ਸਲੇਟੀ ਰੰਗ ਦੀ ਕਾਰ 'ਚ ਘੁੰਮ ਰਹੇ ਹਨ ਅੱਤਵਾਦੀ

ਚੰਡੀਗੜ੍ਹ (ਨ ਜ਼ ਸ)
ਪੰਜਾਬ ਪੁਲਸ ਨੇ ਸੂਬੇ 'ਚ ਇੱਕ ਚੇਤਾਵਨੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇੱਕ ਸਲੇਟੀ (ਗਰੇਅ) ਰੰਗ ਦੀ ਕਾਰ 'ਚ ਤਿੰਨ ਅੱਤਵਾਦੀ ਘੁੰਮ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਤਿੰਨ ਅੱਤਵਾਦੀ ਤਿੰਨ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਦਿੱਲੀ, ਗੋਆ ਅਤੇ ਮੁੰਬਈ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਪੁਲਸ ਵੱਲੋਂ ਜਾਰੀ ਕੀਤੇ ਗਏ ਅਲਰਟ ਅਨੁਸਾਰ ਸਲੇਟੀ ਰੰਗ ਦੀ ਇੱਕ ਸਵਿਫਟ ਡਿਜ਼ਾਇਰ ਕਾਰ 'ਚ ਤਿੰਨ ਪਾਕਿਸਤਾਨੀ ਅੱਤਵਾਦੀ ਅਤੇ ਇੱਕ ਪੰਜਾਬ ਦਾ ਸਥਾਨਕ ਨਾਗਰਿਕ ਹੈ, ਜਿਨ੍ਹਾਂ ਕੋਲ ਆਤਮਘਾਤੀ ਬੈਲਟ ਹੋਣ ਦਾ ਵੀ ਸ਼ੱਕ ਹੈ। ਇਸ ਪ੍ਰਕਾਰ ਦੀ ਚੇਤਾਵਨੀ ਪੁਲਸ ਨੇ ਪੂਰੇ ਸੂਬੇ ਦੀ ਪੁਲਸ ਨੂੰ ਭੇਜ ਦਿੱਤੀ ਹੈ। ਕਿਹਾ ਜਾ ਰਿਹਾ ਕਿ ਇਹ ਅਲਰਟ ਦਿੱਲੀ ਪੁਲਸ ਦੀ ਸੂਚਨਾ ਦੇ ਅਧਾਰ 'ਤੇ ਭੇਜਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਨੋਟ ਵਿੱਚ ਇਸ ਕਾਰ ਦਾ ਨੰਬਰ ਜੇ ਕੇ 01 ਏ ਬੀ 2654 ਹੈ ਅਤੇ ਇਸ ਕਾਰ ਦੀ ਵਰਤੋਂ ਦਿੱਲੀ, ਗੋਆ ਅਤੇ ਮੁੰਬਈ 'ਚ ਹਮਲੇ ਲਈ ਕੀਤੀ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਅੱਤਵਾਦੀ ਜੰਮੂ-ਕਸ਼ਮੀਰ 'ਚ ਬਨਿਹਾਲ ਸੁਰੰਗ ਤੋਂ ਹੋ ਕੇ ਬੁੱਧਵਾਰ ਰਾਤ ਨਿਕਲ ਸਕਦੇ ਹਨ।
ਪੁਲਸ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਹਰ ਜ਼ਰੂਰੀ ਜਗ੍ਹਾ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਚੁਸਤ-ਦਰੁੱਸਤ ਰੱਖਣ।
ਵਰਨਣਯੋਗ ਹੈ ਕਿ ਹਾਲ ਹੀ 'ਚ ਪਾਕਿਸਤਾਨ ਦੀ ਇੱਕ ਜਾਂਚ ਟੀਮ ਪਠਾਨਕੋਟ 'ਚ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ 'ਚ ਭਾਰਤ ਆਈ ਸੀ। ਰਿਪੋਰਟ ਮੁਤਾਬਕ ਪਾਕਿਸਤਾਨ ਜਾ ਕੇ ਜਾਂਚ ਟੀਮ ਨੇ ਸਾਫ ਕਿਹਾ ਹੈ ਕਿ ਭਾਰਤ ਪਠਾਨਕੋਟ ਅੱਤਵਾਦੀ ਹਮਲੇ ਬਾਰੇ ਪਾਕਿਸਾਤਨੀ ਅੱਤਵਾਦੀਆਂ ਦੀ ਸ਼ਮੂਲੀਅਤ ਬਾਰੇ ਪੁਖਤਾ ਸਬੂਤ ਦੇਣ 'ਚ ਨਾਕਾਮ ਰਿਹਾ ਹੈ। ਦੂਸਰੇ ਪਾਸੇ 2 ਜਨਵਰੀ ਨੂੰ ਪਠਾਨਕੋਟ ਹਵਾਈ ਅੱਡੇ 'ਤੇ ਹੋਏ ਅੱਤਵਾਦੀ ਹਮਲੇ ਦੇ ਸਿਲਸਿਲੇ 'ਚ ਭਾਰਤ ਨੇ ਸਪੱਸ਼ਟ ਕਿਹਾ ਹੈ ਕਿ ਇਹ ਹਮਲਾ ਪਾਕਿਸਤਾਨ ਵਾਲੇ ਪਾਸਿਓਂ ਆਏ ਆਤਮਘਾਤੀ ਹਮਲਾਵਰਾਂ ਨੇ ਕੀਤਾ ਹੈ।