ਮਿਆਂਮਾਰ 'ਚ ਆਏ ਭੁਚਾਲ ਨੇ ਝਿੰਜੋੜਿਆ ਅੱਧਾ ਭਾਰਤ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ-ਮਿਆਂਮਾਰ ਸੀਮਾ ਦੇ ਕੋਲ ਬੁੱਧਵਾਰ ਸ਼ਾਮ ਨੂੰ ਆਏ ਤੇਜ਼ ਭੁਚਾਲ ਨੇ ਅੱਧੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ। ਇਹ ਝਟਕੇ ਕੋਲਕਾਤਾ, ਗੁਹਾਟੀ ਅਤੇ ਪਟਨਾ ਸਮੇਤ ਕਈ ਸ਼ਹਿਰਾਂ 'ਚ ਮਹਿਸੂਸ ਕੀਤੇ ਗਏ।
ਰਿਕਟਰ ਪੈਮਾਨੇ 'ਤੇ ਇਸ ਭੁਚਾਲ ਦੀ ਤੀਬਰਤਾ 6.9 ਮਾਪੀ ਗਈ ਹੈ। ਅਮਰੀਕੀ ਭੂ-ਗਰਭ ਸਰਵੇਖਣ ਵਿਭਾਗ ਦੇ ਅੰਕੜਿਆਂ ਮੁਤਾਬਿਕ ਇਸ ਭੁਚਾਲ ਦਾ ਕੇਂਦਰ ਮਿਆਂਮਾਰ ਦੇ ਮਾਵਲਿਕ ਸ਼ਹਿਰ ਤੋਂ 74 ਕਿਲੋਮੀਟਰ ਦੱਖਣ-ਪੂਰਬੀ ਇਲਾਕੇ 'ਚ ਸੀ।
ਥੋੜ੍ਹੀ ਦੇਰ ਤੱਕ ਲੱਗੇ ਝਟਕਿਆਂ ਤੋਂ ਸਹਿਮੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਲ ਦੀ ਘੜੀ ਕਿਸੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਭੁਚਾਲ ਕਾਰਨ ਉਤਰ-ਪੂਰਬੀ ਭਾਰਤ 'ਚ ਮੋਬਾਇਲ ਨੈੱਟਵਰਕ ਪ੍ਰਭਾਵਿਤ ਹੋ ਗਿਆ ਹੈ। ਦਿੱਲੀ ਅਤੇ ਰਾਜਧਾਨੀ ਖੇਤਰ 'ਚ ਕੁਝ ਸੈਕਿੰਡਾਂ ਦੇ ਫਰਕ ਨਾਲ ਆਏ ਭੁਚਾਲ ਦੇ ਝਟਕਿਆਂ ਕਾਰਨ ਦਿੱਲੀ ਮੈਟਰੋ ਸੇਵਾ ਥੋੜ੍ਹੀ ਦੇਰ ਲਈ ਰੋਕ ਦਿੱਤੀ ਗਈ। ਕੋਲਕਾਤਾ ਵਿੱਚ ਵੀ ਮੈਟਰੋ ਰੋਕੀ ਗਈ, ਪਰ ਬਾਅਦ ਵਿੱਚ ਇਸ ਨੂੰ ਆਮ ਵਾਂਗ ਚਲਾਇਆ ਗਿਆ। ਇਸੇ ਮਹੀਨੇ 10 ਅਪ੍ਰੈਲ ਦੀ ਸ਼ਾਮ ਨੂੰ ਪੂਰੇ ਉੱਤਰੀ ਭਾਰਤ ਸਮੇਤ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਭੁਚਾਲ ਦੇ ਤੇਜ਼ ਝਟਕੇ ਆਏ ਸਨ। 8 ਅਪ੍ਰੇਲ ਦੀ ਸ਼ਾਮ ਨੂੰ ਅਫਗਾਨਿਸਤਾਨ 'ਚ ਭੁਚਾਲ ਆਇਆ ਸੀ। ਹਿੰਦੂਕੁਸ਼ ਖੇਤਰ 'ਚ ਆਏ ਇਸ ਭੁਚਾਲ ਦੀ ਤੀਬਰਤਾ 5.0 ਸੀ, ਜਦਕਿ ਉਸ ਦਾ ਕੇਂਦਰ ਧਰਤੀ ਦੀ ਸੱਤ੍ਹਾ ਤੋਂ 78 ਕਿਲੋਮੀਟਰ ਗਹਿਰਾਈ 'ਤੇ ਸੀ। ਇਸ ਭੁਚਾਲ ਦਾ ਕੇਂਦਰ ਜ਼ਮੀਨ ਤੋਂ 134 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ।