ਜੀ ਕੇ ਵੱਲੋਂ ਸੁਸ਼ਮਾ ਸਵਰਾਜ ਨੂੰ ਮੰਗ ਪੱਤਰ

ਨਵੀਂ ਦਿੱਲੀ (ਜਸਬੀਰ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਈਰਾਨ ਦੌਰੇ 'ਤੇ ਜਾ ਰਹੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੀ ਯਾਤਰਾ ਦੌਰਾਨ ਈਰਾਨ ਵਿਚ ਰਹਿੰਦੇ ਭਾਰਤੀ ਮੂਲ ਦੇ ਲੋਕਾਂ ਦੀਆਂ ਤਕਲੀਫ਼ਾਂ ਨੂੰ ਹੱਲ ਕਰਾਉਣ ਲਈ ਬੇਨਤੀ ਕੀਤੀ ਹੈ। ਇੱਕ ਵਫ਼ਦ ਦੀ ਅਗਵਾਈ ਕਰਦੇ ਹੋਏ ਜੀ ਕੇ ਨੇ ਅੱਜ ਸੁਸ਼ਮਾ ਨੂੰ ਇੱਕ ਮੁਲਾਕਾਤ ਦੌਰਾਨ ਮੰਗ ਪੱਤਰ ਸੌਂਪ ਕੇ ਈਰਾਨ ਵਿਚ ਰਹਿੰਦੇ ਸਿੱਖਾਂ ਅਤੇ ਹੋਰ ਭਾਰਤੀਆਂ ਨੂੰ ਧਾਰਮਿਕ ਆਧਾਰ 'ਤੇ ਆਪਣੇ ਧਰਮ ਦੀਆਂ ਰੀਤਾਂ ਨੂੰ ਨਿਭਾਉਣ ਵਿਚ ਆਉਂਦੀਆਂ ਪਰੇਸ਼ਾਨੀਆਂ ਦਾ ਹੱਲ ਈਰਾਨੀ ਵਿਦੇਸ਼ ਮੰਤਰੀ ਨਾਲ ਮੁਲਾਕਾਤ ਦੌਰਾਨ ਉਠਾਉਣ ਦੀ ਅਪੀਲ ਕੀਤੀ ਹੈ। ਸ੍ਰੀ ਜੀ ਕੇ ਨੇ ਸੁਸ਼ਮਾ ਨੂੰ 8 ਮਸਲਿਆਂ 'ਤੇ ਉਸਾਰੂ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਪ੍ਰਮੁੱਖ ਬਿੰਦੂ ਹਨ ਭਾਰਤ ਦੇ ਲੋਕਾਂ ਦੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਨੂੰ ਮਾਨਤਾ ਦਿਵਾਉਣਾ, ਈਰਾਨ ਵਿਚ ਰਹਿੰਦੇ ਭਾਰਤੀਆਂ ਦੇ ਭਾਰਤੀ ਪਾਸਪੋਰਟ ਨਵੇਂ ਜਾਰੀ ਕਰਨ ਦੇ ਨਾਲ ਹੀ ਪੁਰਾਣਿਆਂ ਦੀ ਬਹਾਲੀ ਕਰਨਾ, ਸਿੱਖਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕੱਢਣਾ, 10 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਭਾਰਤੀ ਲੋਕਾਂ ਤੋਂ ਵਰਕ ਪਰਮਿਟ ਨੂੰ ਮੁੜ ਲਾਜ਼ਮੀ ਤੌਰ 'ਤੇ ਬਹਾਲ ਕਰਾਉਣ ਤੋਂ ਛੋਟ ਦਿੰਦੇ ਹੋਏ ਉਹਨਾ ਦੇ ਪਰਵਾਰਕ ਮੈਂਬਰਾਂ ਨੂੰ ਬਿਨਾਂ ਵਰਕ ਪਰਮਿਟ ਦੇ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਇਜ਼ਾਜਤ ਦੇਣਾ, ਈਰਾਨ ਵਿਖੇ ਇੱਕ ਮਕਾਨ ਅਤੇ ਇੱਕ ਦਫ਼ਤਰ ਖਰੀਦਣ ਦੀ ਹਰ ਭਾਰਤੀ ਨੂੰ ਛੋਟ ਦਿਵਾਉਣਾ, ਪਰੇਸ਼ਾਨੀਆਂ ਕਰਕੇ ਈਰਾਨ ਵਿਚ ਰਹਿੰਦੇ ਇੱਕ ਹਜ਼ਾਰ ਸਿੱਖ ਪਰਵਾਰਾਂ ਵਿਚੋਂ ਈਰਾਨ ਛੱਡ ਗਏ ਲੱਗਭੱਗ 950 ਪਰਵਾਰਾਂ ਨੂੰ ਵਾਪਸ ਲਿਆਉਣ ਦੀ ਵਿਉਂਤਬੰਦੀ ਕਰਨਾ, ਭਾਰਤੀਆਂ ਨੂੰ ਵਿਸ਼ੇਸ਼ ਦਰਜਾ ਦਿਵਾਉਣਾ, ਭਾਰਤੀ ਮੂਲ ਦੇ ਪਰਵਾਰਾਂ ਵਿਚ ਵਿਆਹੀ ਆਈ ਲੜਕੀ ਨੂੰ ਪਰਵਾਰਕ ਮੈਂਬਰ ਵਜੋਂ ਮਾਨਤਾ ਦੇਣਾ ਅਤੇ ਤਹਿਰਾਨ ਦੇ ਸ਼ਮਸ਼ਾਨਘਾਟ ਦੀ ਸਾਂਭ-ਸੰਭਾਲ ਲਈ ਫੰਡ ਜਾਰੀ ਕਰਾਉਣਾ ਆਦਿ ਹਨ। ਇਸ ਵਫ਼ਦ ਵਿਚ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਈਰਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਉੱਤਰੀ ਖੇਤਰ ਦੇ ਮੀਤ ਪ੍ਰਧਾਨ ਪਰਵਿੰਦਰ ਸਿੰਘ ਚੰਢੋਕ ਵੀ ਸ਼ਾਮਲ ਸਨ। ਬੀਬੀ ਸੁਸ਼ਮਾ ਨੇ ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਇਸ ਮਸਲੇ 'ਤੇ ਠੋਸ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ। ਉਹਨਾ ਆਪਣੀ ਯਾਤਰਾ ਦੌਰਾਨ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸਿੱਖ ਭਾਈਚਾਰੇ ਦੀਆਂ ਤਕਲੀਫ਼ਾ ਨੂੰ ਸੁਣਨ ਦਾ ਵੀ ਭਰੋਸਾ ਦਿੱਤਾ। ਜੀ ਕੇ ਨੇ ਦੱਸਿਆ ਕਿ ਗੁਰੂ ਨਾਨਕ ਚੈਰੀਟੇਬਲ ਟਰੱਸਟ ਇੱਕ ਭਾਰਤੀ ਸਕੂਲ, ਗੁਰਦੁਆਰਾ ਸਾਹਿਬ ਅਤੇ ਸ਼ਮਸ਼ਾਨ ਭੂਮੀ ਦੀ ਦੇਖ਼ਭਾਲ ਕਰਦਾ ਹੈ, ਜਿਸ ਦੇ ਲਾਇਸੰਸ ਨੂੰ ਮੁੜ ਬਹਾਲ ਕਰਾਉਣਾ ਭਾਰਤੀਆਂ ਦੀ ਵੱਡੀ ਮੰਗ ਹੈ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਕਾਰਜਕਾਲ ਦੌਰਾਨ ਦਿੱਤੇ ਗਏ ਭਰੋਸੇ 'ਤੇ ਕੋਈ ਕਾਰਵਾਈ ਨਾ ਹੋਣ ਬਾਰੇ ਜੀ ਕੇ ਨੇ ਸੁਸ਼ਮਾ ਨੂੰ ਜਾਣਕਾਰੀ ਦਿੱਤੀ। ਉਹਨਾ ਮੁਲਾਕਾਤ ਦੌਰਾਨ ਭਾਰਤੀਆਂ ਦੇ ਧਾਰਮਿਕ ਰਹੁ-ਰੀਤਾਂ ਦੀ ਸਾਂਭ-ਸੰਭਾਲ ਅਤੇ ਪਰਵਾਰਕ ਮੈਂਬਰਾਂ ਨੂੰ ਜ਼ਰੂਰੀ ਕਾਨੂੰਨੀ ਹੱਕ ਦਿਵਾਉਣ ਵਾਸਤੇ ਸ੍ਰੀਮਤੀ ਸੁਸ਼ਮਾ ਨੂੰ ਬਣਦੀ ਕਾਰਵਾਈ ਲਾਜ਼ਮੀ ਤੌਰ 'ਤੇ ਕਰਨ ਦੀ ਵੀ ਅਪੀਲ ਕੀਤੀ।