ਕੈਪਟਨ ਵੱਲੋਂ ਯੇਚੁਰੀ ਨਾਲ ਮੀਟਿੰਗ ਕਰਨ ਦਾ ਦਾਅਵਾ ਬਿਲਕੁਲ ਗਲਤ : ਵਿਰਦੀ


ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀ.ਪੀ.ਆਈ (ਐੱਮ) ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਨਾਲ ਚੋਣ ਤਾਲਮੇਲ ਕਰਨ ਸੰਬੰਧੀ ਮੀਟੰਗ ਕਰਨ ਬਾਰੇ ਕੀਤੇ ਦਾਅਵੇ ਨਾਲ ਪੈਦਾ ਹੋਏ ਭੰਬਲਭੂਸੇ ਨੂੰ ਦੂਰ ਕਰਦਿਆਂ ਸੀ.ਪੀ.ਆਈ (ਐੱਮ) ਦੇ ਸੂਬਾ ਸਕੱਤਰ ਚਰਨ ਸਿੰਘ ਵਿਰਦੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ, ਕਿਉਂਕਿ 18 ਅਪ੍ਰੈਲ ਦੇ ਅਖਬਾਰਾਂ ਵਿੱਚ ਕੀਤਾ ਇਹ ਦਾਅਵਾ ਮੁਕੰਮਲ ਤੌਰ 'ਤੇ ਝੂਠਾ ਹੈ।
ਕਾਮਰੇਡ ਵਿਰਦੀ ਨੇ ਅੱਗੇ ਕਿਹਾ ਕਿ ਚੇਤੇ ਰਹੇ 4 ਅਪ੍ਰੈਲ ਨੂੰ ਕਾਮਰੇਡ ਸੀਤਾ ਰਾਮ ਯੇਚੁਰੀ ਜਦੋਂ ਚੰਡੀਗੜ੍ਹ ਵਿੱਚ ਮਰਹੂਮ ਸੀ.ਪੀ.ਆਈ (ਐੱਮ) ਸਿਰਮੌਰ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਭਕਨਾ ਭਵਨ 'ਚ ਸਥਾਪਤ ਕੀਤੇ ਗਏ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਲਈ ਆਏ ਹੋਏ ਸਨ, ਉਸ ਸਮੇਂ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਕਾਮਰੇਡ ਯੇਚੁਰੀ ਨੇ ਇਹ ਗੱਲ ਪੱਤਰਕਾਰਾਂ ਸਾਹਮਣੇ ਬਿਲਕੁਲ ਸਪੱਸ਼ਟ ਕਰ ਦਿੱਤੀ ਸੀ ਕਿ ਹਾਲ ਹੀ ਵਿੱਚ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਇਸ ਤਰ੍ਹਾਂ ਪੰਜਾਬ ਅਸੰਬਲੀ ਦੀਆਂ ਫਰਵਰੀ 2017 ਵਿੱਚ ਹੋਣ ਵਾਲੀਆਂ ਚੋਣਾਂ ਦੇ ਸੰਬੰਧ'ਚ ਉਨ੍ਹਾਂ ਨਾਲ ਕੋਈ ਗੱਲਬਾਤ ਕਰਨ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਕਾਮਰੇਡ ਵਿਰਦੀ ਨੇ ਹੋਰ ਸਪੱਸ਼ਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਗਲਤ ਬਿਆਨਬਾਜ਼ੀ ਕਰ ਰਹੇ ਹਨ, ਜੋ ਉਹਨਾਂ ਲਈ ਸੋ ਨਹੀਂ ਹੈ।