਰੋੜ ਇੰਟੈਲੀਜੈਂਸ ਵਿੰਗ ਨੂੰ ਮਜ਼ਬੂਤ ਕਰਨ ਤੇ 9.83 ਕਰੋੜ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਖਰਚ ਕੀਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ, ਉਪ-ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਮਨਵੇਸ਼ ਸਿੰਘ ਸਿੱਧੂ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਤੇ ਉਪ-ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਹਾਜ਼ਰ ਸਨ।