ਤੇਜ਼ੀ ਨਾਲ ਵਧਦੀ ਅਰਥ-ਵਿਵਸਥਾ ਦੇ ਤਮਗੇ ਦੇ ਉਮਾਹ ਤੋਂ ਬਚੋ : ਰਘੂਰਾਮ ਰਾਜਨ

ਪੁਣੇ (ਨਵਾਂ ਜ਼ਮਾਨਾ ਸਰਵਿਸ)
ਭਾਰਤ ਨੂੰ ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥ-ਵਿਵਸਥਾ ਦਾ ਤਮਗਾ ਮਿਲਣ ਤੋਂ ਉਪਜੇ 'ਉਮਾਹ' ਪ੍ਰਤੀ ਚੌਕਸ ਕਰਦਿਆਂ ਰਿਜ਼ਰਵ ਬੈਂਕ ਦੇ ਗਵਰਨਰ ਰਘੂਰਾਮ ਰਾਜਨ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਦੇਸ਼ ਦੇ ਤੈਅ ਮੁਕਾਮ 'ਤੇ ਪਹੁੰਚਣ ਦਾ ਦਾਅਵਾ ਕਰਨ ਤੋਂ ਪਹਿਲਾਂ ਅਜੇ ਲੰਮਾ ਸਫਰ ਤੈਅ ਕਰਨਾ ਹੈ। ਰਾਜਨ ਨੇ ਇਹ ਗੱਲ ਕਹਿ ਕੇ ਇੱਕ ਤਰ੍ਹਾਂ ਨਾਲ ਭਾਰਤ ਬਾਰੇ ਆਪਣੀ 'ਅੰਨ੍ਹਿਆਂ 'ਚ ਕਾਣਾ ਰਾਜਾ' ਵਾਲੀ ਟਿੱਪਣੀ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾ ਕਿਹਾ ਕਿ ਕੇਂਦਰੀ ਬੈਂਕਰ ਨੂੰ ਵਿਹਾਰਕ ਹੋਣਾ ਹੁੰਦਾ ਹੈ ਅਤੇ ਮੈਂ ਇਸ ਉਮਾਹ ਦਾ ਸ਼ਿਕਾਰ ਨਹੀਂ ਹੋ ਸਕਦਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਾਧਾ ਦਰਜ ਕਰਨ ਵਾਲੀ ਵਿਸ਼ਾਲ ਅਰਥ-ਵਿਵਸਥਾ ਹੈ। ਆਪਣੀ 'ਅੰਨ੍ਹਿਆਂ 'ਚ ਕਾਣਾ ਰਾਜਾ' ਨੂੰ ਸਪੱਸ਼ਟ ਕਰਦਿਆਂ ਰਾਜਨ ਨੇ ਕਿਹਾ ਕਿ ਉਨ੍ਹਾ ਦੀਆਂ ਟਿੱਪਣੀਆਂ ਨੂੰ ਬਿਨਾਂ ਵਜ੍ਹਾ ਅਲੱਗ-ਥਲੱਗ ਕਰਕੇ ਦੇਖਿਆ ਗਿਆ। ਉਨ੍ਹਾ ਦ੍ਰਿਸ਼ਟੀਹੀਣਾਂ ਤੋਂ ਮਾਫੀ ਵੀ ਮੰਗੀ, ਜੇ ਉਨ੍ਹਾਂ ਨੂੰ ਇਸ ਮੁਹਾਵਰੇ ਦੀ ਵਰਤੋਂ ਨਾਲ ਕੋਈ ਤਕਲੀਫ ਹੋਈ ਹੋਵੇ। ਉਨ੍ਹਾ ਕਿਹਾ ਕਿ ਬ੍ਰਿਕਸ ਦੇਸ਼ਾਂ 'ਚ ਭਾਰਤੀਆਂ ਦੀ ਪ੍ਰਤੀ ਵਿਅਕਤੀ ਆਮਦਨ ਸਭ ਤੋਂ ਘੱਟ ਹੈ।
ਰਾਜਨ ਨੇ ਕਿਹਾ, ''ਅਸੀਂ ਆਪਣੇ ਮੁਕਾਮ 'ਤੇ ਪਹੁੰਚਣ ਦਾ ਦਾਅਵਾ ਕਰਨ ਤੋਂ ਪਹਿਲਾਂ ਲੰਮਾ ਸਫਰ ਤੈਅ ਕਰਨਾ ਹੈ। ਅਸੀਂ ਹਰ ਭਾਰਤੀ ਨੂੰ ਨੇਮਬਧ ਰੁਜ਼ਗਾਰ ਦੇ ਸਕੀਏ, ਇਸ ਲਈ ਲਗਾਤਾਰ ਆਰਥਿਕ ਵਾਧੇ ਦੇ ਇਸ ਪ੍ਰਦਰਸ਼ਨ ਨੂੰ 20 ਸਾਲ ਤੱਕ ਬਰਕਰਾਰ ਰੱਖਣ ਦੀ ਜ਼ਰੂਰਤ ਹੈ।''
ਉਨ੍ਹਾ ਇਹ ਵੀ ਕਿਹਾ ਕਿ ਭਾਰਤ ਦਾ ਵਿਸ਼ਵੀ ਅਕਸ ਅਹਿਮ ਹੈ, ਪਰ ਇਸ ਨੂੰ ਅਜਿਹੇ ਦੇਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਿਸ ਨੇ ਆਪਣੀ ਸਮੱਰਥਾ ਤੋਂ ਘੱਟ ਪ੍ਰਦਰਸ਼ਨ ਕੀਤਾ ਹੈ ਅਤੇ ਉਸ ਨੂੰ ਢਾਂਚਾਗਤ ਸੁਧਾਰ ਨੂੰ ਅਮਲ 'ਚ ਲਿਆਉਣਾ ਚਾਹੀਦਾ ਹੈ। ਰਾਸ਼ਟਰੀ ਬੈਂਕ ਪ੍ਰਬੰਧਨ ਸੰਸਥਾਨ (ਐੰੱਨ ਆਈ ਬੀ ਐੱਮ) ਦੇ ਡਿਗਰੀ ਵੰਡ ਸਮਾਰੋਹ 'ਚ ਰਾਜਨ ਨੇ ਕਿਹਾ ਕਿ ਭਾਰਤ ਦਾ ਆਪਣੀ ਸਮਰੱਥਾ-ਵਾਧਾ ਪ੍ਰਾਪਤ ਕਰਨਾ ਅਜੇ ਬਾਕੀ ਹੈ। ਹਾਲਾਂਕਿ ਉਹ ਇਸ ਦਿਸ਼ਾ 'ਚ ਅੱਗੇ ਵਧ ਰਿਹਾ ਹੈ ਅਤੇ ਲਟਕੇ ਹੋਏ ਸੁਧਾਰਾਂ ਦੇ ਨਾਲ ਉਹ ਵਾਧੇ 'ਚ ਜ਼ਿਕਰਯੋਗ ਵਾਧਾ ਦਰਜ ਕਰ ਸਕਦਾ ਹੈ। ਪਿਛਲੇ ਹਫਤੇ ਇੱਕ ਵਿਦੇਸ਼ੀ ਅਖਬਾਰ ਨੂੰ ਦਿੱਤੇ ਗਏ ਇੰਟਰਵਿਊ ਦਾ ਹਵਾਲਾ ਦਿੰਦਿਆਂ ਰਾਜਨ ਨੇ ਕਿਹਾ ਕਿ ਉਨ੍ਹਾ ਦੀ ਟਿੱਪਣੀ ਨੂੰ ਭਾਰਤ ਦੀ ਸਫਲਤਾ ਨੂੰ ਨੀਵਾਂ ਦਿਖਾਉਣ ਦੇ ਤੌਰ 'ਤੇ ਦੇਖਿਆ ਗਿਆ, ਬਜਾਇ ਇਸ ਦੇ ਕਿ ਇਸ ਟਿੱਪਣੀ 'ਚ ਹੋਰ ਜ਼ਿਆਦਾ ਯਤਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਦੇ ਗਵਰਨਰ ਨੇ ਇਸ ਮੁਲਾਕਾਤ 'ਚ ਭਾਰਤ ਦੇ ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਦਰਜ ਕਰਨ ਵਾਲੀ ਅਰਥ-ਵਿਵਸਥਾ ਦੀ ਸਥਿਤੀ ਨੂੰ 'ਅੰਨ੍ਹਿਆਂ 'ਚ ਕਾਣਾ ਰਾਜਾ' ਕਰਾਰ ਦਿੱਤਾ ਸੀ।
ਉਨ੍ਹਾ ਕਿਹਾ ਕਿ ਜਨਤਕ ਅਹੁਦਿਆਂ 'ਤੇ ਬੈਠੇ ਲੋਕ ਜੋ ਵੀ ਸ਼ਬਦ ਜਾਂ ਮੁਹਾਵਰੇ ਬੋਲਦੇ ਹਨ, ਉਨ੍ਹਾਂ ਦਾ ਅਰਥ ਕੱਢਿਆ ਜਾਂਦਾ ਹੈ। ਜਦ ਸ਼ਬਦਾਂ ਨੂੰ ਅਖਬਾਰਾਂ ਦੀਆਂ ਸੁਰਖੀਆਂ 'ਚ ਬਿਨਾਂ ਵਜ੍ਹਾ ਤੂਲ ਦਿੱਤੀ ਜਾਂਦੀ ਹੈ ਤਾਂ ਇਹ ਕਿਸੇ ਲਈ ਅਸਾਨ ਹੋ ਜਾਂਦਾ ਹੈ, ਜਿਹੜਾ ਇਸ ਵਿੱਚ ਸ਼ਰਾਰਤ ਲਈ ਆਪਣੇ ਅਰਥ ਸ਼ਾਮਲ ਕਰਨਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜਨ ਦੀ ਟਿਪਣੀ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਦੁਨੀਆ ਦੇ ਬਾਕੀ ਹਿੱਸੇ ਦੇ ਮੁਕਾਬਲੇ ਭਾਰਤੀ ਅਰਥ-ਵਿਵਸਥਾ ਜ਼ਿਆਦਾ ਤੇਜ਼ੀ ਨਾਲ ਅਤੇ ਦਰਅਸਲ ਸਭ ਤੋਂ ਵੱਧ ਤੇਜ਼ੀ ਨਾਲ ਵਾਧਾ ਦਰਜ ਕਰ ਰਹੀ ਹੈ।
ਵਣਜ ਮੰਤਰੀ ਨਿਰਮਲਾ ਸੀਤਾਰਮਣ ਨੇ ਵੀ ਰਾਜਨ ਦੀ ਟਿੱਪਣੀ ਨੂੰ ਹਲਕੇ ਢੰਗ ਨਾਲ ਨਹੀਂ ਲਿਆ ਅਤੇ ਕਿਹਾ ਕਿ ਇਸ ਦੀ ਥਾਂ ਬਿਹਤਰ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।
ਰਾਜਨ ਨੇ ਇਸ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਇਹ ਆਮ ਤੌਰ 'ਤੇ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਮੁਹਾਵਰਿਆਂ ਦੀ ਸਭ ਤੋਂ ਵੱਧ ਅਸਾਨੀ ਨਾਲ ਅਤੇ ਜਾਣਬੁੱਝ ਕੇ ਗਲਤ ਅਰਥ ਕੱਢਿਆ ਜਾ ਸਕਦਾ ਹੈ। ਉਨ੍ਹਾ ਕਿਹਾ ਕਿ ਜੇ ਅਸੀਂ ਤਰਕਸੰਗਤ ਜਨਤਕ ਬਹਿਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸ਼ਬਦਾਂ ਨੂੰ ਉਨ੍ਹਾਂ ਦੇ ਸੰਦਰਭ 'ਚ ਦੇਖਣਾ ਚਾਹੀਦਾ ਹੈ, ਨਾ ਕਿ ਮੀਨਮੇਖ ਕੱਢਣੀ ਚਾਹੀਦੀ ਹੈ।