ਹਿੰਦੂ ਸਿਰਫ ਹਿੰਦੂ ਹੈ, ਮਰਦ ਔਰਤ ਦਾ ਫਰਕ ਕਿਉਂ : ਸੁਪਰੀਮ ਕੋਰਟ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਰਲ ਦੇ ਪ੍ਰਸਿੱਧ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖਲੇ 'ਤੇ ਲੱਗੀ ਪਾਬੰਦੀ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਕ ਵਾਰ ਫੇਰ ਮੰਦਰ ਟਰੱਸਟ ਦੀ ਖਿਚਾਈ ਕੀਤੀ ਹੈ। ਅਦਾਲਤ ਨੇ ਅੱਜ ਕਿਹਾ ਕਿ ਹਿੰਦੂ ਧਰਮ ਵਿੱਚ ਮਹਿਲਾ ਅਤੇ ਪੁਰਸ਼ ਵੱਖ-ਵੱਖ ਧਾਰਮਿਕ ਸਮੂਹ ਨਹੀਂ ਹਨ ਅਤੇ ਇੱਕ ਹਿੰਦੂ ਹਿੰਦੂ ਹੁੰਦਾ ਹੈ, ਉਹ ਭਾਵੇਂ ਮਰਦ ਹੋਵੇ ਜਾਂ ਔਰਤ।
ਜ਼ਿਕਰਯੋਗ ਹੈ ਕਿ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖਲੇ 'ਤੇ ਪਿਛਲੇ ਸੈਂਕੜੇ ਸਾਲਾਂ ਤੋਂ ਰੋਕ ਹੈ ਅਤੇ ਇਸੇ ਰੋਕ ਨੂੰ ਹਟਾਉਣ ਨੂੰ ਲੈ ਕੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ। ਅਦਾਲਤ ਨੇ ਮੰਦਰ ਟਰੱਸਟ ਨੂੰ ਸੁਆਲ ਕੀਤਾ ਕਿ ਜੇ ਇੱਥੇ ਧਾਰਮਿਕ ਸਮੂਹ ਨੂੰ ਮੰਦਰ ਅੰਦਰ ਜਾਣ ਦੀ ਇਜਾਜ਼ਤ ਹੈ ਤਾਂ ਔਰਤਾਂ ਦੇ ਮੰਦਰ ਵਿੱਚ ਦਾਖਲੇ 'ਤੇ ਰੋਕ ਕਿਉਂ ਲਾਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਮੰਦਰ ਵਿੱਚ ਔਰਤਾਂ ਨੂੰ ਪੂਜਾ ਦੀ ਇਜਾਜ਼ਤ ਨਾ ਦੇਣਾ ਸਮਾਨਤਾ ਦੇ ਉਨ੍ਹਾ ਦੇ ਸੰਵਿਧਾਨਿਕ ਅਧਿਕਾਰ ਦੀ ਉਲੰਘਣਾ ਹੈ। ਸੋਮਵਾਰ ਨੂੰ ਵੀ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਆਖਰ ਔਰਤਾਂ ਨੂੰ ਮੰਦਰ ਵਿੱਚ ਜਾਣ ਤੋਂ ਕਿਵੇਂ ਰੋਕਿਆ ਜਾ ਸਕਦਾ ਹੈ। ਅਦਾਲਤ ਨੇ ਮੰਦਰ ਟਰੱਸਟ ਦੀ ਝਾੜ-ਝੰਬ ਕਰਿਦਆਂ ਸੁਆਲ ਕੀਤਾ ਸੀ ਕਿ ਕੋਈ ਪਰੰਪਰਾ ਸੰਵਿਧਾਨ ਤੋਂ ਉਪਰ ਨਹੀਂ ਹੈ। ਜ਼ਿਕਰਯੋਗ ਹੈ ਕਿ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖਲ ਹੋਣ 'ਤੇ ਪਾਬੰਦੀ ਦਾ ਮਾਮਲਾ ਪਿਛਲੇ 10 ਸਾਲ ਤੋਂ ਅਦਾਲਤ ਦੇ ਵਿਚਾਰ ਅਧੀਨ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਸ਼ਨੀ ਸਿੰਗਣਾਪੁਰ ਮੰਦਰ ਵਿੱਚ ਔਰਤਾਂ ਦੇ ਦਾਖਲੇ ਬਾਰੇ ਆਪਣੇ ਫੈਸਲੇ ਵਿੱਚ ਬੰਬੇ ਹਾਈ ਕੋਰਟ ਨੇ ਕਿਹਾ ਸੀ ਕਿ ਔਰਤਾਂ ਨੂੰ ਉਨ੍ਹਾ ਸਾਰੇ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ, ਜਿਨ੍ਹਾਂ ਮੰਦਰਾਂ ਵਿੱਚ ਮਰਦਾਂ ਨੂੰ ਜਾਣ ਦੀ ਇਜਾਜ਼ਤ ਹੈ। ਹਾਈ ਕੋਰਟ ਦੇ ਇਸ ਫੈਸਲੇ ਮਗਰੋਂ ਔਰਤਾਂ ਨੇ ਸ਼ਨੀ ਸਿੰਗਣਾਪੁਰ ਮੰਦਰ ਵਿੱਚ ਦਾਖਲ ਹੋ ਕੇ ਔਰਤਾਂ 'ਤੇ ਪਾਬੰਦੀ ਬਾਰੇ 400 ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤੋੜਿਆ ਸੀ।