ਮਹਿਬੂਬਾ ਬਣੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ


ਸ੍ਰੀਨਗਰ/ਜੰਮੂ (ਨਵਾਂ ਜ਼ਮਾਨਾ ਸਰਵਿਸ)
ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ ਡੀ ਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕ ਲਈ ਹੈ। ਉਹ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਸਰਕਾਰ ਦੇ 22 ਮੈਂਬਰੀ ਮੰਤਰੀ ਮੰਡਲ ਨੂੰ ਰਾਜਪਾਲ ਐੱਨ ਐੱਨ ਵੋਹਰਾ ਨੇ ਸਹੁੰ ਚੁਕਾਈ। ਸੂਬੇ 'ਚ 8 ਜਨਵਰੀ ਨੂੰ ਰਾਸ਼ਟਰਪਤੀ ਰਾਜ ਲੱਗਣ ਤੋਂ ਤਿੰਨ ਮਹੀਨੇ ਬਾਅਦ ਮਹਿਬੂਬਾ ਕੈਬਨਿਟ ਨੇ ਸੂਬੇ ਦੀ ਸੱਤਾ ਸੰਭਾਲੀ ਹੈ।
ਨਵੀਂ ਸਰਕਾਰ 'ਚ ਪੀ ਡੀ ਪੀ ਦੇ 9 ਕੈਬਨਿਟ ਮੰਤਰੀ ਤੇ ਤਿੰਨ ਰਾਜ ਮੰਤਰੀ ਹਨ ਅਤੇ ਭਾਜਪਾ ਦੇ 8 ਕੈਬਨਿਟ ਤੇ 2 ਰਾਜ ਮੰਤਰੀ ਹਨ। ਸਾਬਕਾ ਮੁੱਖ ਮੰਤਰੀ ਮੁਫਤੀ ਮੁਹੰਮਦ ਸਾਈਅਤ ਦੇ 7 ਜਨਵਰੀ ਨੂੰ ਦਿਹਾਂਤ ਤੋਂ ਬਾਅਦ ਤਿੰਨ ਮਹੀਨੇ ਸੂਬੇ 'ਚ ਸਿਆਸੀ ਅਨਿਸ਼ਚਿਤਤਾ ਦੀ ਸਥਿਤੀ ਬਣੀ ਰਹੀ। ਪੀ ਡੀ ਪੀ ਨੇ ਆਪਣੇ ਦੋ ਸਾਬਕਾ ਮੰਤਰੀਆਂ ਅਲਤਾਫ ਬੁਖਾਰੀ ਅਤੇ ਜਾਵੇਦ ਮੁਸਤਫਾ ਮੀਰ ਨੂੰ ਨਵੇਂ ਮੰਤਰੀ ਮੰਡਲ 'ਚ ਜਗ੍ਹਾ ਨਹੀਂ ਦਿੱਤੀ ਅਤੇ ਤਿੰਨ ਵਾਰ ਵਿਧਾਇਕ ਰਹੇ ਜਹੂਰ ਮੀਰ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਹੈ। ਭਾਜਪਾ ਨੇ ਸਾਬਕਾ ਕੈਬਨਿਟ ਮੰਤਰੀ ਚੌਧਰੀ ਸੁਖਨੰਦਨ ਦੀ ਥਾਂ ਸ਼ਿਆਮ ਲਾਲ ਚੌਧਰੀ ਨੂੰ ਮੰਤਰੀ ਮੰਡਲ 'ਚ ਸ਼ਾਮਲ ਕੀਤਾ ਹੈ। ਕੈਬਨਿਟ 'ਚ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਵੀ ਸ਼ਾਮਲ ਹਨ। ਕਾਂਗਰਸ ਨੇ ਮਹਿਬੂਬਾ ਮੁਫਤੀ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਨਹੀਂ ਲਿਆ। ਕਾਂਗਰਸ ਨੇ ਕਿਹਾ ਕਿ ਪੀ ਡੀ ਪੀ-ਭਾਜਪਾ ਦਾ ਗੱਠਜੋੜ ਨਾਪਾਕ ਗੱਠਜੋੜ ਹੈ। ਕਾਂਗਰਸ ਦੇ ਮੁੱਖ ਸੂਬਾ ਤਰਜਮਾਨ ਰਵਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਮਹਿਬੂਬਾ ਮੁਫਤੀ ਦੇ ਸਹੁੰ ਚੁੱਕ ਸਮਾਗਮ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ, ਕਿਉਂਕਿ ਇਹ ਗੱਠਜੋੜ ਸ਼ੁਰੂ ਤੋਂ ਨਾਪਾਕ ਹੈ। ਕਾਨੂੰਨ ਦੀ ਗ੍ਰੈਜੂਏਟ ਮਹਿਬੂਬਾ (56) ਨੇ ਆਪਣੇ ਪਿਤਾ ਨਾਲ ਸਾਲ 1996 'ਚ ਕਾਂਗਰਸ ਨਾਲ ਜੁੜ ਕੇ ਮੁੱਖ ਧਾਰਾ ਦੀ ਰਾਜਨੀਤੀ 'ਚ ਕਦਮ ਰੱਖਿਆ ਸੀ, ਜਿਸ ਸਮੇਂ ਅੱਤਵਾਦ ਆਪਣੇ ਸਿਖਰ 'ਤੇ ਸੀ। ਪੀ ਡੀ ਪੀ ਦੇ ਪ੍ਰਸਾਰ ਦਾ ਸਿਹਰਾ ਮਹਿਬੂਬਾ ਨੂੰ ਦਿੱਤਾ ਜਾਂਦਾ ਹੈ। ਕੁਝ ਸਿਆਸੀ ਦਰਸ਼ਕ ਇਹ ਮੰਨਦੇ ਹਨ ਕਿ ਆਮ ਲੋਕਾਂ, ਖਾਸ ਕਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੇ ਮਾਮਲੇ 'ਚ ਮਹਿਬੂਬਾ ਆਪਣੇ ਪਿਤਾ ਤੋਂ ਵੀ ਅੱਗੇ ਨਿਕਲ ਗਈ। ਉਨ੍ਹਾ 'ਤੇ ਨਰਮ-ਵੱਖਵਾਦੀ ਕਾਰਡ ਖੇਡਣ ਦਾ ਵੀ ਦੋਸ਼ ਲੱਗਦਾ ਰਿਹਾ ਹੈ। ਪੀ ਡੀ ਪੀ ਨੇ ਆਪਣੀ ਪਾਰਟੀ ਦੇ ਝੰਡੇ ਲਈ ਹਰੇ ਰੰਗ ਦੀ ਚੋਣ ਕੀਤੀ ਅਤੇ ਆਪਣੇ ਚੋਣ ਨਿਸ਼ਾਨ ਦੇ ਰੂਪ ਵਿੱਚ ਉਸ ਨੇ ਸਾਲ 1987 ਦੇ ਮੁਸਲਿਮ ਯੂਨਾਈਟਿਡ ਫਰੰਟ ਦੇ ਕਲਮ-ਦਵਾਤ ਨੂੰ ਹੀ ਚੁਣਿਆ।