ਸੰਤ, ਸਿਆਸਤ ਅਤੇ ਸੌਦਾਗਰੀ


ਇਹ ਸਪੱਸ਼ਟ ਵਿਚਾਰ ਮਾਰਕਸਵਾਦ ਨੇ ਲੋਕਾਂ ਸਾਹਮਣੇ ਰੱਖੇ ਸਨ ਕਿ ਧਰਮ ਅਤੇ ਸੱਤਾ ਵਾਲੇ ਦੋਵੇਂ ਪੱਖ ਹੀ ਪੂੰਜੀ ਦੀ ਸੇਵਾ ਲਈ ਵਰਤੇ ਜਾਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਫਿਰ ਵੀ ਗੱਲ ਸਪੱਸ਼ਟ ਨਹੀਂ ਸੀ ਹੋਈ। ਕੁਝ ਸਰਮਾਏਦਾਰੀ ਦੇ ਧੂਤੂ ਬਣੇ ਹੋਏ ਲੋਕ ਇਸ ਵਿਚਾਰ ਨੂੰ ਕਮਿਊਨਿਸਟਾਂ ਦੇ ਵਿਰੁੱਧ ਵਰਤਣ ਲਈ ਊਟ-ਪਟਾਂਗ ਘਾੜਤਾਂ ਘੜ ਕੇ ਵੀ ਕੁਫਰ ਤੋਲਦੇ ਰਹੇ ਸਨ। ਹੁਣ ਇਹ ਪੱਖ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਰਿਹਾ ਹੈ।
ਨਰਿੰਦਰ ਮੋਦੀ ਦੀ ਪਾਰਟੀ ਆਪਣੇ ਮੁੱਢ ਦੇ ਦਿਨਾਂ ਤੋਂ ਭਾਰਤ ਦੇ ਬਹੁ-ਗਿਣਤੀ ਲੋਕਾਂ ਦੇ ਧਰਮ ਦੇ ਨਾਂਅ ਦਾ ਆਸਰਾ ਲੈ ਕੇ ਚੱਲਦੀ ਰਹੀ ਸੀ। ਬਾਬਰੀ ਮਸਜਿਦ ਢਾਹੁਣ ਤੇ ਓਸੇ ਥਾਂ ਰਾਮ ਮੰਦਰ ਬਣਾਉਣ ਦੇ ਨਾਅਰੇ ਵੀ ਏਸੇ ਲਈ ਲਾਏ ਜਾਂਦੇ ਰਹੇ ਸਨ। ਫਿਰ ਵੀ ਧਰਮ ਅਤੇ ਧਾਰਮਿਕ ਹਸਤੀਆਂ ਦੀ ਜਿੰਨੀ ਦੁਰਵਰਤੋਂ ਸਿਆਸਤ ਦੇ ਲਈ ਨਰਿੰਦਰ ਮੋਦੀ ਨੇ ਕੀਤੀ ਹੈ, ਹੁਣ ਤੱਕ ਕੋਈ ਨਹੀਂ ਸੀ ਕਰ ਸਕਿਆ। ਸਿਆਸਤ ਅਤੇ ਧਰਮ ਦੇ ਮੇਲ ਹੋਣ ਦੇ ਮੁੱਢਲੇ ਸਮਿਆਂ ਤੋਂ ਲੈ ਕੇ ਇੱਕ ਦੂਸਰੇ ਦਾ ਹਿੱਤ ਪਾਲਿਆ ਜਾਂਦਾ ਰਿਹਾ ਹੈ। ਨਰਿੰਦਰ ਮੋਦੀ ਨੇ ਚੋਣਾਂ ਦੇ ਵਿੱਚ ਜਿੰਨੇ ਵੀ ਸਾਧਾਂ-ਸੰਤਾਂ ਦਾ ਆਸਰਾ ਲਿਆ ਸੀ, ਉਨ੍ਹਾਂ ਸਾਰਿਆਂ ਨੂੰ ਲਹਿਰਾਂ ਲਾ ਦਿੱਤੀਆਂ ਹਨ। ਚਿਰਾਂ ਤੋਂ ਭਾਜਪਾ ਅਤੇ ਕਾਂਗਰਸ ਦੋਵਾਂ ਵੱਡੀਆਂ ਪਾਰਟੀਆਂ ਨਾਲ ਨਿਭਦੇ ਆਏ ਸਰਮਾਏਦਾਰ ਵੀ ਇਸ ਵਕਤ ਪਿੱਛੇ ਪਾ ਦਿੱਤੇ ਗਏ ਹਨ ਅਤੇ ਸਾਧਾਂ ਦਾ ਸੌਦਾ ਹਰ ਪਾਸੇ ਵਿਕ ਰਿਹਾ ਹੈ। ਸੰਤਗਿਰੀ ਦੇ ਨਾਂਅ 'ਤੇ ਇਹ ਸਾਰਾ ਦੁਨਿਆਵੀ ਸੌਦਾ ਵਿਕਦਾ ਹੈ।
ਪਿਛਲੇ ਦਹਾਕਿਆਂ ਵਿੱਚ ਸਾਧਾਂ ਦਾ ਇੱਕ ਜਾਂ ਦੂਸਰਾ ਗਰੁੱਪ ਕਾਂਗਰਸ ਪਾਰਟੀ ਨਾਲ ਹੋਇਆ ਕਰਦਾ ਸੀ। ਇੱਕ ਮੌਕੇ ਧੀਰੇਂਦਰ ਬ੍ਰਹਮਚਾਰੀ ਦਾ ਇੰਦਰਾ ਗਾਂਧੀ ਸਰਕਾਰ ਵਿੱਚ ਦਬਦਬਾ ਵੇਖਿਆ ਗਿਆ ਸੀ ਤੇ ਫਿਰ ਇੱਕ ਹੋਰ ਮੌਕੇ ਨਰਸਿਮਹਾ ਰਾਓ ਦੇ ਰਾਜ ਵਿੱਚ ਚੰਦਰਾਸਵਾਮੀ ਦਾ ਉਹੋ ਜਿਹਾ ਦਬਦਬਾ ਸੀ। ਦੋਵਾਂ ਨੇ ਹਾਕਮ ਧਿਰ ਨਾਲ ਆਪਣੀ ਨੇੜਤਾ ਦਾ ਲਾਭ ਆਪਣੀ ਸੰਤਗਿਰੀ ਦੀ ਦੁਕਾਨ ਚਮਕਾਉਣ ਵਾਸਤੇ ਵੀ ਲਿਆ ਸੀ ਤੇ ਨਾਲ ਕਈ ਕਾਰੋਬਾਰਾਂ ਵਾਸਤੇ ਵੀ ਵਰਤਿਆ ਸੀ। ਧੀਰੇਂਦਰ ਬ੍ਰਹਮਚਾਰੀ ਦੀ ਗੰਨ ਫੈਕਟਰੀ ਏਸੇ ਖੇਡ ਦਾ ਹਿੱਸਾ ਸੀ। ਹੁਣ ਤੱਕ ਉਹ ਖੇਡ ਥੋੜ੍ਹੀ ਢਿੱਲੀ ਚੱਲਦੀ ਰਹੀ ਸੀ, ਨਰਿੰਦਰ ਮੋਦੀ ਰਾਜ ਵਿੱਚ ਬੜੀ ਤੇਜ਼ ਹੋ ਗਈ ਹੈ।
ਜਦੋਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਵਾਸਤੇ ਉਮੀਦਵਾਰ ਬਣਾਇਆ ਸੀ, ਉਸ ਨੇ ਪਹਿਲਾ ਕੰਮ ਦੋ-ਤਿੰਨ ਵੱਡੇ ਸਾਧਾਂ ਨਾਲ ਕੁੰਡੀ ਪਾਉਣ ਤੇ ਨਾਲ ਲਾ ਕੇ ਉਨ੍ਹਾਂ ਦੇ ਸੇਵਕਾਂ ਦੀਆਂ ਵੋਟਾਂ ਦਾ ਪਰਾਗਾ ਸੰਭਾਲਣ ਦਾ ਕੀਤਾ ਸੀ। ਉਹ ਵੀ ਸਿਆਸਤ ਅਤੇ ਧਰਮ ਦੀ ਸਿੱਧੀ ਸੌਦੇਬਾਜ਼ੀ ਸੀ। ਪਾਰਲੀਮੈਂਟ ਦੇ ਕੁਝ ਹਲਕਿਆਂ ਤੋਂ ਉਨ੍ਹਾਂ ਦੇ ਚੇਲਿਆਂ ਨੂੰ ਟਿਕਟਾਂ ਵੀ ਦਿੱਤੀਆਂ ਸਨ। ਜਦੋਂ ਉਹ ਚੋਣ ਜਿੱਤ ਕੇ ਪ੍ਰਧਾਨ ਮੰਤਰੀ ਬਣ ਗਿਆ ਤਾਂ ਇਨ੍ਹਾਂ ਸੰਤਾਂ ਦੀ ਸੰਤਗਿਰੀ ਦੀ ਦੁਕਾਨ ਧੀਰੇਂਦਰ ਬ੍ਰਹਮਚਾਰੀ ਵਾਂਗ ਚਮਕ ਪਈ। ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਕੇ ਪਿਛਲੇ ਦਿਨੀਂ ਜਿਵੇਂ ਨਵੀਂ ਦਿੱਲੀ ਵਿੱਚ ਯਮਨਾ ਨਦੀ ਦੇ ਕੰਢੇ ਅਧਿਆਤਮ ਦੇ ਨਾਂਅ ਉੱਤੇ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਪਰਪੰਚ ਕਰਵਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਓਥੇ ਓਦੋਂ ਚਲੇ ਗਏ, ਜਦੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਅਦਾਲਤਾਂ ਉਸ ਦੇ ਖਿਲਾਫ ਕਈ ਤਰ੍ਹਾਂ ਟਿੱਪਣੀਆਂ ਕਰ ਰਹੀਆਂ ਸਨ, ਉਸ ਤੋਂ ਕਈ ਕੁਝ ਸਾਬਤ ਹੁੰਦਾ ਹੈ। ਬਾਅਦ ਵਿੱਚ ਉਸ ਨੇ ਪ੍ਰਦੂਸ਼ਣ ਕਿੰਨਾ ਫੈਲਾਇਆ ਤੇ ਸਫਾਈ ਕੀਤੇ ਬਿਨਾਂ ਕਿਵੇਂ ਤੁਰ ਗਿਆ ਸੀ, ਇਹ ਵੀ ਸਾਰਿਆਂ ਨੂੰ ਪਤਾ ਹੈ।
ਹੁਣ ਇਸ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ। ਯੋਗ ਗੁਰੂ ਅਖਵਾਉਣ ਵਾਲਾ ਰਾਮਦੇਵ ਆਪਣੇ ਕਾਰਖਾਨਿਆਂ ਦਾ ਮਾਲ ਸਰਕਾਰੀ ਮਸ਼ੀਨਰੀ ਅਤੇ ਸਾਧਗਿਰੀ ਦੇ ਬਾਣੇ ਆਸਰੇ ਪਹਿਲਾਂ ਵੇਚਦਾ ਵੇਖਦੇ ਸਾਂ, ਫਿਰ ਸਿਰਸੇ ਵਾਲੇ ਡੇਰਾ ਸੱਚਾ ਸੌਦਾ ਦਾ ਮੁਖੀ ਇਸੇ ਰਾਹ ਤੁਰ ਪਿਆ। ਹੁਣ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਸਾਮਾਨ ਵੀ ਏਸੇ ਫਾਰਮੂਲੇ ਨਾਲ ਪਰੋਸਿਆ ਜਾਣ ਲੱਗਾ ਹੈ। ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਦੁਨੀਆ ਭਰ ਵਿੱਚ ਨੂਡਲਜ਼ ਜਾਂ ਸੇਵੀਆਂ ਦੀ ਪ੍ਰਸਿੱਧ ਚੀਜ਼ ਜਦੋਂ ਕਈ ਦੋਸ਼ਾਂ ਦੀ ਲਪੇਟ ਵਿੱਚ ਆ ਕੇ ਬੰਦ ਹੋਈ ਸੀ ਤਾਂ ਉਸ ਦੇ ਪਿੱਛੇ ਵੀ ਅਸਲ 'ਚ ਕੁਝ ਸਾਧ ਲੋਕ ਸਨ, ਜਿਨ੍ਹਾਂ ਨੇ ਉਸ ਨੂੰ ਪਾਸੇ ਧੱਕ ਕੇ ਆਪਣਾ ਮਾਲ ਓਸੇ ਵਕਤ ਵੇਚਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਓਸੇ ਤਰ੍ਹਾਂ ਦੇ ਵਿਵਾਦਾਂ ਵਿੱਚ ਵੀ ਫਸੇ ਫਿਰਦੇ ਸਨ। ਕੋਈ ਦਵਾਈਆਂ ਵੇਚੀ ਜਾਂਦਾ ਹੈ ਤੇ ਕੋਈ ਸਬਜ਼ੀਆਂ, ਫਲਾਂ ਤੋਂ ਲੈ ਕੇ ਦੁੱਧ-ਘਿਓ ਦੇ ਪੈਕੇਟਾਂ ਨੂੰ ਵੇਚਣ ਲੱਗ ਪਿਆ ਹੈ। ਸਰਕਾਰੀ ਮਸ਼ੀਨਰੀ ਮਦਦ ਕਰ ਰਹੀ ਹੈ।
ਭਾਰਤ ਦੇ ਲੋਕਾਂ ਨੇ ਪਿਛਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਸਰਕਾਰੀ ਤੇ ਸਰਮਾਏਦਾਰੀ ਸਾਧਾਂ ਦੇ ਕਾਰਿਆਂ ਨੂੰ ਬਥੇਰਾ ਭੁਗਤਿਆ ਹੋਇਆ ਹੈ। ਜਿੰਨੇ ਵੀ ਇਸ ਤਰ੍ਹਾਂ ਦੇ ਲੋਕ ਸਾਹਮਣੇ ਆਏ ਹਨ, ਉਨ੍ਹਾਂ ਸਾਰਿਆਂ ਲਈ ਮੁੱਢਲਾ ਮੈਦਾਨ ਸਿਆਸੀ ਬੰਦੇ ਤਿਆਰ ਕਰਦੇ ਰਹੇ ਹਨ, ਪਰ ਜਦੋਂ ਗੱਲ ਅੱਗੇ ਵਧ ਜਾਂਦੀ ਹੈ, ਫਿਰ ਇਹ ਸਿਆਸਤ ਦੇ ਖਿਡਾਰੀਆਂ ਨੂੰ ਵਰਤਣਾ ਸ਼ੁਰੂ ਕਰ ਦੇਂਦੇ ਹਨ। ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਪਿਛਲੇ ਸਾਰੇ ਸਿਆਸੀ ਸਾਧਾਂ ਵਾਂਗ ਇਹ ਵੀ ਉਹੋ ਕੁਝ ਦੁਹਰਾਉਣਗੇ। ਹੋ ਸਕਦਾ ਹੈ ਕਿ ਸਿਰਫ ਸਰਮਾਏ ਦਾ ਕਾਰੋਬਾਰ ਕਰਨ ਅਤੇ ਲੋਕਾਂ ਦੀਆਂ ਜੇਬਾਂ ਖਾਲੀ ਕਰਵਾਉਣ ਤੱਕ ਸੀਮਤ ਰਹਿਣ, ਪਰ ਪਿਛਲੇ ਤਜਰਬੇ ਨੂੰ ਵੇਖਦੇ ਹੋਏ ਇਸ ਪੱਖੋਂ ਜਿਸ ਤਰ੍ਹਾਂ ਦੇ ਜ਼ਿੰਮੇਵਾਰ ਵਿਹਾਰ ਦੀ ਲੋੜ ਹੈ, ਸਰਕਾਰ ਵੱਲੋਂ ਉਹ ਨਹੀਂ ਵਿਖਾਇਆ ਜਾ ਰਿਹਾ। ਰਾਜ ਕਰਦੀ ਧਿਰ ਦੀਆਂ ਰਾਜਸੀ ਲੋੜਾਂ ਜੇ ਕਈ ਕੁਝ ਅਣਗੌਲਿਆ ਕਰਾਉਂਦੀਆਂ ਹਨ ਤਾਂ ਬਾਕੀਆਂ ਨੂੰ ਹੀ ਸੰਭਲ ਕੇ ਚੱਲਣਾ ਚਾਹੀਦਾ ਹੈ।