Latest News
ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਦਾ ਹੱਲ ਕੇਂਦਰ ਕੋਲ : ਬਾਦਲ

Published on 05 Apr, 2016 11:48 AM.


ਲੰਬੀ/ਮਲੋਟ
(ਮਿੰਟੂ ਗੁਰੂਸਰੀਆ)
ਨਾਮਧਾਰੀ ਸੰਪਰਦਾਇ ਨਾਲ ਸੰਬੰਧਤ ਮਾਤਾ ਚੰਦ ਕੌਰ ਦੇ ਕਤਲ 'ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਇਸ ਕਤਲ ਦੀ ਜਾਂਚ ਦੇ ਸੁਆਲ 'ਤੇ ਉਨ੍ਹਾਂ ਅਜੀਬ ਜਿਹੀ ਟਿੱਪਣੀ ਕਰਦਿਆਂ ਕਿਹਾ, 'ਜਾਂਚ ਹੁਣ ਮੈਂ ਤਾਂ ਕਰਨੀ ਨਹੀਂ'। ਲੰਬੀ ਹਲਕੇ ਦੇ ਦੌਰੇ ਦੇ ਦੁਜੇ ਦਿਨ ਅੱਜ ਜਦੋਂ ਉਹ ਜੱਥੇਦਾਰ ਦਿਆਲ ਸਿੰਘ ਦੀ ਢਾਣੀ (ਬਹਿਕ) 'ਤੇ ਪੱਤਰਕਾਰਾਂ ਨੂੰ ਮੁਖ਼ਾਤਬ ਹੋਏ ਤਾਂ ਮਾਤਾ ਚੰਦ ਕੌਰ ਦੇ ਕਤਲ 'ਤੇ ਉਨ੍ਹਾਂ ਅਫ਼ਸੋਸ ਦਾ ਪ੍ਰਗਟਾਵਾ ਕੀਤਾ। ਇੱਕ ਪੱਤਰਕਾਰ ਨੇ ਵਿਗੜ ਰਹੀ ਕਾਨੂੰਨ ਵਿਵਸਥਾ ਦਾ ਸੁਆਲ ਕਰਕੇ ਜਦੋਂ ਇਸ ਕਤਲ ਦੀ ਜਾਂਚ ਬਾਰੇ ਪੁੱਛਿਆ ਤਾਂ ਉਨ੍ਹਾਂ ਅੱਗਿਓਂ ਕਿਹਾ, 'ਜਾਂਚ ਹੁਣ ਮੈਂ ਤਾਂ ਕਰਨੀ ਨਹੀਂ, ਮੈਂ ਹੁਣੇ ਉੱਥੇ ਜਾ ਰਿਹਾ ਹਾਂ, ਪੁਲਸ ਕਮਿਸ਼ਨਰ ਨਾਲ ਗ਼ੱਲ ਹੋਈ ਹੈ, ਜੋ ਹੋਇਆ ਬਹੁਤ ਮਾੜਾ ਹੋਇਆ।' ਕਿਸਾਨ ਖ਼ੁਦਕੁਸ਼ੀਆਂ ਨਾ ਰੁਕਣ ਦਾ ਕਾਰਨ ਪੁੱਛਣ 'ਤੇ ਸ੍ਰੀ ਬਾਦਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਮਝਣ ਦੀ ਕੋਸ਼ਿਸ਼ ਕਰੋ, ਇਸ ਦਾ ਮੂਲ ਕਾਰਨ ਵਾਜਬ ਭਾਅ ਨਾ ਮਿਲਣੇ ਹਨ, ਜਿਸ ਕਾਰਨ ਆਮਦਨ ਅਤੇ ਲਾਗਤ ਦਰਮਿਆਨ ਪਾੜਾ ਵਧ ਗਿਆ, ਅਸੀਂ ਕਰਜ਼ ਨਿਬੇੜਾ ਬਿੱਲ ਵੀ ਲੈ ਆਂਦਾ ਹੈ, ਰਾਜ ਸਰਕਾਰ ਜੋ ਕਰ ਸਕਦੀ ਸੀ ਕੀਤਾ, ਇਹ ਕੇਂਦਰੀ ਨੀਤੀਆਂ ਨਾਲ ਜੁੜਿਆ ਮਸਲਾ ਹੈ। ਕਿਸਾਨੀ ਨਾਲ ਜੁੜੇ ਇੱਕ ਹੋਰ ਮੁੱਦੇ 'ਤੇ ਜਦੋਂ ਮੁੱਖ ਮੰਤਰੀ ਨੂੰ ਸੁਆਲ ਕੀਤਾ ਕਿ ਤੁਸੀਂ ਛੋਟੇ ਕਿਸਾਨਾਂ ਲਈ ਕੁਨੈਕਸ਼ਨ ਖੋਲ੍ਹੇ ਹਨ, ਪਰ ਕਿਸਾਨਾਂ ਨੂੰ ਕੁਨੈਕਸ਼ਨ ਲਵਾਉਣ ਲਈ ਲੱਖ ਰੁਪਏ ਦੇ ਕਰੀਬ ਦਾ ਸਾਮਾਨ ਪੱਲਿਓਂ ਖ਼ਰੀਦਣਾ ਪੈ ਰਿਹਾ ਹੈ, ਅਜਿਹੇ 'ਚ ਕੀ ਇਹ ਸਕੀਮ ਛੋਟੇ ਕਿਸਾਨਾਂ ਲਈ ਰਹਿ ਜਾਂਦੀ ਹੈ? ਤਾਂ ਇਸ 'ਤੇ ਸ੍ਰੀ ਬਾਦਲ ਏਨਾ ਹੀ ਕਹਿ ਸਕੇ, 'ਵੇਖੋ ਜੀ ਸਾਮਾਨ ਤਾਂ ਹੁਣ ਉਨ੍ਹਾਂ ਨੂੰ ਆਪ ਹੀ ਖ਼ਰੀਦਣਾ ਪਊ, ਅਸੀਂ ਤਾਂ ਕੁਨੈਕਸ਼ਨ ਖੁੱਲ੍ਹੇ ਕਰ'ਤੇ।' ਸੁਪਰੀਮ ਕੋਰਟ ਵਿੱਚ ਰਾਜਸਥਾਨ, ਹਿਮਾਚਲ, ਜੰਮੂ-ਕਸ਼ਮੀਰ ਅਤੇ ਦਿੱਲੀ ਵੱਲੋਂ ਹਰਿਆਣੇ ਦੇ ਹੱਕ 'ਚ ਖੜ ਜਾਣ 'ਤੇ ਉਨ੍ਹਾਂ ਕਿਹਾ, 'ਰਾਜਸਥਾਨ ਤਾਂ ਮੁਖ਼ਤੋ-ਮੁਖ਼ਤ ਪਾਣੀ ਲਿਜਾ ਰਿਹਾ ਹੈ, ਉਹ ਤਾਂ ਹਰਿਆਣੇ ਨਾਲ ਖੜੇਗਾ ਹੀ, ਪਰ ਇਸ ਨਾਲ ਸਾਡੀ ਲੜਾਈ 'ਚ ਕੋਈ ਫ਼ਰਕ ਨਹੀਂ ਪੈਣਾ, ਕਿਉਂਕਿ ਪੰਜਾਬ ਕੋਲ ਦੇਣ ਲਈ ਪਾਣੀ ਹੈ ਹੀ ਨਹੀਂ, ਬਾਕੀ ਪਾਣੀ 'ਤੇ ਸਿਰਫ਼ ਪੰਜਾਬ ਦਾ ਹੱਕ, ਜਿਵੇਂ ਰਾਜਸਥਾਨ 'ਚੋਂ ਨਿਕਲਦੇ ਮਾਰਬਲ 'ਤੇ ਉਨ੍ਹਾਂ ਦਾ।' ਨਿੱਜੀ ਸਕੂਲਾਂ ਵੱਲੋਂ ਕੀਤੀ ਜਾ ਰਹੀ ਆਰਥਿਕ ਲੁੱਟ 'ਤੇ ਸ੍ਰੀ ਬਾਦਲ ਨੇ ਕਿਹਾ ਕਿ ਅਸੀਂ ਇਸ ਦੀ ਪੜਤਾਲ ਕਰਾਵਾਂਗੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਕਾਰ ਆਉਣ 'ਤੇ ਜੇਲ੍ਹਾਂ 'ਚ ਸੁੱਟਣ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇਣੀ ਉਹਦੀ ਆਦਤ ਹੈ। ਮੁੱਖ ਮੰਤਰੀ ਨੇ ਅੱਜ ਲਗਾਤਾਰ ਦੂਜੇ ਦਿਨ ਲੰਬੀ ਹਲਕੇ ਦੇ ਪਿੰਡ ਕਬਰਵਾਲਾ, ਕੱਟਿਆਂਵਾਲੀ, ਪੱਕੀ ਟਿੱਬੀ, ਗੁਰੂਸਰ ਯੋਧਾ, ਡੱਬਵਾਲੀ ਢਾਬ, ਸ਼ਾਮ ਖੇੜਾ ਵਿੱਚ ਸੰਗਤ ਦਰਸ਼ਨ ਕੀਤੇ। ਆਪਣੇ ਹਲਕੇ ਦੇ ਲੋਕਾਂ 'ਤੇ ਖਾਸ ਤੌਰ 'ਤੇ ਦਿਆਲ ਹੋਏ ਪ੍ਰਕਾਸ਼ ਸਿੰਘ ਬਾਦਲ ਵਾਰ-ਵਾਰ ਪੰਚਾਇਤਾਂ ਨੂੰ ਕਹਿ ਰਹੇ ਸੀ, ਜਿੰਨਾਂ ਮੈਂ ਸੋਚ ਕੇ ਆਇਆ ਸੀ, ਉਨਾਂ ਤੁਸੀਂ ਮੰਗ ਨਹੀਂ ਰਹੇ। ਸ੍ਰੀ ਬਾਦਲ ਨੇ ਕੀਤੇ ਕੰਮਾਂ ਦਾ ਹਵਾਲਾ ਦੇ ਕੇ ਅਕਾਲੀ ਦਲ ਦੇ ਹੱਕ 'ਚ ਪਹਿਰਾ ਦੇਣ ਦੀ ਅਪੀਲ ਵੀ ਕੀਤੀ ਤੇ ਪਹਿਲਾਂ ਦਿੱਤੇ ਸਾਥ ਲਈ ਧੰਨਵਾਦ ਕੀਤਾ।

872 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper