ਭਗਤ ਸਿੰਘ ਬਿਲਗਾ ਕਿਤਾਬ ਘਰ ਤੇ ਸਿਮਰਤੀ ਗ੍ਰੰਥ ਲੋਕ ਅਰਪਣ


ਜਲੰਧਰ (ਕੇਸਰ)
ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਦਾ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਉਦਘਾਟਨ ਕੀਤਾ ਗਿਆ। ਕਿਤਾਬ ਘਰ ਦੇ ਨਾਲ ਹੀ ਜੁੜਵੇਂ ਰੀਡਿੰਗ ਰੂਮ ਦਾ ਵੀ ਨਵ-ਨਿਰਮਾਣ ਕੀਤਾ ਗਿਆ ਹੈ।
ਸਮਾਗਮ ਦਾ ਆਗਾਜ਼ ਸੰਤ ਬਾਬਾ ਹੀਰਾ ਦਾਸ ਸਕੂਲ, ਕਾਲਾ ਸੰਘਿਆਂ ਦੇ ਵਿਦਿਆਰਥੀਆਂ ਵੱਲੋਂ ਗੀਤ-ਸੰਗੀਤ ਨਾਲ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਸੀਨੀਅਰ ਟਰੱਸਟੀ ਅਤੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਟਰੱਸਟੀ ਕੁਲਬੀਰ ਸਿੰਘ ਸੰਘੇੜਾ (ਸਪੁੱਤਰ ਬਾਬਾ ਭਗਤ ਸਿੰਘ ਬਿਲਗਾ) ਵੱਲੋਂ ਰੀਬਨ ਕੱਟ ਕੇ ਕਿਤਾਬ ਘਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨਾਲ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਗੁਰਮੀਤ, ਕੁਲਵੰਤ ਸੰਧੂ, ਗੁਰਮੀਤ ਢੱਡਾ, ਰਘਬੀਰ ਸਿੰਘ ਛੀਨਾ, ਜਗਰੂਪ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਹਰਬੀਰ ਕੌਰ ਬੰਨੋਆਣਾ, ਚਰੰਜੀ ਲਾਲ ਕੰਗਣੀਵਾਲ, ਦੇਵ ਰਾਜ ਨਈਅਰ ਅਤੇ 'ਸਿਮਰਤੀ ਗੰ੍ਰਥ ਬਾਬਾ ਭਗਤ ਸਿੰਘ ਬਿਲਗਾ' ਦੇ ਸੰਪਾਦਕ ਪ੍ਰੋ. ਗੋਪਾਲ ਸਿੰਘ ਬੁੱਟਰ ਉਦਘਾਟਨੀ ਰਸਮ 'ਚ ਸ਼ਾਮਲ ਸਨ।
ਇਸ ਯਾਦਗਾਰੀ ਸਮਾਗਮ ਮੌਕੇ ਜਦੋਂ ਇੱਕ ਬੰਨੇ ਬਾਬਾ ਭਗਤ ਸਿੰਘ ਬਿਲਗਾ ਦਾ ਅੱਜ ਜਨਮ ਦਿਹਾੜਾ ਇਸ ਨਿਵੇਕਲੇ ਅੰਦਾਜ਼ 'ਚ ਮਨਾਇਆ ਗਿਆ ਤਾਂ ਇਸ ਮੌਕੇ ਪ੍ਰੋ. ਗੋਪਾਲ ਸਿੰਘ ਬੁੱਟਰ ਵੱਲੋਂ ਸੰਪਾਦਤ 'ਸਿਮਰਤੀ ਗ੍ਰੰਥ ਬਾਬਾ ਭਗਤ ਸਿੰਘ ਬਿਲਗਾ' ਮੰਚ ਤੋਂ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਕਾਮਰੇਡ ਗੰਧਰਵ ਸੇਨ ਕੋਛੜ, ਕੁਲਬੀਰ ਸਿੰਘ ਸੰਘੇੜਾ, ਪ੍ਰੋ. ਵਰਿਆਮ ਸਿੰਘ ਸੰਧੂ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਲੋਕ ਅਰਪਣ ਕੀਤਾ ਗਿਆ। ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ ਨੇ ਬਾਬਾ ਭਗਤ ਸਿੰਘ ਬਿਲਗਾ ਦੀ ਇਤਿਹਾਸਕ ਦੇਣ ਨਾਲ ਜੁੜਵੇਂ ਪੱਖਾਂ 'ਤੇ ਰੌਸ਼ਨੀ ਪਾਈ ਅਤੇ ਕਿਤਾਬ ਘਰ ਲਈ ਦੇਸ਼-ਵਿਦੇਸ਼ ਤੋਂ ਆਈ ਸਹਾਇਤਾ ਰਾਸ਼ੀ ਦਾ ਵੇਰਵਾ ਹਾਜ਼ਰੀਨ ਨਾਲ ਸਾਂਝਾ ਕੀਤਾ। ਸਮਾਗਮ ਦੇ ਮੁੱਖ ਵਕਤਾ ਕਮੇਟੀ ਤੇ ਟਰੱਸਟੀ ਪ੍ਰੋ. ਵਰਿਆਮ ਸਿੰਘ ਨੇ ਕਿਹਾ ਕਿ ਬਾਬਾ ਭਗਤ ਸਿੰਘ ਬਿਲਗਾ ਜਿੰਨੇ ਪਰਵਾਰ ਦੀ ਮਾਣ-ਮੱਤੀ ਸ਼ਖਸੀਅਤ ਨੇ, ਉਸ ਤੋਂ ਕਿਤੇ ਵਧ ਕੇ ਉਹ ਮਿਹਨਤਕਸ਼ ਲੋਕਾਂ ਦੇ ਵਡੇਰੇ ਪਰਵਾਰ ਦੀ ਸਤਿਕਾਰਤ ਹਸਤੀ ਹਨ।
ਪ੍ਰੋ. ਵਰਿਆਮ ਸਿੰਘ ਸੰਧੂ ਨੇ ਬਾਬਾ ਭਗਤ ਸਿੰਘ ਬਿਲਗਾ ਨਾਲ ਕੀਤੀਆਂ ਮੁਲਾਕਾਤਾਂ, ਯਾਦਾਂ, ਲਿਖਤਾਂ ਅਤੇ ਸੰਗਰਾਮੀ ਜੀਵਨ ਸਫ਼ਰ ਦੀਆਂ ਪੈੜਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਹਨਾਂ ਨੇ ਮਾਂ ਦੇ ਨੈਣਾਂ 'ਚੋਂ ਵਗਦੇ ਹੰਝੂਆਂ ਦੇ ਦਰਿਆਵਾਂ ਅਤੇ ਪਰਵਾਰ ਸਿਰ ਚੜ੍ਹੀਆਂ ਕਰਜ਼ੇ ਦੀਆਂ ਪੰਡਾਂ ਵਿੱਚ ਦੱਬੇ-ਕੁਚਲੇ ਲੋਕਾਂ ਦੀਆਂ ਪਹਾੜੋਂ ਭਾਰੀਆਂ ਮੁਸੀਬਤਾਂ ਹੱਲ ਕਰਨ ਦੇ ਸੰਗਰਾਮੀ ਰਾਹ ਚੁਣਨ ਦਾ ਸਿਰੜੀ ਫੈਸਲਾ ਲਿਆ। ਬਾਬਾ ਭਗਤ ਸਿੰਘ ਬਿਲਗਾ ਦੀ ਸਿਧਾਂਤਕ ਦ੍ਰਿੜ੍ਹਤਾ, ਗ਼ਦਰ ਲਹਿਰ ਦੇ ਅਧੂਰੇ ਸੁਪਨੇ ਸਾਕਾਰ ਕਰਕੇ ਲੋਕਾਂ ਦੀ ਪੁੱਗਤ ਵਾਲੀ ਆਜ਼ਾਦੀ, ਜਮਹੂਰੀਅਤ ਅਤੇ ਸਾਂਝੀਵਾਲਤਾ ਵਾਲੇ ਰਾਜ ਦੀ ਸਿਰਜਣਾ ਵੱਲ ਜਾਂਦੇ ਰਾਹ ਦਾ ਹਵਾਲਾ ਦਿੰਦਿਆਂ ਪ੍ਰੋ. ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਬਾਬਾ ਬਿਲਗਾ ਨੇ ਕਦੇ ਜਮਹੂਰੀਅਤ ਦਾ ਪੱਲਾ ਨਹੀਂ ਛੱਡਿਆ। ਉਹਨਾਂ ਕਿਹਾ ਕਿ ਬਾਬਾ ਬਿਲਗਾ ਜੀ ਦੀ ਸੋਚ ਸਦਾ ਜਗਦੀ ਅਤੇ ਦਗ਼ਦੀ ਰਹੀ ਹੈ ਕਿ ਲੋਕ ਮਸਲਿਆਂ ਲਈ ਬਣਦੀ ਅਸੂਲੀ ਸਾਂਝ ਦੇ ਆਧਾਰ 'ਤੇ ਇਨਕਲਾਬੀ ਲੋਕ ਲਹਿਰ ਦਾ ਸਾਂਝਾ ਕਿਲ੍ਹਾ ਉਸਾਰਨ ਲਈ ਮਿਲ ਕੇ ਉੱਦਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਬਾਬਾ ਬਿਲਗਾ ਦੇ ਜਨਮ ਦਿਨ 'ਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਅਹਿਮ ਕਦਮ ਚੁੱਕਣ ਜਾ ਰਹੇ ਜਿਸ ਦਾ ਮੂੰਹ ਬੋਲਦਾ ਪ੍ਰਮਾਣ ਕਿਤਾਬ ਘਰ ਹੈ। 'ਸਿਮਰਤੀ ਗ੍ਰੰਥ ਬਾਬਾ ਭਗਤ ਸਿੰਘ ਬਿਲਗਾ' ਦੇ ਸੰਪਾਦਕ ਪ੍ਰੋ. ਗੋਪਾਲ ਬੁੱਟਰ ਨੇ ਕਿਹਾ ਕਿ ਬਾਬਾ ਬਿਲਗਾ ਇਤਿਹਾਸ ਦਾ ਸਾਗਰ ਹੈ। ਮੈਂ ਕੁਝ ਬੂੰਦ ਇਕੱਤਰ ਕਰਕੇ ਪਾਠਕਾਂ ਰੂਬਰੂ ਕਰਨ ਦਾ ਯਤਨ ਕੀਤਾ ਹੈ। ਉਹਨਾਂ ਦੀਆਂ ਪੈੜਾਂ ਦੀ ਖੋਜ ਦਾ ਕਾਰਜ ਮੈਨੂੰ ਸਦਾ ਪਿਆਸਾ ਰੱਖੇਗਾ ਅਤੇ ਮੈਂ ਅਗੇਰੇ ਯਤਨਸ਼ੀਲ ਰਹਾਂਗਾ ਕਿ ਬੂੰਦ-ਬੂੰਦ ਤੁਹਾਡੇ ਹਵਾਲੇ ਕਰ ਸਕਾਂ। ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਕਿਹਾ ਕਿ ਕਮੇਟੀ ਇਕੱਲੀ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਨਹੀਂ ਕਰ ਸਕੇਗੀ, ਇਸ ਲਈ ਤੁਹਾਡੀਆਂ ਸਹਿਯੋਗੀ ਬਾਹਵਾਂ ਦੀ ਲੋੜ ਹੈ। ਸਮਾਗਮ ਉਪਰੰਤ ਕਾਮਰੇਡ ਗੰਧਰਵ ਸੇਨ ਕੋਛੜ, ਰਘਬੀਰ ਸਿੰਘ ਛੀਨਾ, ਸਵਿਤਾ (ਕਾਮਰੇਡ ਚੈਨ ਸਿੰਘ ਚੈਨ ਦੀ ਬੇਟੀ), ਸੁਰਿੰਦਰ ਕੁਮਾਰੀ ਕੋਛੜ ਅਤੇ ਡਾ. ਜਸਵਿੰਦਰ ਸਿੰਘ ਬਿਲਗਾ ਨੇ ਹਾਲ 'ਚ ਬੂਟੇ ਵੀ ਲਗਾਏ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ।