ਲੋਕ-ਭਲਾਈ ਦੀ ਥਾਂ ਲੋਕ-ਪਤਿਆਊ ਕੰਮ

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਡੇ ਰਾਜ ਦੇ ਇਸ ਵਕਤ ਦੇ ਸਭ ਤੋਂ ਪੁਰਾਣੇ ਸਿਆਸੀ ਆਗੂ ਹਨ ਤੇ ਸਭ ਤੋਂ ਵੱਧ ਕਾਮਯਾਬ ਵੀ। ਸਾਲ 1957 ਵਿੱਚ ਪਹਿਲੀ ਚੋਣ ਲੜਨ ਤੋਂ ਲੈ ਕੇ ਅੱਜ ਤੱਕ ਇੱਕ ਵਾਰੀ ਹਾਰਨ ਅਤੇ ਇੱਕ ਵਾਰੀ ਚੋਣਾਂ ਦਾ ਬਾਈਕਾਟ ਕਰ ਜਾਣ ਤੋਂ ਬਿਨਾਂ ਉਹ ਲਗਾਤਾਰ ਪੰਜਾਬ ਅਸੈਂਬਲੀ ਦੇ ਮੈਂਬਰ ਵੀ ਰਹੇ ਤੇ ਵਿੱਚੋਂ ਇੱਕ ਵਾਰੀ ਲੋਕ ਸਭਾ ਵਿੱਚ ਵੀ ਤਿੰਨ ਕੁ ਮਹੀਨੇ ਬੈਠ ਕੇ ਪੰਜਾਬ ਪਰਤੇ ਸਨ। ਮੋਰਾਰਜੀ ਡਿਸਾਈ ਦੀ ਸਰਕਾਰ ਵਿੱਚ ਓਦੋਂ ਉਹ ਖੇਤੀ ਮੰਤਰੀ ਬਣੇ ਸਨ, ਪਰ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਨੂੰ ਬਹੁ-ਗਿਣਤੀ ਮਿਲ ਗਈ ਤਾਂ ਏਥੇ ਆ ਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ ਸੀ। ਦੇਸ਼ ਵਿੱਚ ਏਨੇ ਲੰਮੇ ਰਾਜਸੀ ਜੀਵਨ ਵਾਲੇ ਸਿਰਫ਼ ਦੋ ਆਗੂ ਪ੍ਰਣਬ ਮੁਕਰਜੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਹਨ ਅਤੇ ਉਹ ਦੋਵੇਂ ਇਸ ਵਕਤ ਜਨਤਕ ਮੈਦਾਨ ਵਿੱਚ ਰਾਜਨੀਤਕ ਸਰਗਰਮੀ ਤੋਂ ਇੱਕ ਤਰ੍ਹਾਂ ਲਾਂਭੇ ਬੈਠੇ ਦਿਖਾਈ ਦੇਂਦੇ ਹਨ।
ਸਭ ਤੋਂ ਲੰਮਾ ਸਮਾਂ ਅਤੇ ਸਭ ਤੋਂ ਵੱਧ ਤਜਰਬਾ ਰਾਜਨੀਤੀ ਵਿੱਚ ਹੋਣ ਕਾਰਨ ਮੁੱਖ ਮੰਤਰੀ ਬਾਦਲ ਇਸ ਗੁਣ ਦੀ ਵਰਤੋਂ ਰਾਜ ਦੇ ਸਮੁੱਚੇ ਅਤੇ ਚਿਰ-ਜੀਵੀ ਭਲੇ ਲਈ ਨਹੀਂ ਕਰ ਰਹੇ, ਸਗੋਂ ਥੋੜ੍ਹ-ਚਿਰੇ ਵੋਟ ਲਾਭਾਂ ਨੂੰ ਜ਼ਿਆਦਾ ਪਹਿਲ ਦੇਂਦੇ ਹਨ। ਦੋ ਸਾਲ ਪਹਿਲਾਂ ਉਨ੍ਹਾ ਨੇ ਪਰਵਾਸੀ ਪੰਜਾਬੀਆਂ ਦੇ ਸਮਾਗਮ ਵਿੱਚ ਆਪ ਆਖਿਆ ਸੀ ਕਿ ਸਾਨੂੰ ਮੁੜ-ਮੁੜ ਰਾਜ ਕੋਈ ਵਿਕਾਸ ਦੇ ਕੰਮ ਲਈ ਨਹੀਂ ਮਿਲ ਰਿਹਾ, ਇਸ ਲਈ ਮਿਲਦਾ ਹੈ ਕਿ ਅਸੀਂ ਕਿਸੇ ਭਾਈਚਾਰੇ ਨੂੰ ਨਾਰਾਜ਼ ਹੀ ਨਹੀਂ ਕਰਦੇ। ਜਿਸ ਵੀ ਧਾਰਮਿਕ ਜਾਂ ਜਾਤੀ ਭਾਈਚਾਰੇ ਦੀ ਕੋਈ ਮੰਗ ਆਉਂਦੀ ਹੈ, ਅਸੀਂ ਉਸ ਨੂੰ ਪ੍ਰਵਾਨ ਕਰਨ ਵਿੱਚ ਕੋਈ ਦੇਰ ਨਹੀਂ ਲਾਉਂਦੇ। ਅਸਲੀਅਤ ਇਹ ਹੈ ਕਿ ਕਿਸੇ ਭਾਈਚਾਰੇ ਦੀ ਮੰਗ ਨਾ ਵੀ ਆਵੇ ਤਾਂ ਹਰ ਭਾਈਚਾਰੇ ਨੂੰ ਖੁਸ਼ ਕਰਨ ਵਾਲੀਆਂ ਉਹ ਗੱਲਾਂ ਆਪਣੇ ਆਪ ਵਿਉਂਤ ਕੇ ਲਾਗੂ ਕਰੀ ਜਾਂਦੇ ਹਨ, ਜਿਨ੍ਹਾਂ ਨਾਲ ਵੋਟਾਂ ਵਿੱਚ ਵਾਧਾ ਹੋ ਸਕਦਾ ਹੈ, ਵਿਕਾਸ ਦਾ ਕੋਈ ਮਤਲਬ ਨਹੀਂ।
ਸਾਲ 2007 ਵਿੱਚ ਚੌਥੀ ਵਾਰ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾ ਨੇ ਯਾਦਗਾਰਾਂ ਬਣਾਉਣ ਦਾ ਕੰਮ ਸ਼ੁਰੂ ਕਰ ਲਿਆ ਅਤੇ ਅਜੇ ਤੱਕ ਕੰਮ ਜਾਰੀ ਹੈ। ਹਰ ਯਾਦਗਾਰ ਲਈ ਕਰੋੜਾਂ ਰੁਪਏ ਖ਼ਰਚ ਕਰਨ ਲਈ ਯੋਜਨਾ ਬਣਾਈ ਜਾਂਦੀ ਹੈ ਤੇ ਇਸ ਵਿੱਚ ਭ੍ਰਿਸ਼ਟਾਚਾਰ ਦੀਆਂ ਕਨਸੋਆਂ ਸੁਣਨ ਨੂੰ ਮਿਲਦੀਆਂ ਹਨ। ਮੁੱਖ ਮੰਤਰੀ ਬਾਦਲ ਇਹ ਕਹਿ ਰਹੇ ਹਨ ਕਿ ਇਨ੍ਹਾਂ ਯਾਦਗਾਰਾਂ ਦੇ ਬਹਾਨੇ ਪੰਜਾਬ ਦੀ ਵਿਰਾਸਤ ਨੂੰ ਸੰਭਾਲਿਆ ਜਾ ਰਿਹਾ ਹੈ। ਕਹਿਣ ਲਈ ਤਾਂ ਇਹ ਠੀਕ ਹੈ, ਪਰ ਜਿੱਥੇ-ਕਿਤੇ ਬਚੀ-ਖੁਚੀ ਵਿਰਾਸਤ ਹੈ, ਉਹ ਅਣਗੌਲੀ ਪਈ ਹੈ। ਵਿਕਾਸ ਕੰਮਾਂ ਦੇ ਜਿਹੜੇ ਨੀਂਹ-ਪੱਥਰ ਰੱਖੇ ਜਾ ਰਹੇ ਹਨ, ਉਨ੍ਹਾਂ ਉੱਤੇ ਕੋਈ ਕੰਮ ਨਹੀਂ ਹੋ ਰਿਹਾ। ਪੰਜਾਬ ਦੇ ਪਿੰਡਾਂ ਵਿੱਚੋਂ ਉਨ੍ਹਾਂ ਨੀਂਹ-ਪੱਥਰਾਂ ਦੀਆਂ ਤਸਵੀਰਾਂ ਮਿਲ ਜਾਂਦੀਆਂ ਹਨ, ਜਿਹੜੇ ਦੂਸਰੀ ਵਾਰੀ ਮੁੱਖ ਮੰਤਰੀ ਬਣ ਕੇ ਉਨ੍ਹਾ ਨੇ ਅਤੇ ਉਨ੍ਹਾ ਦੇ ਮੰਤਰੀਆਂ ਨੇ ਸਾਲ 1977 ਵਿੱਚ ਰੱਖੇ ਅਤੇ ਫਿਰ ਭੁਲਾ ਦਿੱਤੇ ਗਏ ਸਨ।
ਪੰਜਾਬ ਦੇ ਜਿਹੜੇ ਸਕੂਲ ਅੰਗਰੇਜ਼ਾਂ ਵੇਲੇ ਤੋਂ ਚੱਲਦੇ ਆਏ ਸਨ, ਉਹ ਬੰਦ ਹੁੰਦੇ ਜਾਂਦੇ ਹਨ। ਆਮ ਲੋਕਾਂ ਦੀ ਲੋੜ ਪੂਰੀ ਕਰਨ ਲਈ ਚਲਾਏ ਜਾਂਦੇ ਸਰਕਾਰੀ ਹਸਪਤਾਲ ਤੇ ਡਿਸਪੈਂਸਰੀਆਂ ਹਟਕੋਰੇ ਲੈ ਰਹੇ ਹਨ। ਇਸ ਵਾਰੀ ਸਰਕਾਰ ਬਣਾ ਕੇ ਜਿਹੜੀਆਂ ਲੋਕ ਭਲਾਈ ਦੀਆਂ ਸਕੀਮਾਂ ਮੁੱਖ ਮੰਤਰੀ ਬਾਦਲ ਨੇ ਆਪ ਚਲਾਈਆਂ ਸਨ, ਉਹ ਵੀ ਪੈਸੇ ਦੀ ਅਣਹੋਂਦ ਕਾਰਨ ਬੰਦ ਹੁੰਦੀਆਂ ਜਾਂਦੀਆਂ ਹਨ। ਗਰਭਵਤੀ ਔਰਤਾਂ ਲਈ ਮਾਇਕ ਮਦਦ ਲਈ ਜਿਹੜੀ ਸਕੀਮ ਉਨ੍ਹਾ ਖ਼ੁਦ ਚਲਾਈ ਸੀ, ਉਸ ਦੇ ਲਈ ਪੈਸਾ ਨਹੀਂ ਮਿਲ ਰਿਹਾ। ਕਈ ਵਿਭਾਗਾਂ ਦੇ ਕਰਮਚਾਰੀ ਆਪਣੀ ਤਨਖ਼ਾਹ ਲਈ ਔਂਸੀਆਂ ਪਾਉਂਦੇ ਹਨ ਤੇ ਦੁਕਾਨਾਂ ਵਾਲੇ ਉਨ੍ਹਾਂ ਨੂੰ ਉਧਾਰ ਨਹੀਂ ਦੇ ਰਹੇ। ਸ਼ਗਨ ਸਕੀਮ ਅਤੇ ਵਿਧਵਾ ਜਾਂ ਬੁਢਾਪਾ ਪੈਨਸ਼ਨ ਲਈ ਲਾਭ-ਪਾਤਰੀ ਬਿਨਾਂ ਕਿਸੇ ਲਾਭ ਲੈਣ ਤੋਂ ਦਿਨ-ਕੱਟੀ ਕਰ ਰਹੇ ਹਨ ਤੇ ਸਰਕਾਰ ਦਾ ਧਿਆਨ ਲੋਕ-ਭਲਾਈ ਦੀ ਥਾਂ ਲੋਕ-ਪਤਿਆਊ ਕੰਮਾਂ ਵੱਲ ਲੱਗਾ ਪਿਆ ਹੈ।
ਮੁੱਖ ਮੰਤਰੀ ਬਾਦਲ ਸਾਹਿਬ ਕਹਿੰਦੇ ਹਨ ਕਿ ਜਿਹੜੀਆਂ ਯਾਦਗਾਰਾਂ ਉਹ ਬਣਾ ਰਹੇ ਹਨ, ਪੰਜਾਬ ਦੇ ਲੋਕ ਆਪਣੀ ਵਿਰਾਸਤ ਦੀ ਜਾਣਕਾਰੀ ਲਈ ਉਨ੍ਹਾਂ ਨੂੰ ਵੇਖਣ ਜਾਇਆ ਕਰਨਗੇ। ਇਹ ਸੁਫ਼ਨਾ ਸੋਹਣਾ ਹੈ। ਬੱਸ ਏਨਾ ਨੁਕਸ ਇਸ ਵਿੱਚ ਹੈ ਕਿ ਜਿਨ੍ਹਾਂ ਦੇ ਜਵਾਕ ਭੁੱਖੇ ਬੈਠੇ ਹੋਣਗੇ, ਉਨ੍ਹਾਂ ਨੂੰ ਵਿਰਾਸਤ ਦਾ ਚੇਤਾ ਨਹੀਂ ਆਇਆ ਕਰਨਾ। ਬਾਬੇ ਕਹਿੰਦੇ ਹੁੰਦੇ ਸਨ ਕਿ 'ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ'। ਇਸ ਮੁਹਾਵਰੇ ਦਾ ਚੇਤਾ ਰੱਖ ਕੇ ਚੱਲਿਆ ਜਾਵੇ ਤਾਂ ਕਿਸੇ ਵੀ ਹੋਰ ਕੰਮ ਤੋਂ ਪਹਿਲਾਂ ਲੋਕਾਂ ਦੇ ਭਲੇ ਦੇ ਕਾਰਜਾਂ ਵੱਲ ਧਿਆਨ ਦੇਣ ਦੀ ਲੋੜ ਚੇਤੇ ਆ ਜਾਵੇਗੀ, ਯਾਦਗਾਰਾਂ ਉਸ ਤੋਂ ਬਾਅਦ ਵੀ ਬਣਾਈਆਂ ਜਾ ਸਕਦੀਆਂ ਹਨ।