ਪ੍ਰਿਅੰਕਾ ਨੇ ਬੇਹੱਦ ਘੱਟ ਕਿਰਾਏ 'ਤੇ ਲਿਆ ਸੀ ਸਰਕਾਰੀ ਬੰਗਲਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਰ ਟੀ ਆਈ ਤਹਿਤ ਖੁਲਾਸਾ ਹੋਇਆ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਨੇ 14 ਸਾਲ ਪਹਿਲਾਂ ਵਾਜਪਾਈ ਸਰਕਾਰ ਦੌਰਾਨ ਸਰਕਾਰੀ ਬੰਗਲੇ ਦਾ ਕਿਰਾਇਆ ਘੱਟ ਕਰਨ ਦੀ ਅਪੀਲ ਕੀਤੀ ਸੀ। ਪ੍ਰਿਅੰਕਾ ਨੂੰ 2765 ਵਰਗ ਗਜ਼ 'ਚ ਫੈਲੇ ਲੁਟੀਅਨਸ ਜ਼ੋਨ ਦੇ ਬੰਗਲੇ ਦਾ ਕਿਰਾਇਆ 53421 ਰੁਪਏ ਪ੍ਰਤੀ ਮਹੀਨਾ ਦੇਣ ਲਈ ਕਿਹਾ ਗਿਆ ਸੀ, ਪਰ ਉਨ੍ਹਾ ਨੇ 8888 ਰੁਪਏ ਪ੍ਰਤੀ ਮਹੀਨਾ ਕਿਰਾਇਆ ਹੀ ਦਿੱਤਾ। ਪ੍ਰਿਅੰਕਾ ਗਾਂਧੀ ਨੇ ਸਰਕਾਰ ਨੂੰ ਕਿਹਾ ਸੀ ਕਿ ਇੰਨੀ ਮੋਟੀ ਰਕਮ ਦੇਣ ਦੀ ਉਨ੍ਹਾ ਦੀ ਹੈਸੀਅਤ ਨਹੀਂ ਹੈ।
ਨੋਇਡਾ ਦੇ ਦੇਵਾ ਸ਼ੀਸ਼ ਭੱਟਾਚਾਰਿਆ ਨੇ ਇਸ ਸੰਬੰਧ 'ਚ ਇੱਕ ਆਰ ਟੀ ਆਈ ਦਾਖ਼ਲ ਕੀਤੀ ਸੀ, ਜਿਸ ਦੇ ਜੁਆਬ 'ਚ ਕਿਹਾ ਗਿਆ ਕਿ 8 ਜੁਲਾਈ 2003 ਦੇ ਕੈਬਨਿਟ ਕਮੇਟੀ ਦੇ ਨੋਟ ਮੁਤਾਬਕ ਮੰਨਿਆ ਗਿਆ ਹੈ ਕਿ ਪ੍ਰਿਅੰਕਾ ਗਾਂਧੀ ਪ੍ਰਾਈਵੇਟ ਨਾਗਰਿਕ ਹੈ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਉਨ੍ਹਾ ਨੂੰ ਤੈਅ ਨਿਯਮਾਂ ਦੇ ਹਿਸਾਬ ਨਾਲ ਹੀ ਘਰ ਦਿੱਤੇ ਗਏ ਹਨ, ਪਰ ਉਹ ਲਸੰਸ ਫ਼ੀਸ ਰੇਟ ਦੇ ਹਿਸਾਬ ਨਾਲ ਕਿਰਾਇਆ ਨਹੀਂ ਦੇ ਸਕਦੇ, ਲਿਹਾਜ਼ਾ ਉਨ੍ਹਾ ਦੇ ਕਿਰਾਏ ਦੀ ਸਮੀਖਿਆ ਕੀਤੀ ਗਈ।
ਪ੍ਰਿਅੰਕਾ ਗਾਂਧੀ ਇਸ ਵੇਲੇ ਲੋਧੀ ਅਸਟੇਟ ਦੇ ਟਾਈਪ 6 ਸਰਕਾਰੀ ਬੰਗਲੇ 'ਚ ਰਹਿੰਦੀ ਹੈ ਅਤੇ ਇਸ ਲਈ 31300 ਰੁਪਏ ਅਦਾ ਕਰਦੀ ਹੈ। ਪ੍ਰਿਅੰਕਾ ਦੇ ਨਾਲ ਪੰਜਾਬ ਦੇ ਸਾਬਕਾ ਡੀ ਜੀ ਪੀ ਕੇ ਪੀ ਐਸ ਗਿੱਲ, ਮਨਿੰਦਰ ਜੀਤ ਸਿੰਘ ਬਿੱਟਾ ਅਤੇ ਪੰਜਾਬ ਕੇਸਰੀ ਦੇ ਅਸ਼ਵਨੀ ਕੁਮਾਰ ਸੁਰੱਖਿਆ ਕਾਰਨਾਂ ਕਰਕੇ ਇਸ ਤਰ੍ਹਾਂ ਦੇ ਬੰਗਲੇ 'ਚ ਰਹਿੰਦੇ ਹਨ। ਗਿੱਲ ਤੇ ਬਿੱਟਾ ਵੀ ਪ੍ਰਿਅੰਕਾ ਬਰਾਬਰ ਹੀ ਕਿਰਾਇਆ ਦਿੰਦੇ ਹਨ, ਜਦਕਿ ਅਸ਼ਵਨੀ ਕੁਮਾਰ ਨੇ 2012 'ਚ ਬੰਗਲਾ ਖਾਲੀ ਕਰ ਦਿੱਤਾ ਸੀ।
ਆਰ ਟੀ ਆਈ ਅਨੁਸਾਰ 7 ਮਈ 2002 ਨੂੰ ਪ੍ਰਿਅੰਕਾ ਗਾਂਧੀ ਨੇ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ 53421 ਰੁਪਏ ਪ੍ਰਤੀ ਮਹੀਨਾ ਕਿਰਾਇਆ ਦੇਣਾ ਉਨ੍ਹਾ ਦੀ ਹੈਸੀਅਤ ਤੋਂ ਬਾਹਰ ਹੈ। ਉਨ੍ਹਾ ਕਿਹਾ ਕਿ ਉਨ੍ਹਾ ਇਹ ਬੰਗਲਾ ਐਸ ਪੀ ਜੀ ਦੇ ਕਹਿਣ 'ਤੇ ਲਿਆ ਹੈ ਅਤੇ ਇਸ ਦੇ ਵੱਡੇ ਹਿੱਸੇ 'ਤੇ ਐਸ ਪੀ ਜੀ ਹੀ ਕਾਬਜ਼ ਹੈ। ਉਨ੍ਹਾ ਕਿਹਾ ਕਿ ਉਹ ਸੁਰੱਖਿਆ ਕਰਕੇ ਪੂਲ ਹਾਊਸ 'ਚ ਰਹਿੰਦੀ ਹੈ। ਪ੍ਰਿਅੰਕਾ ਸਿਰ 31 ਜਨਵਰੀ 2004 ਨੂੰ 3.76 ਲੱਖ ਰੁਪਏ ਦਾ ਬਕਾਇਆ ਸੀ। ਕੈਬਨਿਟ ਕਮੇਟੀ ਦੇ ਨੋਟ ਤੋਂ ਖੁਲਾਸਾ ਹੋਇਆ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਪਾਸ਼ ਇਲਾਕਿਆਂ 'ਚ ਬੰਗਲੇ ਦਿੱਤੇ ਗਏ ਅਤੇ ਉਹ ਬਾਜ਼ਾਰ ਦੇ ਹਿਸਾਬ ਨਾਲ ਕਿਰਾਇਆ ਨਹੀਂ ਦਿੰਦੇ ਅਤੇ ਬੰਗਲਿਆਂ ਦੀ ਲਸੰਸ ਫ਼ੀਸ 'ਚ 24 ਜੁਲਾਈ 2003 ਨੂੰ ਸੋਧ ਕੀਤੀ ਗਈ ਸੀ ਅਤੇ ਪ੍ਰਿਅੰਕਾ ਲਈ ਕਿਰਾਇਆ 8888 ਰੁਪਏ ਕੀਤਾ ਗਿਆ ਸੀ। ਇਸ ਵੇਲੇ ਬਜ਼ਾਰ ਭਾਅ ਅਨੁਸਾਰ ਬੰਗਲੇ ਦਾ ਕਿਰਾਇਆ 81865 ਰੁਪਏ ਮਹੀਨਾ ਹੈ।