ਨਸ਼ਾ ਤਸਕਰੀ ਦੇ ਸੰਬੰਧ 'ਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡੀ ਜੀ ਪੀ


ਸ਼ਾਹਕੋਟ (ਗਿਆਨ ਸੈਦਪੁਰੀ)-ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਸ ਸੁਰੇਸ਼ ਅਰੋੜਾ ਨੇ ਪੁਲਸ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਤਸਕਰੀ ਦੇ ਮਾਮਲੇ ਵਿਚ ਕਿਸੇ ਵੀ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਡੀ ਜੀ ਪੀ ਪਿੰਡ ਮਲਸੀਆਂ ਵਿਖੇ ਪੁਲਸ-ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅੱਤਵਾਦ ਦੇ ਸਮੇਂ ਦੌਰਾਨ ਅੱਤਵਾਦ ਨੂੰ ਠੱਲ੍ਹਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ। ਨਸ਼ਿਆਂ ਦੇ ਦੌਰ ਦੀ ਪੰਜਾਬ ਅੰਦਰ ਚੱਲ ਰਹੀ ਚਰਚਾ ਦੇ ਸੰਦਰਭ 'ਚ ਇਨ੍ਹਾਂ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਵਿਚ ਮਾਪੇ ਤੇ ਅਧਿਆਪਕ ਵੀ ਆਪਣੀ ਬਣਦੀ ਜ਼ਿੰਮੇਵਾਰੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਾ ਵਰਤਣ। ਉਨ੍ਹਾਂ ਕਾਨੂੰਨ ਨੂੰ ਵੇਚਣ ਵਾਲੇ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਵਿਓਪਾਰ ਕਰਨ ਵਾਲੇ 112 ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਸ਼ਾ ਤਸਕਰਾਂ ਦੇ ਭਵਿੱਖ ਦੀ ਗੱਲ ਕਰਦਿਆਂ ਡੀ ਜੀ ਪੀ ਨੇ ਕਿਹਾ ਕਿ ਇਸ ਕਾਰੋਬਾਰ ਵਿਚ ਪਿਆ ਕੋਈ ਵੀ ਵਿਅਕਤੀ ਬਹੁਤਾ ਸਮਾਂ ਸੁਖਾਵੀਂ ਜ਼ਿੰਦਗੀ ਨਹੀਂ ਮਾਣ ਸਕਦਾ। ਨਜਾਇਜ਼ ਧੰਦੇ ਤੋਂ ਕਮਾਈ ਗਈ ਕਰੋੜਾਂ ਦੀ ਜਾਇਦਾਦ ਵੀ ਆਖਰ ਜ਼ਬਤ ਹੋ ਜਾਂਦੀ ਹੈ।
ਪੰਜਾਬ ਪੁਲਸ ਦੀ ਘਟੀ ਹੋਈ ਨਫਰੀ ਦੇ ਸੰਬੰਧ 'ਚ ਬੋਲਦੇ ਉਨ੍ਹਾਂ ਕਿਹਾ ਕਿ ਜਲਦੀ ਹੀ 2000 ਲੜਕੀਆਂ 'ਤੇ 4000 ਹਜ਼ਾਰ ਲੜਕੇ ਭਰਤੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੂੰ ਹੋਰ ਚੁਸਤ ਤੇ ਦਰੁੱਸਤ ਕਰਨ ਲਈ ਉਨ੍ਹਾਂ ਨੂੰ 107 ਕਰੋੜ ਰੁਪਿਆ ਸਰਕਾਰ ਵੱਲੋਂ ਦਿੱਤਾ ਗਿਆ ਹੈ।
ਇਸ ਰਾਸ਼ੀ ਨਾਲ ਵਧੀਆ ਮੋਟਰਸਾਈਕਲ, ਹਥਿਆਰ ਅਤੇ ਗੱਡੀਆ ਮੁਹੱਈਆ ਕਰਵਾਈਆਂ ਜਾਣਗੀਆਂ।
ਸੜਕੀ ਦੁਰਘਟਾਨਵਾਂ ਨੂੰ ਰੋਕਣ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਜਲਦ ਹੀ ਹਰ ਥਾਣੇ ਤੇ ਚੌਂਕੀ 'ਚ ਐਲਕੋਹਲ ਮੀਟਰ ਦਿੱਤੇ ਜਾ ਰਹੇ ਹਨ, ਜਿਸ ਨਾਲ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਵਾਲਿਆਂ ਦਾ ਪਤਾ ਲੱਗ ਜਾਇਆ ਕਰੇਗਾ। ਪ੍ਰਵਾਸੀ ਭਾਰਤੀਆਂ ਵੱਲੋਂ ਰੱਖੇ ਹੋਏ ਹਥਿਆਰਾਂ ਦੇ ਸੰਬੰਧ 'ਚ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਜ਼ਰੂਰ ਨਜ਼ਰਸਾਨੀ ਕਰਨਗੇ।
ਉਨ੍ਹਾਂ ਪੁਲਸ ਤੇ ਆਮ ਲੋਕਾਂ ਦੀ ਨੇੜਤਾ ਵਧਾਉਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਸ ਦੇ ਪੁਰਾਣੇ ਦਸਤਾਵੇਜ਼ਾਂ ਵਿਚ ਵੀ ਦਰਜ ਹੈ ਕਿ ਪੁਲਸ ਆਮ ਲੋਕਾਂ ਦੀ ਸੇਵਾਦਾਰ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਵਿਚੋਂ ਹਨ ਤੇ ਸਮਾਜ ਵਿਚ ਕਿਸੇ ਵੀ ਕਿਸਮ ਦੀ ਘਟਨਾ ਦੀ ਜਾ ਕਿਸੇ ਬੇਇਨਸਾਫੀ ਦੀ ਉਨ੍ਹਾਂ ਨੂੰ ਕੋਈ ਵੀ ਬਿਨਾਂ ਝਿਜਕ ਸੂਚਨਾ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਮੁਕੰਮਲ ਖਾਤਮੇ ਲਈ ਕਾਨੂੰਨ ਨੂੰ ਵੀ ਸਖ਼ਤ ਕੀਤਾ ਜਾ ਰਿਹਾ ਹੈ। ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅੱਤਵਾਦ ਉਠਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੀ ਮਦਦ ਕਰਨ ਵਿਚ ਜੇਕਰ ਉਨ੍ਹਾਂ ਦੇ ਵਿਭਾਗ ਦੇ ਕਿਸੇ ਮੁਲਾਜ਼ਮ ਜਾਂ ਅਧਿਕਾਰੀ ਦੀ ਭੂਮਿਕਾ ਉਨ੍ਹਾਂ ਦੇ ਧਿਆਨ 'ਚ ਲਿਆਂਦੀ ਗਈ ਤਾਂ ਉਨ੍ਹਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀ ਜੀ ਪੀ ਨੇ ਪੰਜਾਬ ਅੰਦਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਮੰਤਵ ਬਾਰੇ ਦੱਸਦੇ ਕਿਹਾ ਕਿ ਲੋਕ ਸਮੱਸਿਆਵਾਂ ਨੂੰ ਹੇਠਲੀ ਪੱਧਰ ਤੋਂ ਜਾਨਣ ਲਈ ਅਤੇ ਪੁਲਸ ਦੇ ਆਮ ਲੋਕਾਂ ਨਾਲ ਸੰਬੰਧਾਂ ਬਾਰੇ ਜਾਣਕਾਰੀ ਹਾਸਿਲ ਕਰਕੇ ਉਨ੍ਹਾਂ ਦੇ ਢੁੱਕਵੇਂ ਹੱਲ ਵਾਸਤੇ ਹੀ ਪੰਜਾਬ ਅੰਦਰ ਇਸ ਪ੍ਰਕਾਰ ਦੀਆਂ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਮੀਟਿੰਗ ਦੇ ਸ਼ੁਰੂ 'ਚ ਇਲਾਕਾ ਵਾਸੀਆਂ ਦੇ ਵਿਚਾਰ ਵੀ ਲਏ ਗਏ। ਸੁਝਾਅ 'ਤੇ ਵਿਚਾਰ ਪੇਸ਼ ਕਰਨ ਵਾਲਿਆਂ ਨੇ ਨਸ਼ੇ ਦੀ ਗੱਲ ਕਰਦਿਆਂ ਕਿਹਾ ਕਿ ਜਿੰਨਾ ਨਸ਼ੇ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ, ਅਸਲੀਅਤ ਵਿਚ ਅਜਿਹਾ ਕੁਝ ਵੀ ਨਹੀਂ ਹੈ। ਸੁਝਾਅ ਦੇਣ ਵਾਲਿਆਂ 'ਚ ਅਕਾਲੀ ਆਗੂ ਸਾਧੂ ਰਾਮ, ਨਰਿੰਦਰ ਸਿੰਘ ਨੀਟਾ, ਕੇਵਲ ਸਿੰਘ ਰੂਪੇਵਾਲੀ, ਡਾ. ਵਿਲੀਅਮ ਜੌਨ, ਰਣਜੀਤ ਕੌਰ ਅਤੇ ਸਰਪੰਚ ਚਮਨ ਲਾਲ ਸ਼ਾਮਲ ਸਨ। ਇਸ ਮੌਕੇ ਆਈ ਜੀ, ਡੀ ਆਈ ਜੀ, ਐੱਸ ਐੱਸ ਪੀ ਜਲੰਧਰ (ਦਿਹਾਤੀ) ਅਤੇ ਪੁਲਸ ਦੇ ਕਈ ਹੋਰ ਆਲ੍ਹਾ ਅਫਸਰ ਹਾਜ਼ਰ ਸਨ। ਇਸ ਤੋਂ ਬਾਅਦ ਇਸੇ ਪ੍ਰਕਾਰ ਦੀ ਮੀਟਿੰਗ ਡੀ ਜੀ ਪੀ ਵੱਲੋਂ ਪਿੰਡ ਬਾਊਪੁਰ ਵਿਖੇ ਵੀ ਕੀਤੀ ਗਈ।