ਬੀ ਐੱਸ ਪੀ ਲੀਡਰਸ਼ਿਪ ਦੀ ਸੁਖਬੀਰ ਨਾਲ ਅੰਦਰੂਨੀ ਮਿਲੀਭੁਗਤ : ਕੈਪਟਨ


ਕਪੂਰਥਲਾ (ਗੁਰਦੇਵ ਭੱਟੀ,
ਪ੍ਰੀਤ ਸੰਗੋਜਲਾ, ਹਨੀ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਬਸਪਾ ਨੇ ਕਾਂਗਰਸ ਨਾਲ ਗੱਠਜੋੜ ਨਹੀਂ ਕੀਤਾ, ਕਿਉਂਕਿ ਉਹ ਸੂਬੇ ਭਰ ਦੀਆਂ 117 ਵਿਧਾਨ ਸਭਾ ਸੀਟਾਂ 'ਤੇ ਉਮੀਦਵਾਰ ਖੜੇ ਕਰਕੇ ਸੁਖਬੀਰ ਤੇ ਅਕਾਲੀ ਦਲ ਦੀ ਸਹਾਇਤਾ ਕਰਨਾ ਚਾਹੁੰਦੀ ਹੈ।
ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ 125ਵੇਂ ਜਨਮ ਦਿਵਸ ਮੌਕੇ ਆਯੋਜਿਤ ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਪਾਰਟੀ ਨੇ ਇਮਾਨਦਾਰੀ ਨਾਲ ਹੱਥ ਵਧਾਇਆ, ਪਰ ਬਸਪਾ ਅੱਗੇ ਨਹੀਂ ਵਧੀ, ਜਿਸਦਾ ਕਾਰਨ ਹਰ ਕੋਈ ਜਾਣਦਾ ਹੈ।
ਹਾਲਾਂਕਿ, ਜਿਹੜੇ ਕੁਝ ਬਸਪਾ ਆਗੂ ਹਾਲੇ 'ਚ ਕਾਂਗਰਸ 'ਚ ਸ਼ਾਮਿਲ ਹੋਏ ਹਨ, ਉਨ੍ਹਾਂ ਨੇ ਦੱਸਿਆ ਹੈ ਕਿ ਸੂਬੇ ਦੀ ਸੀਨੀਅਰ ਤੇ ਕੇਂਦਰੀ ਬਸਪਾ ਲੀਡਰਸ਼ਿਪ ਅਤੇ ਅਕਾਲੀਆਂ ਤੇ ਸੁਖਬੀਰ ਵਿਚਾਲੇ ਸਪੱਸ਼ਟ ਮਿਲੀਭੁਗਤ ਹੈ। ਸੈਂਟਰਲ ਬਾਲਮੀਕਿ ਸਭਾ ਇੰਟਰਨੈਸ਼ਨਲ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਮੌਕੇ ਉਨ੍ਹਾਂ ਨੇ ਬਾਲਮੀਕਿ ਸਮਾਜ ਤੇ ਕਾਂਗਰਸ ਪਾਰਟੀ ਵਿਚਾਲੇ ਰਿਸ਼ਤੇ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਮਾਜ ਨੂੰ ਕਾਂਗਰਸ ਪਾਰਟੀ 'ਚ ਬਣਦਾ ਤੇ ਉਚਿਤ ਸਨਮਾਨ ਮਿਲੇਗਾ।
ਉਨ੍ਹਾਂ ਕਿਹਾ ਕਿ ਉਸ ਪਾਰਟੀ ਵਾਸਤੇ ਮਾਣ ਵਾਲੀ ਗੱਲ ਹੈ, ਜਿਸਦਾ ਹਿੱਸਾ ਹੰਸ ਰਾਜ ਹੰਸ ਵਰਗੇ ਨਾਮੀ ਗਾਇਕ ਹਨ ਅਤੇ ਜਿਹੜੇ ਇਕ ਬੇਸ਼ਕੀਮਤੀ ਦੌਲਤ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਡਾ. ਅੰਬੇਡਕਰ ਦੇਸ਼ ਲਈ ਸੰਵਿਧਾਨ ਦੇ ਨਿਰਮਾਣ ਵਿੱਚ ਯੋਗਦਾਨ ਨੂੰ ਯਾਦ ਕੀਤਾ, ਜਿਹੜਾ ਵਿਸ਼ਵ ਦੇ ਸਭ ਤੋਂ ਵਧੀਆ ਸੰਵਿਧਾਨਾਂ 'ਚੋਂ ਇਕ ਹੈ। ਇਸੇ ਤਰ੍ਹਾਂ, ਕਾਲੀ ਸੂਚੀ ਤੋਂ ਕਈ ਨਾਂਅ ਹਟਾਏ ਜਾਣ ਸੰਬੰਧੀ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਇਸਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਹ ਹਮੇਸ਼ਾ ਇਸਦੇ ਸਮਰਥਨ 'ਚ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਗੰਭੀਰ ਅਪਰਾਧ ਹੋਣ ਦੀ ਸਥਿਤੀ ਤੱਕ ਨਾਂਅ ਹਟਾ ਲੈਣੇ ਚਾਹੀਦੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੌਜੂਦਾ ਚਰਚਾਵਾਂ ਦੌਰਾਨ ਉਨ੍ਹਾਂ ਨੂੰ ਵਰਕਰਾਂ ਦਾ ਸ਼ਾਨਦਾਰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਤੋਂ ਬਹੁਤ ਸਾਰੇ ਵਧੀਆ ਸੁਝਾਅ ਮਿਲ ਰਹੇ ਹਨ। ਐੱਸ.ਜੀ.ਪੀ.ਸੀ ਚੋਣਾਂ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਇਕ ਧਰਮ ਨਿਰਪੱਖ ਪਾਰਟੀ ਹੋਣ ਵਜੋਂ ਕਾਂਗਰਸ ਇਹ ਚੋਣਾਂ ਨਹੀਂ ਲੜੇਗੀ, ਪਰ ਇਕ ਸੱਚੇ ਸਿੱਖ ਵਜੋਂ ਉਹ ਐੱਸ.ਜੀ.ਪੀ.ਸੀ ਚੋਣਾਂ 'ਚ ਹਿੱਸਾ ਲੈਣਗੇ ਤੇ ਪੁਖਤਾ ਕਰਨਗੇ ਕਿ ਬਾਦਲਾਂ ਨੂੰ ਇਸ ਸੰਸਥਾ 'ਚੋਂ ਚੁੱਕ ਕੇ ਬਾਹਰ ਸੁੱਟਿਆ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਨੇ ਪਾਰਟੀ 'ਚ ਸ਼ਾਮਿਲ ਕਰਦਿਆਂ ਬਹੁਤ ਸਾਰਾ ਮਾਣ ਤੇ ਸਤਿਕਾਰ ਦਿੱਤਾ ਹੈ। ਉਨ੍ਹਾਂ ਨੇ ਬਾਲਮੀਕਿ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਡਰਨ ਦੀ ਲੋੜ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਆਈ.ਸੀ.ਸੀ ਸਕੱਤਰ ਹਰੀਸ਼ ਚੌਧਰੀ, ਨਵਤੇਜ ਚੀਮਾ, ਗੁਰਕੀਰਤ ਕੋਟਲੀ, ਅਮਰਜੀਤ ਸਿੰਘ ਸਮਰਾ, ਜੋਗਿੰਦਰ ਸਿੰਘ ਮਾਨ, ਫਕੀਰ ਚੰਦ ਸਹੋਤਾ ਵੀ ਮੌਜੂਦ ਰਹੇ।