ਕੇਜਰੀਵਾਲ ਨੇ ਅਫਸਰਸ਼ਾਹਾਂ ਨੂੰ ਸੁਣਾਈਆਂ ਖਰੀਆਂ-ਖਰੀਆਂ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਅਫਸਰਾਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆਂ ਕਿਹਾ ਹੈ ਕਿ ਜਿਹੜੇ ਸਾਡੀ ਸਰਕਾਰ ਨਾਲ ਕੰਮ ਨਹੀਂ ਕਰਨਾ ਚਾਹੁੰਦੇ, ਉਹ ਜਾਂ ਤਾਂ ਦਿੱਲੀ ਤੋਂ ਬਾਹਰ ਤਬਾਦਲਾ ਕਰਵਾ ਲੈਣ, ਜਾਂ ਕੇਂਦਰ ਸਰਕਾਰ ਨਾਲ ਕੰਮ ਕਰਨ ਤੇ ਜਾਂ ਅਸਤੀਫਾ ਦੇ ਦੇਣ। ਸਰਕਾਰ ਅਜਿਹੇ ਅਫਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗੀ, ਜਿਹੜੇ ਕੈਬਨਿਟ ਦਾ ਹੁਕਮ ਨਹੀਂ ਮੰਨਣਗੇ।
ਸਿਵਲ ਸਰਵਿਸ ਦਿਵਸ ਮੌਕੇ ਅਫਸਰਸ਼ਾਹੀ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਸਰਕਾਰ ਨਾਲ ਸਿਆਸਤ ਨਾ ਕਰਨ। ਉਨ੍ਹਾ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ, ਉਹ 15 ਸਾਲ ਕਿਤੇ ਨਹੀਂ ਜਾਣ ਵਾਲੀ। ਅਜਿਹੀ ਸੂਰਤ ਵਿੱਚ ਅਫਸਰਾਂ ਸਾਹਮਣੇ ਕੋਈ ਦੂਸਰਾ ਬਦਲ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਅਫਸਰ ਹੀ ਸਰਕਾਰ ਨਾਲ ਰਾਜਨੀਤੀ ਕਰਦੇ ਹਨ ਤਾਂ ਸਰਕਾਰ ਦੀ ਭਰੋਸੇਯੋਗਤਾ ਖਤਰੇ ਵਿੱਚ ਪੈ ਜਾਂਦੀ ਹੈ। ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਅਫਸਰਾਂ ਨੂੰ ਆਪ ਸਰਕਾਰ ਦਾ ਹੁਕਮ ਮੰਨਣਾ ਹੀ ਪਵੇਗਾ। ਜੇ ਅਫਸਰਾਂ ਨੇ ਰਾਜਨੀਤੀ ਕਰਨੀ ਹੈ ਤਾਂ ਉਹ ਅਸਤੀਫਾ ਦੇਣ ਅਤੇ ਦੋਵਾਂ ਵਿੱਚ ਸਾਡਾ ਮੁਕਾਬਲਾ ਕਰਕੇ ਦੇਖ ਲੈਣ। ਇਸ ਮੌਕੇ ਉਨ੍ਹਾਂ ਦਸੰਬਰ 'ਚ ਕਈ ਅਫਸਰਾਂ ਦੇ ਹੜਤਾਲ 'ਤੇ ਚਲੇ ਜਾਣ ਦੀ ਘਟਨਾ ਦਾ ਵੀ ਜ਼ਿਕਰ ਕੀਤਾ।
ਉਨ੍ਹਾ ਕਿਹਾ ਕਿ 31 ਦਸੰਬਰ ਨੂੰ 1947 ਤੋਂ ਬਾਅਦ ਭਾਰਤ ਦੇ ਇਤਿਹਾਸ ੀਵੱਚ ਪਹਿਲੀ ਵਾਰ ਦਿੱਲੀ, ਅੰਡੇਮਾਨ ਅਤੇ ਨਿਕੋਬਾਰ ਸਿਵਲ ਸਰਵਿਸ ਦੇ ਅਫਸਰ ਅਤੇ ਆਈ ਏ ਐੱਸ ਹੜਤਾਲ 'ਤੇ ਚਲੇ ਗਏ। ਇਹ ਹੜਤਾਲ ਕੀਤੀ ਵੀ ਕਲੀ-ਜੁੱਟ ਸਕੀਮ ਦੇ ਸ਼ੁਰੂ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ। ਕੇਜਰੀਵਾਲ ਨੇ ਇਸ ਹੜਤਾਲ ਨੂੰ ਬਿਨਾਂ ਕਿਸੇ ਦਾ ਨਾਂਅ ਲਿਆਂ ਇਸ਼ਾਰਿਆਂ-ਇਸ਼ਾਰਿਆਂ 'ਚ ਭਾਜਪਾ ਦੀ ਕੇਂਦਰ ਸਰਕਾਰ ਸਮਰਥਕ ਹੜਤਾਲ ਕਰਾਰ ਦੇ ਦਿੱਤਾ। ਉਨ੍ਹਾ ਕਿਹਾ ਕਿ ਹੜਤਾਲ ਤੋਂ ਪਹਿਲਾਂ ਕੋਈ ਵੀ ਅਫਸਰ ਉਨ੍ਹਾਂ ਕੋਲ ਨਹੀਂ ਆਇਆ। ਕਿਸੇ ਨੇ ਉਨ੍ਹਾਂ ਨੂੰ ਆਪਣੀ ਸਮੱਸਿਆ ਨਹੀਂ ਦੱਸੀ। ਸਿੱਧੇ ਤੌਰ 'ਤੇ ਇਹ ਰਾਜਨੀਤਕ ਰੂਪ ਤੋਂ ਪ੍ਰੇਰਿਤ ਹੜਤਾਲ ਸੀ।
ਕੇਜਰੀਵਾਲ ਨੇ ਕਿਹਾ, ''ਮੇਰੀ ਸਰਕਾਰ ਦਿੱਲੀ ਦੇ ਲੋਕਾਂ ਦੀਆਂ ਉਮੰਗਾਂ ਨੂੰ ਪੂਰਾ ਕਰ ਰਹੀ ਹੈ। ਉਨ੍ਹਾ ਨੇ ਜ਼ਬਰਦਸਤ ਅਤੇ ਇਤਿਹਾਸਕ ਫਤਵਾ ਦੇ ਕੇ ਸਾਡੇ ਵਿੱਚ ਭਰੋਸਾ ਜਿਤਾਇਆ ਹੈ। ਅਫਸਰਾਂ ਨੂੰ ਸਰਕਾਰ ਦੇ ਨਾਲ ਚੱਲਣਾ ਪਵੇਗਾ। ਕਿਸੇ ਨੂੰ ਪਸੰਦ ਹੋਵੇ ਜਾਂ ਨਾ, ਪਰ ਅਫਸਰ ਰਾਜਨੀਤੀ ਨਹੀਂ ਕਰ ਸਕਦੇ।''