ਭਗਵਾ ਅੱਤਵਾਦ ਦੀ ਜਾਂਚ ਡਿੱਗੀ ਮੂਧੇ-ਮੂੰਹ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਥਿਤ ਭਗਵਾ ਅੱਤਵਾਦ ਮਾਮਲੇ ਦੀ ਕੁਝ ਸਾਲ ਪਹਿਲਾਂ ਤੱਕ ਜ਼ੋਰ-ਸ਼ੋਰ ਨਾਲ ਚੱਲ ਰਹੀ ਜਾਂਚ ਹੁਣ ਅਹਿਮ ਗਵਾਹਾਂ ਦੇ ਮੁੱਕਰ ਜਾਣ ਨਾਲ ਰੁਕ ਗਈ ਹੈ। ਅਕਤੂਬਰ 2007 'ਚ ਹੋਏ ਅਜਮੇਰ ਦਰਗਾਹ ਧਮਾਕੇ ਅਤੇ ਫ਼ਰਵਰੀ 2007 ਦੇ ਸਮਝੌਤਾ ਐਕਸਪ੍ਰੈਸ ਬਲਾਸਟ ਮਾਮਲੇ 'ਚ ਹੁਣ ਤੱਕ 40 ਗਵਾਹ ਆਪਣੇ ਬਿਆਨ ਤੋਂ ਮੁਕਰ ਚੁੱਕੇ ਹਨ। ਗਵਾਹਾਂ ਦੇ ਮੁਕਰਨ ਦਾ ਸਿਲਸਿਲਾ 2014 'ਚ ਕੇਂਦਰ 'ਚ ਮੋਦੀ ਦੀ ਅਗਵਾਈ ਹੇਠ ਸਰਕਾਰ ਬਨਣ ਮਗਰੋਂ ਸ਼ੁਰੂ ਹੋਇਆ।
ਭਗਵਾ ਅੱਤਵਾਦ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਦੇ ਸੂਤਰਾਂ ਅਨੁਸਾਰ ਜਿਹੜੇ ਅਹਿਮ ਗਵਾਹਾਂ ਦੇ ਸਿਰ 'ਤੇ ਏਜੰਸੀ ਨੇ ਮਾਲੇਗਾਉਂ ਅਤੇ ਹੈਦਰਾਬਾਦ ਦੇ ਮੱਕਾ ਮਸਜਿਦ ਬਲਾਸਟ ਮਾਮਲੇ 'ਚ ਜਾਂਚ ਅੱਗੇ ਵਧਾਈ ਸੀ, ਹੁਣ ਉਹ ਆਪਣੇ ਬਿਆਨਾਂ ਤੋਂ ਮੁਕਰ ਗਏ ਹਨ। ਜਾਂਚ ਏਜੰਸੀ ਦੇ ਸੂਤਰਾਂ ਨੇ ਕਿਹਾ ਕਿ ਉਹ ਗਵਾਹਾਂ ਨੂੰ ਮੁੜ ਤੋਂ ਬਿਆਨ ਰਿਕਾਰਡ ਕਰਵਾਉਣ ਤੋਂ ਰੋਕ ਨਹੀਂ ਸਕਦੇ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਗਵਾਹਾਂ ਵੱਲੋਂ ਬਿਆਨ ਬਦਲਣ ਦੇ ਬਾਵਜੂਦ ਉਹ ਇਸ ਕੇਸ 'ਚ ਇਸਤਗਾਸਾ ਦਾ ਪੱਖ ਚਾਰਜਸ਼ੀਟ ਮੁਤਾਬਕ ਹੀ ਪੇਸ਼ ਕਰੇਗੀ। ਐਨ ਆਈ ਏ ਨੇ ਕਿਹਾ ਹੈ ਕਿ ਹਾਲਾਂਕਿ ਆਖ਼ਰੀ ਫ਼ੈਸਲਾ ਅਦਾਲਤ 'ਤੇ ਨਿਰਭਰ ਕਰਦਾ ਹੈ, ਪਰ ਗਵਾਹਾਂ ਵੱਲੋਂ ਦੋਸ਼ੀ ਵਿਰੁੱਧ ਵਾਰ-ਵਾਰ ਬਿਆਨ ਬਦਲਣ ਨਾਲ ਕੇਸ ਦੇ ਮੂਧੇ-ਮੂੰਹ ਡਿੱਗਣ ਦੀ ਸੰਭਾਵਨਾ ਵਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਸਮਝੌਤਾ ਐਕਸਪ੍ਰੈਸ 'ਚ ਧਮਾਕੇ ਅਤੇ ਅਜਮੇਰ ਦਰਗਾਹ ਧਮਾਕਾ ਮਾਮਲੇ 'ਚ ਜਿਹੜੇ 40 ਗਵਾਹਾਂ ਨੇ ਆਪਣੇ ਬਿਆਨ ਬਦਲੇ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਨੇ ਕਿਹਾ ਕਿ ਉਨ੍ਹਾ ਪਹਿਲਾਂ ਜੋ ਕੁਝ ਕਿਹਾ ਸੀ, ਉਹ ਦਬਾਅ ਹੇਠ ਦਿੱਤਾ ਗਿਆ ਬਿਆਨ ਸੀ। ਬਹੁਤ ਸਾਰੇ ਗਵਾਹਾਂ ਨੇ ਆਪਣੇ ਬਦਲੇ ਹੋਏ ਬਿਆਨਾਂ 'ਚ ਸਾਫ਼ ਕਿਹਾ ਕਿ ਉਹ ਸੁਆਮੀ ਅਸੀਮਾਨੰਦ ਅਤੇ ਦੂਜੇ ਗਵਾਹਾਂ ਨੂੰ ਜਾਣਦੇ ਤੱਕ ਨਹੀਂ, ਜਦਕਿ ਇਸ ਤੋਂ ਪਹਿਲਾਂ ਦਿੱਤੇ ਗਏ ਬਿਆਨ 'ਚ ਉਨ੍ਹਾਂ ਨੇ ਦੋਸ਼ੀਆਂ ਨੂੰ ਮਿਲਣ ਦਾ ਦਾਅਵਾ ਕੀਤਾ ਸੀ। ਇਹਨਾਂ 'ਚੋਂ ਇੱਕ ਉਦਾਹਰਣ ਰਣਧੀਰ ਸਿੰਘ ਦੀ ਹੈ, ਜਿਹੜਾ ਉੱਤਰਾਖੰਡ ਸਰਕਾਰ 'ਚ ਖੇਤੀਬਾੜੀ ਮੰਤਰੀ ਹਨ। ਰਣਧੀਰ ਸਿੰਘ ਨੇ ਪਹਿਲਾਂ ਸੁਨੀਲ ਜੋਸ਼ੀ ਨੂੰ ਜਾਨਣ ਦੀ ਗੱਲ ਆਖੀ ਸੀ, ਪਰ ਹੁਣ ਉਹ ਬਿਆਨ ਤੋਂ ਬਦਲ ਗਏ ਹਨ। ਜ਼ਿਕਰਯੋਗ ਹੈ ਕਿ ਸੁਨੀਲ ਜੋਸ਼ੀ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਹੀ ਇਹਨਾਂ ਅੱਤਵਾਦੀ ਕਾਰਵਾਈਆਂ ਦੀ ਯੋਜਨਾ ਬਣਾਈ ਸੀ। ਮਗਰੋਂ ਸ਼ੱਕੀ ਹਾਲਾਤ 'ਚ ਸੁਨੀਲ ਜੋਸ਼ੀ ਦੀ ਮੌਤ ਹੋ ਗਈ ਸੀ।