12 ਹਜ਼ਾਰ ਕਰੋੜ ਰੁਪਏ ਦੇ ਘਪਲੇ ; ਜਾਖੜ ਵੱਲੋਂ ਬਾਦਲ ਨੂੰ ਗੁਦਾਮਾਂ ਦੀ ਜਾਂਚ ਕਰਾਉਣ ਦੀ ਚੁਣੌਤੀ


ਬਠਿੰਡਾ (ਬਖਤੌਰ ਢਿੱਲੋਂ)
ਕੈਗ ਤੇ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬੇਨਕਾਬ ਕੀਤੇ 12 ਹਜ਼ਾਰ ਕਰੋੜ ਰੁਪਏ ਦੇ ਘਪਲੇ ਤੋਂ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੱਚਮੁੱਚ ਹੀ ਸੰਤੁਸ਼ਟ ਨਹੀਂ ਹਨ, ਤਾਂ ਉਹ ਰਾਜ ਦੇ ਗੋਦਾਮਾਂ ਵਿੱਚ ਪਏ ਅਨਾਜ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕਰਨ। ਇਹ ਚੁਣੌਤੀ ਵਿਰੋਧੀ ਧਿਰ ਦੇ ਸਾਬਕਾ ਆਗੂ ਚੌ: ਸੁਨੀਲ ਜਾਖੜ ਨੇ ਦਿੱਤੀ।
ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਦੱਸਿਆ ਕਿ ਸੂਬੇ ਵਿੱਚ ਪੰਜ ਏਜੰਸੀਆਂ ਕਣਕ ਅਤੇ ਝੋਨੇ ਦੀ ਖਰੀਦ ਕਰਦੀਆਂ ਹਨ, ਪਰ ਪੰਜਾਬ ਐਗਰੋ ਫੂਡ ਗਰੇਨ ਤੋਂ ਇਲਾਵਾ ਮੰਗਣ ਦੇ ਬਾਵਜੂਦ ਹੋਰ ਕਿਸੇ ਵੀ ਏਜੰਸੀ ਨੇ ਆਪਣਾ ਹਿਸਾਬ ਕਿਤਾਬ ਕੈਗ ਸਾਹਮਣੇ ਪੇਸ਼ ਨਹੀਂ ਕੀਤਾ। ਖੁਦ ਵੱਲੋਂ ਦਸਤਾਵੇਜ਼ਾਂ ਦੀ ਕੀਤੀ ਪੜਤਾਲ ਦੇ ਹਵਾਲੇ ਨਾਲ ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ ਮਾਲੀ ਵਰ੍ਹੇ 2011, 12 ਅਤੇ 13 ਦੇ ਅੰਕੜੇ 697 ਕਰੋੜ ਰੁਪਏ ਦੇ ਘਪਲੇ ਦੀ ਪੁਸ਼ਟੀ ਕਰਦੇ ਹਨ। ਜੇ ਬਾਕੀ ਏਜੰਸੀਆਂ ਦਾ ਮੁਲੰਕਣ ਵੀ ਇਹਨਾਂ ਅੰਕੜਿਆਂ ਦੇ ਅਧਾਰ 'ਤੇ ਹੀ ਕੀਤਾ ਜਾਵੇ, ਤਾਂ ਠੱਗੀ ਠੋਰੀ ਦਾ ਸਿਲਸਿਲਾ ਹੋਰ ਵੀ ਵਧ ਜਾਂਦਾ ਹੈ।
ਕਾਂਗਰਸ ਆਗੂ ਦੇ ਦੋਸ਼ ਅਨੁਸਾਰ ਖਰੀਦ ਏਜੰਸੀਆਂ ਨੇ ਲੈਣਦਾਰੀਆਂ ਦੇ ਸੰਬੰਧ ਵਿੱਚ ਗੱਡੀਆਂ ਦਾ ਜੋ ਵੇਰਵਾ ਕੈਗ ਸਾਹਮਣੇ ਪੇਸ਼ ਕੀਤਾ ਹੈ, ਉਹਨਾਂ 'ਚੋਂ 33 ਸੌ ਦਾ ਰਜਿਸਟਰੇਸ਼ਨ ਨੰਬਰਾਂ ਦਾ ਮਿਲਾਨ ਹੀ ਗਲਤ ਹੈ। ਇੱਥੇ ਹੀ ਬੱਸ ਨਹੀਂ 8 ਤੋਂ 10 ਫੀਸਦੀ ਉਹ ਗੱਡੀਆਂ ਵੀ ਮਾਲ ਦੀ ਢੋਆ-ਢੁਆਈ ਵਾਸਤੇ ÎਿÂਸਤੇਮਾਲ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਿਹਨਾਂ ਦੇ ਨੰਬਰ ਦੁਪਹੀਆ ਵਾਹਨਾਂ ਨੂੰ ਲੱਗੇ ਹੋਏ ਹਨ। ਇਸ 'ਤੇ ਚੁਟਕੀ ਲੈਂਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਹ ਕਰਾਮਾਤ ਸਿਰਫ ਤੇ ਸਿਰਫ ਪੰਜਾਬ ਵਿੱਚ ਹੀ ਹੋ ਸਕਦੀ ਹੈ, ਜਿੱਥੇ ਸਕੂਟਰਾਂ ਤੇ ਮੋਟਰ ਸਾਈਕਲਾਂ ਨਾਲ ਮਾਲ ਮੰਡੀਆਂ 'ਚੋਂ ਚੁੱਕ ਕੇ ਗੋਦਾਮਾਂ ਵਿਖੇ ਲੋਢ ਕਰਵਾਇਆ ਗਿਆ ਹੈ।
ਕੇਂਦਰੀ ਫੂਡ ਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਇਸ ਦੋਸ਼ ਕਿ ਅਨਾਜ ਦੇ ਘਾਲੇ-ਮਾਲੇ ਵਾਲੇ, ਜੋ ਕੰਡੇ ਉਹਨਾਂ ਦੀ ਸਰਕਾਰ ਨੂੰ ਚੁਗਣੇ ਪੈ ਰਹੇ ਹਨ, ਅਸਲ ਵਿੱਚ ਉਹ ਕਾਂਗਰਸ ਦੀਆਂ ਸਾਬਕਾ ਸੂਬਾਈ ਸਰਕਾਰਾਂ ਨੇ ਹੀ ਬੀਜੇ ਹੋਏ ਸਨ, ਦਾ ਗੰਭੀਰ ਨੋਟਿਸ ਲੈਂਦਿਆਂ ਜਾਖੜ ਨੇ ਇਸ ਨੂੰ ਸਿਰੇ ਦਾ ਗੁੰਮਰਾਹਕੁਨ ਪ੍ਰਚਾਰ ਕਰਾਰ ਦਿੱਤਾ। ਹਕੀਕਤ ਬਿਆਨਦਿਆਂ ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ 2002 ਵਿੱਚ ਕਾਂਗਰਸ ਸਰਕਾਰ ਬਣਦਿਆਂ ਹੀ ਜਦ ਕੇਂਦਰ ਨੇ ਕੈਸ਼ ਕਰੈਡਿਟ ਲਿਮਟ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਉਸ ਵੇਲੇ ਕੇਂਦਰ ਦੇ 2 ਹਜ਼ਾਰ ਕਰੋੜ ਰੁਪਏ ਪੰਜਾਬ ਵੱਲ ਬਾਕੀ ਰਹਿੰਦੇ ਸਨ।
ਮੁੱਖ ਮੰਤਰੀ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਧਰਨੇ ਉਪਰੰਤ ਜਦ ਸ੍ਰੀ ਅਟੱਲ ਬਿਹਾਰੀ ਵਾਜਪਾਈ ਨੇ ਪ੍ਰਧਾਨ ਮੰਤਰੀ ਵਜੋਂ ਹਿਸਾਬ-ਕਿਤਾਬ ਮੰਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਦਸਤਾਵੇਜ਼ੀ ਹਵਾਲਿਆਂ ਨਾਲ ਇਹ ਸਾਬਤ ਕਰ ਦਿੱਤਾ ਸੀ ਕਿ ਇਹ ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ ਹਕੂਮਤ ਛੱਡਣ ਤੋਂ ਪਹਿਲਾਂ ਪੰਜਾਬੀਆਂ ਨੂੰ ਦਿੱਤਾ ਵਿਸ਼ੇਸ਼ ਤੋਹਫਾ ਹੈ। ਇਸ 'ਤੇ ਸ੍ਰੀ ਵਾਜਪਾਈ ਵੱਲੋਂ ਦਿੱਤੇ ਹੁਕਮਾਂ ਦੀ ਬਦੌਲਤ ਉਦੋਂ ਦੇ ਖਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੇ ਕੈਸ਼ ਕਰੈਡਿਟ ਲਿਮਟ ਜਾਰੀ ਕਰ ਦਿੱਤੀ ਸੀ। ਸ੍ਰੀ ਜਾਖੜ ਨੇ ਦਾਅਵਾ ਕੀਤਾ ਕਿ 2007 ਵਿੱਚ ਜਦ ਕਾਂਗਰਸ ਪਾਰਟੀ ਹਕੂਮਤ ਤੋਂ ਲਾਂਭੇ ਹੋਈ ਸੀ, ਤਾਂ ਉਸ ਵੇਲੇ ਸੂਬੇ ਵੱਲ ਅਨਾਜ ਦੀ ਖਰੀਦੋ-ਫਰੋਖਤ ਨਾਲ ਸੰਬੰਧਤ ਕੇਂਦਰ ਦਾ ਇੱਕ ਰੁਪਈਆ ਵੀ ਬਾਕੀ ਨਹੀਂ ਸੀ।
ਉਹਨਾਂ ਵੱਲੋਂ ਅਨਾਜ ਘੁਟਾਲੇ ਸੰਬੰਧੀ ਮੁਕੱਦਮਾ ਦਰਜ ਕਰਵਾਉਣ ਲਈ ਵਿਜੀਲੈਂਸ ਬਿਓਰੋ ਨੂੰ ਦਿੱਤੀ ਦਰਖਾਸਤ ਦੇ ਹਸ਼ਰ ਬਾਰੇ ਪੁੱਛਣ 'ਤੇ ਸ੍ਰੀ ਜਾਖੜ ਨੇ ਕਿਹਾ ਕਿ ਉਹਨਾਂ ਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਇਸ ਉਪਰ ਕਿਸੇ ਕਿਸਮ ਦੀ ਕਾਰਵਾਈ ਨਹੀਂ ਹੋਣੀ, ਪਰ 2017 ਵਿੱਚ ਬਣਨ ਵਾਲੀ ਸਰਕਾਰ ਨੂੰ ਅਸਲ ਕਾਰਵਾਈ ਕਰਨ ਲਈ ਹਥਿਆਰ ਮੁਹੱਈਆ ਕਰਵਾਉਣ ਵਾਸਤੇ ਉਹਨਾਂ ਨੇ ਘਪਲੇ ਦੇ ਦੋਸ਼ੀਆਂ ਨੂੰ ਜੇਲ੍ਹ ਦੀ ਦਾਲ ਪਿਆਉਣ ਲਈ ਮੁੱਢ ਬੰਨ੍ਹ ਦਿੱਤਾ ਹੈ। ਇਸ ਮੌਕੇ ਵਿਧਾਇਕ ਅਜਾਇਬ ਸਿੰਘ ਭੱਟੀ, ਸਾਬਕਾ ਵਿਧਾਇਕ ਮੱਖਣ ਸਿੰਘ, ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਗੋਨਿਆਣਾ ਅਤੇ ਸੀਨੀਅਰ ਆਗੂ ਸੁਖਦੇਵ ਸਿੰਘ ਚਹਿਲ ਵੀ ਮੌਜੂਦ ਸਨ।