ਅਦਾਲਤ ਵੱਲੋਂ ਵਿਜੈ ਮਾਲਿਆ ਦੇ ਪੈਸਾ ਕਢਵਾਉਣ 'ਤੇ ਰੋਕ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੰਗਲੌਰ ਦੀ ਅਦਾਲਤ ਨੇ ਉਦਯੋਗਪਤੀ ਵਿਜੈ ਮਾਲਿਆ ਦੇ ਪੈਸੇ ਕਢਵਾਉਣ 'ਤੇ ਰੋਕ ਲਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਕੇਸ ਦਾ ਫ਼ੈਸਲਾ ਨਹੀਂ ਹੋਵੇਗਾ, ਉਦੋਂ ਤੱਕ ਮਾਲਿਆ ਬੈਂਕ 'ਚੋਂ ਪੈਸੇ ਨਹੀਂ ਕਢਵਾ ਸਕਣਗੇ।
ਉਧਰ ਸੀ ਬੀ ਆਈ ਦੀ ਸ਼ਿਕਾਇਤ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਵਿਜੈ ਮਾਲਿਆ ਵਿਰੁੱਧ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਈ ਡੀ ਨੇ ਸੀ ਬੀ ਆਈ ਦੀ ਸ਼ਿਕਾਇਤ ਮਗਰੋਂ ਵਿਜੈ ਮਾਲਿਆ ਵਿਰੁੱਧ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ। ਵਿਜੈ ਮਾਲਿਆ 'ਤੇ ਸਟੇਟ ਬੈਂਕ ਆਫ਼ ਇੰਡੀਆ ਸਮੇਤ ਕਈ ਬੈਂਕਾਂ ਦਾ ਡਿਫਾਲਟਰ ਹੋਣ ਦਾ ਦੋਸ਼ ਹੈ। ਸੂਤਰਾਂ ਅਨੁਸਾਰ ਈ ਡੀ ਵੱਲੋਂ ਇਸ ਮਾਮਲੇ 'ਚ ਛੇਤੀ ਹੀ ਵਿਜੈ ਮਾਲਿਆ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ। ਵਿਜੈ ਮਾਲਿਆ ਡਿਫਾਲਟ ਕੇਸ 'ਚ ਕਰਜ਼ਾ ਵਸੂਲੀ ਟ੍ਰਿਬਿਊਨ ਨੂੰ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦਿੱਤੀ ਗਈ ਅਰਜ਼ੀ 'ਚ ਡਿਆਜਿਊ ਵੱਲੋਂ ਮਾਲਿਆ ਨੂੰ ਮਿਲਣ ਵਾਲੇ 515 ਕਰੋੜ ਰੁਪਏ 'ਤੇ ਪਹਿਲਾ ਹੱਕ ਜਤਾਇਆ ਗਿਆ ਹੈ ਤੇ ਅੱਜ ਅਦਾਲਤ ਨੇ ਫ਼ੈਸਲਾ ਸੁਣਾਉਣਾ ਸੀ। ਡਿਆਜਿਊ ਦੇ ਮਾਲਿਕਾਨਾ ਹੱਕ ਵਾਲੀ ਯੂਨਾਈਟਿਡ ਸਪਿਰਟਸ ਲਿਮਟਿਡ ਦੇ ਚੇਅਰਮੈਨ ਦਾ ਅਹੁਦਾ ਛੱਡਣ ਬਦਲੇ ਵਿਜੈ ਮਾਲਿਆ ਨੂੰ 7.5 ਕਰੋੜ ਡਾਲਰ (ਤਕਰੀਬਨ 515 ਕਰੋੜ ਰੁਪਏ) ਦਿੱਤੇ ਜਾ ਰਹੇ ਹਨ। ਸਟੇਟ ਬੈਂਕ ਆਫ਼ ਇੰਡੀਆ ਨੇ ਵਿਜੈ ਮਾਲਿਆ ਨੂੰ ਡਿਫਾਲਟਰ ਐਲਾਨਿਆ ਹੋਇਆ ਹੈ।