ਮਾਲਿਆ ਨੇ ਤੀਸਰੀ ਵਾਰ ਵੀ ਟਿੱਚ ਜਾਣਿਆ ਈ ਡੀ ਨੂੰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਰੋੜਾਂ ਦੇ ਕਰਜ਼ੇ ਦੇ ਡਿਫਾਲਟਰ ਵਿਜੇ ਮਾਲਿਆ ਨੇ ਇੱਕ ਵਾਰੀ ਫੇਰ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਸਾਹਮਣੇ ਪੇਸ਼ ਹੋਣ ਤੋਂ ਟਾਲਾ ਵੱਟਿਆ ਹੈ। ਮਾਲਿਆ ਨੇ ਸ਼ਨੀਵਾਰ ਨੂੰ ਈ ਡੀ ਸਾਹਮਣੇ ਪੇਸ਼ ਹੋਣਾ ਸੀ। ਇਹ ਤੀਜਾ ਮੌਕਾ ਹੈ, ਜਦੋਂ ਮਾਲਿਆ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਈ ਡੀ ਸਾਹਮਣੇ ਪੇਸ਼ ਨਹੀਂ ਹੋਇਆ ਹੈ। ਸ਼ਰਾਬ ਕਾਰੋਬਾਰੀ ਨੇ ਈ ਡੀ ਸਾਹਮਣੇ ਪੇਸ਼ ਹੋਣ ਲਈ ਮਈ ਤੱਕ ਦਾ ਸਮਾਂ ਮੰਗਿਆ ਹੈ। ਮਾਲਿਆ ਨੂੰ ਈ ਡੀ ਨੇ ਆਈ ਡੀ ਬੀ ਆਈ ਬੈਂਕ ਤੋਂ 900 ਕਰੋੜ ਦੇ ਕਰਜ਼ੇ 'ਚ ਧੋਖਾਧੜੀ ਕਰਨ ਦੇ ਮਾਮਲੇ 'ਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।
ਈ ਡੀ ਦੇ ਅਧਿਕਾਰੀਆਂ ਨੇ ਇਸ ਤੋਂ ਪਹਿਲਾਂ ਸੰਕੇਤ ਦਿੱਤਾ ਸੀ ਕਿ ਮਾਲਿਆ ਨੂੰ 9 ਅਪ੍ਰੈਲ ਨੂੰ ਸੰਮਨ ਕੀਤਾ ਜਾਣਾ ਹੈ, ਇਹ ਉਸ ਲਈ ਆਖਰੀ ਮੌਕਾ ਹੋਵੇਗਾ। ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ ਸੰਬੰਧੀ ਐਕਟ ਤਹਿਤ ਕਿਸੇ ਵਿਅਕਤੀ ਨੂੰ ਕੇਵਲ ਤਿੰਨ ਵਾਰੀ ਹੀ ਸੰਮਨ ਜਾਰੀ ਕੀਤਾ ਜਾ ਸਕਦਾ ਹੈ। ਹੁਣ ਏਜੰਸੀ ਇਸ ਐਕਟ ਤਹਿਤ ਅਗਲੇਰੀ ਕਾਰਵਾਈ ਕਰ ਸਕਦੀ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਉਸ ਦੀ ਪਟੀਸ਼ਨ ਨੂੰ ਤਕਨੀਕੀ ਅਤੇ ਕਾਨੂੰਨੀ ਦੋਹਾਂ ਪੱਧਰਾਂ 'ਤੇ ਉਸ ਦੀ ਪੇਸ਼ੀ ਨੂੰ ਅੱਗੇ ਪਾਏ ਜਾਣ ਦੀ ਗੱਲ ਮੰਨ ਲਈ ਸੀ।
ਈ ਡੀ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾ ਦਾ ਅਗਲਾ ਕਦਮ ਕੀ ਹੋਵੇਗਾ। ਈ ਡੀ ਵੱਲੋਂ ਹੁਣ ਮਾਲਿਆ ਦਾ ਪਾਸਪੋਰਟ ਰੱਦ ਕਰਵਾਇਆ ਜਾ ਸਕਦਾ ਹੈ ਜਾਂ ਉਸ ਵਿਰੁੱਧ ਗ਼ੈਰ ਜ਼ਮਾਨਤੀ ਵਰੰਟ ਹਾਸਲ ਕੀਤੇ ਜਾ ਸਕਦੇ ਹਨ। ਸੀ ਬੀ ਆਈ ਵਲੋਂ ਪਿਛਲੇ ਸਾਲ ਦਰਜ ਕੀਤੀ ਗਈ ਐਫ਼ ਆਈ ਆਰ ਦੇ ਅਧਾਰ 'ਤੇ ਈ ਡੀ ਮਾਲਿਆ ਅਤੇ ਹੋਰਨਾਂ ਵਿਰੁੱਧ ਮਨੀ ਲਾਂਡਰਿੰਗ ਤਹਿਤ ਕੇਸ ਦਰਜ ਕੀਤਾ ਸੀ। ਈ ਡੀ ਵੱਲੋਂ ਕਿੰਗਫਿਸ਼ਰ ਏਅਰਲਾਈਨਜ਼ ਦੇ ਵਿੱਤੀ ਢਾਂਚੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਏਜੰਸੀ ਨੇ ਪਿਛਲੇ ਹਫ਼ਤੇ ਹੀ ਮਾਲਿਆ ਨੂੰ ਤੀਜੀ ਵਾਰੀ ਸੰਮਨ ਜਾਰੀ ਕਰਕੇ 9 ਅਪ੍ਰੈਲ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਸਤਾਰਾਂ ਬੈਂਕਾਂ ਤੋਂ 9 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਵਾਲੇ ਮਾਲਿਆ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇਸ ਵੇਲੇ ਲੰਡਨ 'ਚ ਹੈ। ਈ ਡੀ ਨੇ ਮਾਲਿਆ ਨੂੰ ਪਹਿਲੀ ਵਾਰੀ ਸੰਮਨ ਜਾਰੀ ਕਰਕੇ 18 ਮਾਰਚ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ।