ਸੁਖਬੀਰ ਦੇ ਦੌਰੇ ਉਪਰੰਤ ਭੁੱਖ ਹੜਤਾਲ 'ਤੇ ਬੈਠੇ ਫਾਰਗ ਸਿੱਖਿਆ ਕਰਮੀ ਹੋਏ ਪੁਲਸ ਤਸ਼ੱਦਦ ਦਾ ਸ਼ਿਕਾਰ

ਰੂਪਨਗਰ (ਖੰਗੂੜਾ)-ਇੱਥੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਆਪਣੀ ਨੌਕਰੀ ਦੀ ਬਹਾਲੀ ਲਈ ਪਿਛਲੇ 42 ਦਿਨਾਂ ਤੋਂ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਫਾਰਗ ਸਿੱਖਿਆ ਕਰਮੀਆਂ (ਵਧੇਰੇ ਕਰਕੇ ਮਹਿਲਾ ਫਾਰਗ ਕਰਮੀ) ਨੂੰ ਸ਼ਾਮ ਕੋਈ 6.30 ਵਜੇ ਪੁਲਸ ਦੇ ਭਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਪੁਲਸ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਜ਼ਿੰਮੇਵਾਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਟੈਂਟ ਲਗਾ ਕੇ ਭੁੱਖ ਹੜਤਾਲ 'ਤੇ ਬੈਠੀਆਂ ਮਹਿਲਾ ਅਧਿਆਪਕਾਵਾਂ ਨਾਲ ਜਬਰੀ ਖਿੱਚ-ਧੂਹ ਕੀਤੀ ਗਈ ਅਤੇ ਉਨ੍ਹਾਂ ਚੁੱਕ ਕੇ ਥਾਣੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਲਗਾਇਆ ਟੈਂਟ ਵੀ ਉਖਾੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ਿਲ੍ਹੇ ਅੰਦਰ ਨੂਰਪੁਰ ਬੇਦੀ ਬਲਾਕ ਦੇ ਪਿੰਡ ਖਾਨਪੁਰ ਖੂਹੀ ਸਮਾਗਮ ਦੌਰਾਨ ਫਾਰਗ ਕਰਮੀਆਂ ਅਤੇ ਕੁੱਝ ਹੋਰ ਸਰਕਾਰੀ ਨੀਤੀਆ ਤੋਂ ਪਰੇਸ਼ਾਨ ਜੱਥੇਬੰਦੀਆਂ ਵੱਲੋਂ ਬਾਦਲ ਦੇ ਭਾਸ਼ਣ ਸਮੇਂ ਨਾਅਰੇਬਾਜ਼ੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਪੁਲਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਪੁਲਸ ਨੇ ਇਹ ਕਾਰਵਾਈ ਸੁਖਬੀਰ ਸਿੰਘ ਬਾਦਲ ਦੇ ਕਾਨਪੁਰ ਖੂਹੀ ਵਿੱਚ ਹੋਏ ਦੁਪਹਿਰ ਬਾਅਦ ਪ੍ਰੋਗਰਾਮ ਦੇ ਸਿਰਫ ਡੇਢ ਘੰਟੇ ਬਾਅਦ ਹੀ ਕੀਤੀ ਹੈ। ਪੁਲਸ ਦਾ ਫਾਰਗ ਮਹਿਲਾ ਵਲੰਟੀਅਰਜ਼ ਨਾਲ ਬਹੁਤ ਹੀ ਬੇਰਹਿਮੀ ਨਾਲ ਪੇਸ਼ ਆਉਣ ਅਤੇ ਚੁੱਕ ਕੇ ਲਿਜਾਣ ਦਾ ਸਮਾਚਾਰ ਹੈ। ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮ ਵਿੱਚ ਵੀ ਕਈ ਅੱਧਾ ਦਰਜਨ ਫਾਰਗ ਸਿੱਖਿਆ ਮਹਿਲਾ ਵਲੰਟੀਅਰਜ਼ ਨੂੰ ਪੁਲਸ ਹਿਰਾਸਤ ਵਿੱਚ ਲੈਣ ਦਾ ਸਮਾਚਾਰ ਹੈ। ਇੱਥੇ ਕੋਈ 40 ਦੇ ਕਰੀਬ ਫਾਰਗ ਸਿੱਖਿਆ ਵਲੰਟੀਅਰਜ਼ ਨੂੰ ਪੁਲਸ ਆਪਣੀ ਹਿਰਾਸਤ ਵਿੱਚ ਲੈ ਕੇ ਗਈ। ਪੱਤਰਕਾਰ ਜਦੋਂ ਉੱਥੇ ਪਹੁੰਚੇ ਤਾਂ ਵੇਖਿਆ ਕਿ ਐੱਸ.ਐੱਚ ਓ ਸਦਰ ਰਮਿੰਦਰ ਸਿੰਘ ਕਾਹਲੋਂ ਅਤੇ ਹੋਰ ਪੁਲਸ ਮੁਲਾਜ਼ਮਾ ਦੀਆਂ ਵਰਦੀਆਂ ਮਿੱਟੀ ਦੇ ਤੇਲ ਨਾਲ ਭਿੱਜੀ ਹੋਈਆਂ ਸਨ। ਹੋ ਸਕਦਾ ਹੈ ਕਿ ਟੈਂਟ ਪੁੱਟਣ ਸਮੇਂ ਫਾਰਗ ਸਿੱਖਿਆ ਵਲੰਟੀਅਜ਼ ਨੇ ਤੇਲ ਪਾ ਕੇ ਕੋਈ ਵੱਡਾ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਹੋਵੇ। ਲੇਕਿਨ ਪੁਲਸ ਅੱਗੇ ਉਨ੍ਹਾਂ ਦੀ ਕੋਈ ਨਹੀਂ ਚੱਲੀ ਅਤੇ ਖਿੱਚੋਤਾਣ ਕਰਕੇ ਮਹਿਲਾ ਫਾਰਗ ਵਲੰਟੀਅਰਜ਼ ਨੂੰ ਪੁਲਸ ਹਿਰਾਸਤ ਵਿੱਚ ਲੈ ਕੇ ਗੱਡੀ ਵਿੱਚ ਬਿਠਾ ਕੇ ਲੈ ਗਈ। ਪੁਲਸ ਵਾਲਿਆਂ ਨੇ ਟੈਂਟ ਦੇ ਨਾਲ-ਨਾਲ ਫਾਰਗ ਸਿੱਖਿਆ ਵਲੰਟੀਅਰਜ਼ ਦੇ ਬਿਸਤਰ ਵੀ ਚੁੱਕ ਕੇ ਗੱਡੀ ਵਿੱਚ ਲੈ ਗਈ। ਇਸ ਮੌਕੇ ਐੱਸ ਡੀ ਐੱਮ ਤੇਜਦੀਪ ਸਿੰਘ ਸੈਣੀ, ਐੱਸ.ਪੀ. (ਡੀ) ਹਰਮੀਤ ਸਿੰਘ ਹੁੰਦਲ, ਡੀ ਐੱਸ ਪੀ ਹਰਬੀਰ ਸਿੰਘ ਅਟਵਾਲ, ਏ ਐੱਸ ਪੀ ਚਮਕੌਰ ਸਾਹਿਬ ਕੰਵਰਦੀਪ ਕੌਰ, ਡੀ ਐੱਸ ਪੀ ਤੇਜਿੰਦਰ ਸਿੰਘ, ਤਹਿਸੀਲਦਾਰ ਰੁਪਿੰਦਰਪਾਲ ਸਿੰਘ ਬੱਲ ਆਦਿ ਮੌਜੂਦ ਸਨ।
ਵਰਨਣਯੋਗ ਹੈ ਕਿ ਇਹ ਧਰਨਾ ਪਿਛਲੇ 42 ਦਿਨਾਂ ਤੋਂ ਚੱਲ ਰਿਹਾ ਹੈ,।ਪਰ ਪੁਲਸ ਨੂੰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਨਪੁਰ ਖੂਹੀ ਪ੍ਰੋਗਰਾਮ ਵਿੱਚ ਹੋਏ ਪ੍ਰਦਰਸ਼ਨ ਤੋਂ ਬਾਅਦ ਧਾਰਾ 144 ਦੀ ਯਾਦ ਆਈ ਹੈ। ਇਸ ਸੰਬੰਧ ਵਿੱਚ ਐੱਸ ਐੱਸ ਪੀ ਵਰਿੰਦਰਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਲਗਾਈ ਧਾਰਾ 144 ਦੇ ਆਦੇਸ਼ ਕਾਰਨ ਡੀ ਸੀ ਦਫਤਰ ਸਾਹਮਣੇ ਧਰਨਾ ਦੇ ਰਹੇ ਫਾਰਗ ਸਿੱਖਿਆ ਵਲੰਟੀਅਰਜ਼ ਨੂੰ ਹਟਾਇਆ ਗਿਆ ਹੈ। ਇਹ ਸਾਰੇ ਡੀ ਸੀ ਦੇ ਆਦੇਸ਼ ਦੀ ਉਲੰਘਣਾ ਕਰ ਰਹੇ ਸਨ। ਇਨ੍ਹਾ ਸਾਰਿਆਂ 'ਤੇ ਧਾਰਾ 188 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।