ਇੱਕ ਤਜਰਬਾ ਇਹ ਵੀ ਕੀਤਾ ਜਾ ਸਕਦਾ ਹੈ!


ਕਾਂਗਰਸ ਪਾਰਟੀ ਨੇ ਅੱਜ ਆਪਣੇ ਸਾਬਕਾ ਪਾਰਲੀਮੈਂਟ ਮੈਂਬਰ ਜਗਮੀਤ ਸਿੰਘ ਬਰਾੜ ਨੂੰ ਫਿਰ ਬਾਹਰ ਕਰ ਦਿੱਤਾ ਹੈ। ਉਹ ਪਹਿਲਾਂ ਵੀ ਆਉਣ-ਜਾਣ ਦੀ ਰਾਜਨੀਤੀ ਕਰਦਾ ਰਿਹਾ ਹੈ। ਕੱਲ੍ਹ ਉਸ ਨੇ ਆਪਣੀ ਪਾਰਟੀ ਦੀ ਲੀਡਰਸ਼ਿਪ ਨੂੰ ਜਿਸ ਤਰ੍ਹਾਂ ਦੀ ਚੁਣੌਤੀ ਦਿੱਤੀ ਸੀ, ਉਸ ਦੇ ਬਾਅਦ ਇਸ ਤਰ੍ਹਾਂ ਦੀ ਖਬਰ ਕਿਸੇ ਵੀ ਵੇਲੇ ਆ ਜਾਣ ਦੀ ਆਸ ਕੀਤੀ ਜਾ ਰਹੀ ਸੀ ਤੇ ਆ ਗਈ ਹੈ। ਉਹ ਖੁਦ ਵੀ ਮਾਨਸਿਕ ਤੌਰ ਉੱਤੇ ਤਿਆਰ ਹੋਵੇਗਾ।
ਕੁਝ ਲੋਕ ਇਸ ਤਰ੍ਹਾਂ ਦੀ ਖਬਰ ਨੂੰ ਸਿਰਫ ਜਗਮੀਤ ਸਿੰਘ ਬਰਾੜ ਦੇ ਪਿਛੋਕੜ ਵਿੱਚ ਵੇਖਣ ਦੀ ਕੋਸਿਸ਼ ਕਰ ਸਕਦੇ ਹਨ। ਇੱਕ ਸਮੇਂ ਉਹ ਯੂਥ ਅਕਾਲੀ ਦਲ ਦਾ ਵਰਕਰ ਹੁੰਦਾ ਸੀ ਤੇ ਉਸ ਦੇ ਪਿਤਾ ਜੀ ਅਕਾਲੀ ਦਲ ਵੱਲੋਂ ਪੰਜਾਬ ਦੇ ਮੰਤਰੀ ਸਨ। ਫਿਰ ਅਕਾਲੀ ਲੀਡਰਸ਼ਿਪ ਨਾਲ ਟਕਰਾਅ ਕਾਰਨ ਪਾਰਟੀ ਛੱਡ ਗਿਆ। ਕਾਂਗਰਸ ਲੀਡਰਸ਼ਿਪ ਨੇ ਉਸ ਦਾ ਸਵਾਗਤ ਕੀਤਾ ਤੇ ਕਈ ਅਹੁਦਿਆਂ ਨਾਲ ਨਵਾਜਿਆ, ਪਰ ਨਾਲ ਇਹ ਗੱਲ ਕਈ ਵਾਰੀ ਚੱਲਦੀ ਰਹੀ ਕਿ ਇਹ ਆਦਮੀ ਬਾਹਰ ਦੇ ਲੋਕਾਂ ਦੀ ਥਾਂ ਆਪਣੀ ਪਾਰਟੀ ਅੰਦਰ ਲੜਾਈ ਲੜਨ ਦਾ ਸ਼ੌਕੀਨ ਵੱਧ ਹੈ। ਜਦੋਂ ਬੇਅੰਤ ਸਿੰਘ ਸਰਕਾਰ ਦੇ ਵਕਤ ਉਸ ਨੇ ਪਾਣੀ ਦੇ ਮੁੱਦੇ ਉੱਤੇ ਮੋਗੇ ਵਿੱਚ ਓਸੇ ਰੈਲੀ ਕੀਤੀ ਅਤੇ ਓਸੇ ਪ੍ਰਕਾਸ਼ ਸਿੰਘ ਬਾਦਲ ਨਾਲ ਹੱਥ ਮਿਲਾਇਆ, ਜਿਸ ਕਾਰਨ ਕਦੇ ਅਕਾਲੀ ਦਲ ਛੱਡਿਆ ਸੀ ਤਾਂ ਲੋਕ ਸਮਝ ਗਏ ਕਿ ਬਹੁਤਾ ਚਿਰ ਇਹ ਕਾਂਗਰਸ ਵਿੱਚ ਨਹੀਂ ਰਹੇਗਾ। ਉਹ ਛੇਤੀ ਹੀ ਪਾਰਟੀ ਛੱਡ ਗਿਆ ਸੀ।
ਇਸ ਦੇ ਬਾਅਦ ਕਦੀ ਤਿਵਾੜੀ ਕਾਂਗਰਸ ਬਣਾ ਕੇ ਕਾਂਗਰਸ ਦੇ ਵਿਰੁੱਧ ਲੜਿਆ, ਕਦੀ ਕਾਂਗਰਸ ਦੇ ਵੱਲ ਮੁੜ ਆਇਆ ਤੇ ਪਾਰਟੀ ਹਾਈ ਕਮਾਨ ਨੇ ਪੰਜਾਬੋਂ ਬਾਹਰ ਦੀਆਂ ਡਿਊਟੀਆਂ ਦੇ ਦਿੱਤੀਆਂ ਤੇ ਕਦੀ ਲੋਕ ਸਭਾ ਚੋਣਾਂ ਪਿੱਛੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਚੁਣੌਤੀ ਦੇ ਕੇ ਭਾਜਪਾ ਨੂੰ ਸੈਨਤਾਂ ਮਾਰਨ ਲੱਗ ਪਿਆ। ਕਾਂਗਰਸ ਪਾਰਟੀ ਵੀ ਕਮਾਲ ਹੈ ਕਿ ਉਸ ਨੂੰ ਫਿਰ ਵਾਪਸ ਲੈ ਲੈਂਦੀ ਰਹੀ। ਹੁਣ ਜਦੋਂ ਕਾਂਗਰਸ ਪਾਰਟੀ ਵਿਧਾਨ ਸਭਾ ਚੋਣ ਲਈ ਸਾਰਾ ਜ਼ੋਰ ਲਾ ਰਹੀ ਹੈ, ਜਗਮੀਤ ਸਿੰਘ ਬਰਾੜ ਨੇ ਫਿਰ ਪਾਰਟੀ ਦੇ ਸੂਬਾ ਪ੍ਰਧਾਨ ਦੇ ਮੁਕਾਬਲੇ ਸਰਗਰਮੀ ਵਿੱਢ ਲਈ। ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਉਸ ਦੇ ਵਿਰੋਧ ਲਈ ਪੰਜਾਬ ਦੀ ਕਾਂਗਰਸ ਦੇ ਸਾਰੇ ਧੜਿਆਂ ਦੇ ਲੀਡਰਾਂ ਨੇ ਸਾਂਝਾ ਬਿਆਨ ਦੇ ਕੇ ਉਸ ਨੂੰ ਪਾਰਟੀ ਵਿੱਚੋਂ ਕੱਢਣ ਲਈ ਕਿਹਾ। ਹੁਣ ਉਸ ਨੂੰ ਕੱਢੇ ਜਾਣ ਦੀ ਖਬਰ ਆ ਗਈ ਹੈ। ਆਖਰ ਨੂੰ ਇਹ ਹੀ ਹੋਣ ਦੀ ਆਸ ਕੀਤੀ ਜਾ ਰਹੀ ਸੀ।
ਹਾਲੇ ਕੁਝ ਦਿਨ ਹੋਏ ਹਨ, ਜਦੋਂ ਕਾਂਗਰਸ ਨੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਵਿਰੁੱਧ ਕਾਰਵਾਈ ਕੀਤੀ ਹੈ। ਉਹ ਵੀ ਕਦੀ ਕਾਂਗਰਸ ਵਿੱਚੋਂ ਨਿਕਲ ਜਾਂਦਾ ਤੇ ਕਦੀ ਆ ਜਾਂਦਾ ਹੈ। ਕਾਂਗਰਸ ਪਾਰਟੀ ਤਾਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਛੱਡੀ ਸੀ, ਪਰ ਉਸ ਦਾ ਛੱਡਣਾ ਵੀ ਟਿਕਾਊ ਸੀ, ਕਈ ਸਾਲ ਉਹ ਫਿਰ ਅਕਾਲੀ ਦਲ ਵਿੱਚ ਰਿਹਾ ਸੀ ਤੇ ਜਦੋਂ ਵਾਪਸ ਆ ਗਿਆ ਤਾਂ ਕਾਂਗਰਸ ਦਾ ਹੀ ਹੈ। ਪਾਰਟੀ ਛੱਡ ਜਾਣ ਦੀ ਚਰਚਾ ਭਾਵੇਂ ਚੱਲਦੀ ਰਹੀ, ਫਿਰ ਉਹ ਕਦੇ ਛੱਡ ਕੇ ਨਹੀਂ ਸੀ ਗਿਆ। ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਦੋਵਾਂ ਨੇ ਪਾਰਟੀ ਵਿੱਚ ਆਉਣ-ਜਾਣ ਦੀ ਖੇਡ ਨਾਲ ਆਪਣੀ ਸਥਿਤੀ ਹਾਸੋਹੀਣੀ ਬਣਾ ਲਈ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਵਿੱਚੋਂ ਇੱਕ ਕਲਾਕਾਰ ਨੂੰ ਕੱਢੇ ਜਾਣ ਦੀ ਖਬਰ ਵੀ ਆਈ ਹੈ ਅਤੇ ਅਕਾਲੀ ਦਲ ਵੀ ਆਪਣੇ ਇੱਕ-ਦੋ ਲੀਡਰਾਂ ਨੂੰ ਕੱਢਣ ਨੂੰ ਤਿਆਰ ਬੈਠਾ ਸੁਣੀਂਦਾ ਹੈ। ਉਨ੍ਹਾਂ ਬਾਰੇ ਖਬਰਾਂ ਬਹੁਤ ਸਾਰੀਆਂ ਪਹੁੰਚ ਰਹੀਆਂ ਹਨ, ਪਰ ਅਜੇ ਤੱਕ ਖੁੱਲ੍ਹ ਕੇ ਕੁਝ ਨਹੀਂ ਆਖਿਆ ਗਿਆ। ਭਾਜਪਾ ਵਿੱਚ ਵੀ ਬੜੇ ਚਿਰ ਤੋਂ ਨਵਜੋਤ ਸਿੰਘ ਸਿੱਧੂ ਅਤੇ ਬੀਬੀ ਨਵਜੋਤ ਕੌਰ ਸਿੱਧੂ ਬਾਰੇ ਇਹ ਚਰਚਾ ਚੱਲੀ ਜਾਂਦੀ ਹੈ ਕਿ ਉਨ੍ਹਾਂ ਨੂੰ ਕਿਸੇ ਅਹੁਦੇ ਨਾਲ ਨਵਾਜਿਆ ਜਾਣਾ ਹੈ ਜਾਂ ਕਿਸੇ ਵੀ ਵਕਤ ਪਾਰਟੀ ਵਿੱਚੋਂ ਕੱਢੇ ਜਾਣ ਵਾਲੀ ਖਬਰ ਦੀ ਉਡੀਕ ਕੀਤੀ ਜਾ ਸਕਦੀ ਹੈ। ਉਹ ਖੁਦ ਕਈ ਵਾਰ ਪਾਰਟੀ ਛੱਡ ਜਾਣ ਦੇ ਸੰਕੇਤ ਜਿਹੇ ਦੇ ਚੁੱਕੇ ਹਨ। ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ ਤੇ ਜਿਸ ਬਹੁਜਨ ਸਮਾਜ ਪਾਰਟੀ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਨੇ ਆਪਣੇ ਲਈ ਨਹੀਂ, ਅਗਲੀ ਚੋਣ ਫਿਰ ਕਿਸੇ ਹੋਰ ਦੀ ਲੋੜ ਲਈ ਲੜਨੀ ਹੈ, ਉਸ ਵਿੱਚ ਵੀ ਇਹ ਚਰਚਾ ਚੱਲਦੀ ਹੈ ਕਿ ਅਗਲੇ ਦਿਨਾਂ ਵਿੱਚ ਕੁਝ ਲੋਕ ਕੱਢੇ ਜਾ ਸਕਦੇ ਹਨ। ਇਹ ਗੱਲ ਗਲਤ ਵੀ ਹੋ ਸਕਦੀ ਹੈ। ਆਪ ਪਾਰਟੀ ਦੇ ਕੱਢੇ ਹੋਏ ਪ੍ਰਸ਼ਾਂਤ ਭੂਸ਼ਣ ਤੇ ਉਸ ਦੇ ਸਾਥੀ ਵੀ ਇੱਕ ਨਵੀਂ ਰਾਜਨੀਤਕ ਪਾਰਟੀ ਖੜੀ ਕਰਨ ਦੀ ਤਿਆਰੀ ਕਰ ਰਹੇ ਸੁਣੀਂਦੇ ਹਨ।
ਪੰਜਾਬ ਜਦੋਂ ਇਸ ਵਕਤ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਸਰਦਲ ਉੱਤੇ ਹੈ, ਕਈ ਕੁਝ ਨਵਾਂ ਹੋਣ ਦੇ ਸੰਕੇਤ ਮਿਲਦੇ ਪਏ ਹਨ ਤਾਂ ਇੱਕ ਨਵੀਂ ਗੱਲ ਇਨ੍ਹਾਂ ਸਭਨਾਂ ਨੂੰ ਮਿਲ ਕੇ ਕਰ ਲੈਣੀ ਚਾਹੀਦੀ ਹੈ। ਜਗਮੀਤ ਸਿੰਘ ਬਰਾੜ ਅਤੇ ਬੀਰ ਦਵਿੰਦਰ ਸਿੰਘ ਦੇ ਕੋਲ ਬਾਕੀਆਂ ਤੋਂ ਵੱਧ ਤਜਰਬਾ ਹੈ। ਇਨ੍ਹਾਂ ਦੋਵਾਂ ਨੂੰ ਹੋਰਨਾਂ ਦਲਾਂ ਵਿੱਚੋਂ ਕੱਢੇ ਗਏ ਜਾਂ ਕੱਢੇ ਜਾ ਰਹੇ ਸਾਰੇ ਲੋਕਾਂ ਤੱਕ ਪਹੁੰਚ ਕਰ ਕੇ ਅਤੇ ਪ੍ਰਸ਼ਾਂਤ ਭੂਸ਼ਣ ਤੇ ਯੋਗੇਂਦਰ ਯਾਦਵ ਨੂੰ ਬੁਲਾ ਕੇ ਇੱਕ ਨਵੀਂ ਪਾਰਟੀ ਬਣਾ ਲੈਣੀ ਚਾਹੀਦੀ ਹੈ। ਇਹ ਪਹਿਲਾਂ ਹੀ ਤੈਅ ਹੋਣਾ ਚਾਹੀਦਾ ਹੈ ਕਿ ਨਵੀਂ ਪਾਰਟੀ ਆਪਣੇ ਕਿਸੇ ਵਿਧਾਨ ਜਾਂ ਡਿਸਿਪਲਿਨ ਦਾ ਐਲਾਨ ਕਰਨ ਦਾ ਨਾਟਕ ਨਹੀਂ ਕਰੇਗੀ ਅਤੇ ਜਿਸ ਕਿਸੇ ਆਗੂ ਦਾ ਜਦੋਂ ਕਦੇ ਦਿਲ ਕਰੇ, ਉਹ ਪਾਰਟੀ ਲੀਡਰਸ਼ਿਪ ਨਾਲ ਆਢਾ ਲਾਉਣ ਜਾਂ ਆਪਣੀ ਗੱਡੀ ਕਿਸੇ ਵੀ ਵੱਖਰੀ ਸੜਕ ਵੱਲ ਮੋੜਨ ਨੂੰ ਆਜ਼ਾਦ ਹੋਵੇਗਾ। ਤਜਰਬਾ ਦਿਲਚਸਪ ਹੋ ਸਕਦਾ ਹੈ। ਕਿਸੇ ਸਮੇਂ ਸੀਨੀਅਰ ਵਕੀਲ ਗੁਰਦਰਸ਼ਨ ਸਿੰਘ ਗਰੇਵਾਲ ਹੁਰਾਂ ਨੇ ਅਕਾਲੀਆਂ ਨੂੰ ਏਦਾਂ ਦੀ ਪਾਰਟੀ ਬਣਾਉਣ ਲਈ ਕਿਹਾ ਅਤੇ ਉਸ ਦਾ ਨਾਂਅ 'ਭੇੜ ਅਤੇ ਭੰਬਲਭੂਸਾ ਅਕਾਲੀ ਦਲ'’ ਰੱਖਿਆ ਸੀ। ਉਹ ਤਜਰਬਾ ਹੁਣ ਵੀ ਤਾਂ ਕੀਤਾ ਜਾ ਸਕਦਾ ਹੈ।