ਬਿਜਲੀ ਦੀਆਂ ਚੰਗਿਆੜੀਆਂ ਨੇ 100 ਏਕੜ ਕਣਕ ਰਾਖ ਕਰ'ਤੀ

ਫਿਲੌਰ (ਨਿਰਮਲ)
ਫਿਲੌਰ ਤਹਿਸੀਲ ਅਧੀਨ ਪੈਂਦੇ ਪਿੰਡ ਰਾਏਪੁਰ ਅਰਾਈਆਂ, ਰਾਜੌਰੀ, ਸੇਲਕੀਆਣਾ, ਭਾਰ ਸਿੰਘਪੁਰਾ ਵਿਖੇ ਦੁਪਹਿਰ ਵੇਲੇ ਕਣਕ ਦੇ ਖੇਤਾਂ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚੋਂ ਤੇਜ਼ ਰਫਤਾਰ ਚੱਲਦੀਆਂ ਹਵਾਵਾਂ ਕਾਰਨ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਦੀ ਪੱਕੀ ਫਸਲ ਅਤੇ ਨਾੜ ਦੇ ਖੇਤਾਂ ਨੂੰ ਅੱਗ ਲੱਗ ਗਈ, ਜਿਸ ਨੇ ਵੇਖਦਿਆਂ ਹੀ ਵੇਖਦਿਆਂ 100 ਤੋਂ ਵੱਧ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 250 ਤੋਂ ਵੱਧ ਟਰੈਕਟਰ-ਟਰਾਲੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਸਨ। 8-10 ਟਿਊਬਵੈੱਲ ਵੀ ਕਿਸਾਨਾਂ ਨੇ ਚਲਾ ਦਿੱਤੇ, ਤਾਂ ਜੋ ਅੱਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ, ਪਰ ਤੇਜ਼ ਹਵਾਵਾਂ ਕਾਰਨ ਅੱਗ ਅਗਾਂਹ ਵਧਦੀ ਗਈ।
ਅੱਗ ਦੀ ਸੂਚਨਾ ਮਿਲਦੇ ਸਾਰ ਤਹਿਸੀਲਦਾਰ, ਉਪ-ਤਹਿਸੀਲਦਾਰ, ਐੱਸ ਐੱਚ ਓ ਫਿਲੌਰ, ਚੌਂਕੀ ਇੰਚਾਰਜ ਲਸਾੜਾ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ। ਕਿਸਾਨ ਇਕਬਾਲ ਸਿੰਘ, ਸੁਲੱਖਣ ਸਿੰਘ, ਬਲਕਾਰ ਸਿੰਘ ਆਦਿ ਦੀਆਂ ਫਸਲਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪੁੱਜਾ। ਬਾਬਾ ਸਰੂਪ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਫਿਲੌਰ ਵੀ ਸਾਥੀਆਂ ਨਾਲ ਉਪਰੋਕਤ ਪਿੰਡਾਂ ਵਿੱਚ ਪੁੱਜੇ। ਅਧਿਕਾਰੀ ਹੋਏ ਨੁਕਸਾਨ ਦਾ ਵੇਰਵਾ ਬਣਾ ਰਹੇ ਹਨ।