ਵਿਜੇ ਮਾਲਿਆ ਦਾ ਪਾਸਪੋਰਟ ਮੁਅੱਤਲ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਸਰਕਾਰ ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦਾ ਪਾਸਪੋਰਟ ਮੁਅੱਤਲ ਕਰ ਦਿੱਤਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਆਈ ਡੀ ਬੀ ਆਈ ਬੈਂਕ ਦੇ 900 ਕਰੋੜ ਰੁਪਏ ਦੇ ਕਰਜ਼ੇ 'ਚ ਧੋਖਾਧੜੀ ਮਾਮਲੇ 'ਚ ਮਨੀ ਲਾਂਡਰਿਗ (ਕਾਲੇ ਧਨ ਨੂੰ ਚਿੱਟੇ ਧਨ 'ਚ ਬਦਲਣ) ਦੀ ਜਾਂਚ 'ਚ ਸਹਿਯੋਗ ਨਾ ਕਰਨ ਦੇ ਦੋਸ਼ 'ਚ ਉਸ ਦਾ ਪਾਸਪੋਰਟ ਰੱਦ ਕਰਨ ਲਈ ਲਿਖਿਆ ਸੀ। ਈ ਡੀ ਦਾ ਮੁੰਬਈ ਖੇਤਰੀ ਦਫਤਰ ਮਾਲਿਆ ਵਿਰੁੱਧ ਮਨੀ ਲਾਂਡਰਿਗ ਕਾਨੂੰਨ ਤਹਿਤ ਦੋਸ਼ਾਂ ਦੀ ਜਾਂਚ ਕਰ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਮਾਲਿਆ 2 ਮਾਰਚ ਨੂੰ ਆਪਣੇ ਕੂਟਨੀਤਕ ਪਾਸਪੋਰਟ ਰਾਹੀਂ ਬਰਤਾਨੀਆ ਖਿਸਕ ਗਿਆ ਸੀ। ਰਾਜ ਸਭਾ ਦਾ ਮੈਂਬਰ ਹੋਣ ਕਰਕੇ ਉਸ ਨੂੰ ਇਸ ਪ੍ਰਕਾਰ ਦਾ ਪਾਸਪੋਰਟ ਜਾਰੀ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ ਏਜੰਸੀ ਨੇ ਮਾਲਿਆ ਦਾ ਪਾਸਪੋਰਟ ਰੱਦ ਕੀਤੇ ਜਾਣ ਦੀ ਬੇਨਤੀ ਕਰਦਿਆਂ ਵਿਦੇਸ਼ ਮੰਤਰਾਲੇ ਨੂੰ ਦੱਸਿਆ ਸੀ ਕਿ ਏਜੰਸੀ ਨੇ ਮਾਲਿਆ ਨੂੰ ਆਪਣਾ ਪੱਖ ਰੱਖਣ ਅਤੇ ਜਾਂਚ 'ਚ ਸਹਿਯੋਗ ਕਰਨ ਦਾ ਪੂਰਾ ਮੌਕਾ ਦਿੱਤਾ ਅਤੇ ਉਸ ਨੂੰ ਨਿੱਜੀ ਤੌਰ 'ਤੇ ਏਜੰਸੀ ਸਾਹਮਣੇ ਪੇਸ਼ ਹੋਣ ਲਈ ਤਿੰਨ ਵਾਰੀ ਸੰਮਨ ਵੀ ਕੀਤਾ ਗਿਆ, ਪਰ ਇਸ ਦੇ ਬਾਵਜੂਦ ਮਾਲਿਆ ਨਿੱਜੀ ਤੌਰ 'ਤੇ ਪੇਸ਼ ਨਹੀਂ ਹੋਇਆ ਅਤੇ ਨਾ ਹੀ ਉਸ ਨੇ ਜਾਂਚ ਦੇ ਅਮਲ 'ਚ ਏਜੰਸੀ ਨਾਲ ਸਹਿਯੋਗ ਕੀਤਾ ਹੈ। ਏਜੰਸੀ ਨੇ ਕਿਹਾ ਕਿ ਮਾਲਿਆ ਵੱਲੋਂ ਸਹਿਯੋਗ ਨਾ ਕੀਤੇ ਜਾਣ ਕਾਰਨ ਜਾਂਚ ਦਾ ਕੰਮ ਲਗਾਤਾਰ ਲਮਕ ਰਿਹਾ ਹੈ। ਪਾਸਪੋਰਟ ਕਾਨੂੰਨ ਮੁਤਾਬਕ ਜਦੋਂ ਕਿਸੇ ਵਿਅਕਤੀ ਨੂੰ ਕੂਟਨੀਤਕ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ ਤਾਂ ਉਸ ਦਾ ਨਿਯਮਤ ਸਫਰ ਦਸਤਾਵੇਜ਼ ਜਮ੍ਹਾਂ ਕਰ ਲਿਆ ਜਾਂਦਾ ਹੈ ਅਤੇ ਜਦੋਂ ਕੂਟਨੀਤਕ ਪਾਸਪੋਰਟ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਉਹ ਦਸਤਾਵੇਜ਼ ਵੀ ਰੱਦ ਹੋ ਜਾਂਦਾ ਹੈ। ਸੂਤਰਾਂ ਨੇ ਦੱਸਿਆ ਕਿ ਈ ਡੀ ਦੀ ਬੇਨਤੀ ਉੱਪਰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਵਿਦੇਸ਼ ਮੰਤਰਾਲਾ ਬਰਤਾਨੀਆ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰੇਗਾ ਅਤੇ ਉਸ ਦੀ ਭਾਰਤ ਹਵਾਲਗੀ ਦੀ ਅਪੀਲ ਕਰੇਗਾ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਤੋਂ ਪਹਿਲਾਂ 18 ਮਾਰਚ ਨੂੰ ਮਾਲਿਆ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ ਅਤੇ ਇਸ ਤੋਂ ਬਾਅਦ 2 ਅਤੇ 9 ਅਪ੍ਰੈਲ ਨੂੰ ਅਫਸਰਾਂ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਅਤੇ ਜਾਂਚ 'ਚ ਸਹਿਯੋਗ ਕਰਨ ਦੇ ਹੁਕਮ ਦਿੱਤੇ ਗਏ ਸਨ। ਮਾਲਿਆ ਨੇ ਸੁਪਰੀਮ ਕੋਰਟ 'ਚ ਚੱਲ ਰਹੇ ਮਾਮਲੇ ਦਾ ਹਵਾਲਾ ਦੇ ਕੇ ਈ ਡੀ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥਾ ਪ੍ਰਗਟ ਕੀਤੀ ਸੀ।
ਪਾਸਪੋਰਟ ਰੱਦ ਹੋਣ 'ਤੇ ਈ ਡੀ ਹੁਣ ਅਦਾਲਤ 'ਚ ਉਸ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਲਈ ਅਰਜ਼ੀ ਦੇ ਸਕਦੀ ਹੈ ਅਤੇ ਇੰਟਰਪੋਲ ਤੋਂ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਜਾ ਸਕਦਾ ਹੈ। ਇਸ ਤੋਂ ਬਾਅਦ ਮਾਲਿਆ ਨੂੰ ਦੁਨੀਆ 'ਚ ਕਿਤਿਓਂ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਮਾਲਿਆ ਉਪਰ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਨਾ ਮੋੜਨ ਦੇ ਦੋਸ਼ ਹਨ।
ਏਸੇ ਦੌਰਾਨ ਈ ਡੀ ਨੇ ਵਿਸ਼ੇਸ਼ ਅਦਾਲਤ ਤੋਂ ਮਾਲਿਆ ਵਿਰੁਧ ਗੈਰ-ਜ਼ਮਾਨਤੀ ਵਰੰਟ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਈ ਡੀ ਨੇ ਬਕਾਇਦਾ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਮਾਮਲੇ ਬਾਰੇ ਵਿਸ਼ੇਸ਼ ਅਦਾਲਤ ਸ਼ਨੀਵਾਰ ਨੂੰ ਢਾਈ ਵਜੇ ਸੁਣਵਾਈ ਕਰੇਗੀ।
ਪਿਛਲੇ ਹਫਤੇ ਸੁਪਰੀਮ ਕੋਰਟ ਨੇ ਇੱਕ ਸੁਣਵਾਈ ਦੌਰਾਨ ਹੁਕਮ ਦਿੱਤਾ ਸੀ ਕਿ ਵਿਜੇ ਮਾਲਿਆ 21 ਅਪ੍ਰੈਲ ਤੱਕ ਦੱਸਣ ਕਿ ਉਹ ਅਦਾਲਤ ਵਿੱਚ ਕਦੋਂ ਪੇਸ਼ ਹੋਣਗੇ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਮਾਲਿਆ ਇੱਕ ਵੱਡੀ ਰਕਮ ਜਮ੍ਹਾਂ ਕਰਾਉਣ, ਤਾਂ ਹੀ ਬੈਂਕਾਂ ਗੱਲਬਾਤ ਲਈ ਅੱਗੇ ਆ ਸਕਣਗੀਆਂ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਵਿਜੈ ਮਾਲਿਆ ਦੀ ਜਾਇਦਾਦ ਦਾ ਬਿਊਰਾ ਵੀ ਮੰਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 25 ਅਪ੍ਰੈਲ ਨੂੰ ਹੋਵੇਗੀ। ਮਾਲਿਆ ਨੇ ਸੁਪਰੀਮ ਕੋਰਟ 'ਚ 30 ਸਤੰਬਰ ਤੱਕ 4 ਹਜ਼ਾਰ ਕਰੋੜ ਦਾ ਕਰਜ਼ਾ ਮੋੜਨ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਬੈਂਕਾਂ ਨੇ ਠੁਕਰਾ ਦਿੱਤਾ ਸੀ।