ਕੈਪਟਨ ਨੇ ਖੋਹਿਆ ਅਕਾਲੀਆਂ ਦਾ ਰੰਗ, ਵਿਦੇਸ਼ੀ ਹੋ ਗਏ ਵੇਖ ਕੇ ਦੰਗ

ਅੰਮ੍ਰਿਤਸਰ (ਜਸਬੀਰ ਸਿੰਘ)
ਅਮਰੀਕਾ ਦੀ ਧਰਤੀ 'ਤੇ ਪਹੁੰਚਣ ਸਾਰ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕੈਪਟਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਥਕ ਬਾਣਾ ਧਾਰ ਕੇ ਇੱਕ ਵਾਰੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਿਸ ਨੂੰ ਲੈ ਕੇ ਖੁੰਢ ਚਰਚਾ ਛਿੜ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਪਹੁੰਚਣ 'ਤੇ ਇੱਕ ਪੋਸਟਰ ਜਾਰੀ ਕੀਤਾ ਹੈ, ਜੋ ਕੈਪਟਨ ਅਮਰਿੰਦਰ ਸਿੰਘ ਦੀ ਪੰਥਕ ਦਿੱਖ ਨੂੰ ਬਿਆਨ ਕਰਦਾ ਹੈ। ਪੋਸਟਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਨੀਲੀ ਪੱਗ ਤੇ ਕੇਸਰੀ ਰੰਗ ਦੀ ਫਿਫਟੀ ਲਗਾਈ ਹੋਈ ਹੈ।ਕੈਪਟਨ ਅਮਰਿੰਦਰ ਸਿੰਘ ਅੱਜ-ਕਲ੍ਹ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਰਵਾਸੀ ਪੰਜਾਬੀਆਂ ਨੂੰ ਆਪਣੇ ਨਾਲ ਜੋੜਨ ਦੇ ਮਨਸੂਬੇ ਨਾਲ ਅਮਰੀਕਾ ਤੇ ਕੈਨੇਡਾ ਦੇ 20 ਦਿਨ ਦੇ ਦੌਰੇ 'ਤੇ ਗਏ ਹਨ ਤੇ ਉਹ ਅਕਾਲੀਆਂ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਵਿਰੋਧੀ ਸੱਚਾਈ ਤੋਂ ਜਾਣੂ ਕਰਵਾ ਕੇ ਕਾਂਗਰਸ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਆਪਣੇ ਦੌਰੇ ਦੌਰਾਨ ਉਹ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਖੇ ਪੰਜਾਬੀਆਂ ਨਾਲ ਗੱਲਬਾਤ ਕਰਨਗੇ।ਅਮਰੀਕਾ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਥਕ ਰੂਪ ਧਾਰ ਕੇ ਉੱਥੇ ਰਹਿਣ ਵਾਲੇ ਗਰਮ ਖਿਆਲੀਆਂ ਤੇ ਪੰਥਕ ਸੋਚ ਦੇ ਪਰਵਾਸੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਰੀਬ ਦਸ ਸਾਲ ਪਹਿਲਾਂ ਵੀ ਜਦੋਂ ਕੈਪਟਨ ਵਿਦੇਸ਼ੀ ਦੌਰੇ 'ਤੇ ਗਏ ਸਨ ਤਾਂ ਖਾਲਿਸਤਾਨੀਆਂ ਦੇ ਇੱਕ ਗੁਰਦੁਆਰੇ ਵਿੱਚ ਜਾ ਕੇ ਉਹਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਸੀ, ਜਿਥੇ ਖਾਲਿਸਤਾਨੀ ਨਾਅਰਿਆਂ ਦੇ ਬੈਨਰ ਲੱਗੇ ਹੋਏ ਸਨ। ਕੈਪਟਨ ਦੇ ਇਸ ਰੂਪ ਪਿੱਛੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਦਿਮਾਗ਼ ਹੈ, ਜਿਹੜੇ ਆਪਣੇ ਆਪ ਨੂੰ ਚੋਣ ਮਾਹਿਰ ਹੋਣ ਦਾ ਭਰਮ ਪਾਲ ਰਹੇ ਹਨ ਅਤੇ ਉਹਨਾਂ ਦੀਆਂ ਨੀਤੀਆਂ ਸਦਕਾ ਹੀ ਕੇਜਰੀਵਾਲ ਦਿੱਲੀ ਵਿੱਚ ਤੇ ਨਿਤੀਸ਼ ਲਾਲੂ ਬਿਹਾਰ ਵਿੱਚ ਭਾਜਪਾ ਦਾ ਬੋਰੀਆ-ਬਿਸਤਰਾ ਕਰਕੇ ਸਰਕਾਰਾਂ ਬਣਾਉਣ ਵਿੱਚ ਸਫਲ ਹੋਏ ਹਨ ।ਕਲਰ ਥੈਰੇਪੀ ਤਹਿਤ ਕੈਪਟਨ ਦਾ ਰੂਪ ਲੋਕਾਂ ਸਾਹਮਣੇ ਲਿਆਂਦਾ ਗਿਆ ਹੈ ਅਤੇ ਮਨੋਵਿਗਿਆਨਕ ਤੌਰ 'ਤੇ ਇਹ ਰੰਗ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਰੂਪ ਦਿੱਤਾ ਗਿਆ ਹੈ।
1984 ਦੇ ਸਿੱਖ ਵਿਰੋਧੀ ਦੰਗੇ ਤੇ ਸਾਕਾ ਨੀਲਾ ਤਾਰਾ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਪੰਥਕ ਸਾਬਤ ਕਰਦਿਆਾਂ ਪਹਿਲਾਂ ਰੋਸ ਵਜੋਂ ਮੈਂਬਰ ਪਾਰਲੀਮੈਂਟ ਤਂੋ ਅਸਤੀਫਾ ਦੇ ਦਿੱਤਾ ਤੇ ਫਿਰ ਕਾਂਗਰਸ ਪਾਰਟੀ ਨੂੰ ਹੀ ਅਲਵਿਦਾ ਕਹਿੰਦਿਆਂ ਸਾਕਾ ਨੀਲਾ ਤਾਰਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਸੀ। ਅਕਾਲੀਆਂ ਵੱਲੋਂ ਕਾਂਗਰਸ ਦੇ ਵਿਰੁੱਧ ਕੀਤੇ ਗਏ ਪ੍ਰਚਾਰ ਨੂੰ ਲੈ ਕੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਿੱਖ ਕਾਂਗਰਸ ਪਾਰਟੀ ਪ੍ਰਤੀ ਸਹੀ ਰਾਏ ਨਹੀਂ ਰੱਖਦੇ, ਜਿਸ ਲਈ ਕਾਂਗਰਸ ਪ੍ਰਧਾਨ ਵੱਲੋਂ ਉਥੋਂ ਦੇ ਸਿੱਖਾਂ ਨੂੰ ਆਪਣੇ ਵੱਲੋਂ ਉਸ ਮੌਕੇ ਕੀਤੇ ਗਏ ਐਕਸ਼ਨ ਤੇ ਕਾਂਗਰਸ ਦੇ ਅਕਸ਼ ਦੀ ਸਹੀ ਤਸਵੀਰ ਪੇਸ਼ ਕੀਤੀ ਜਾਵੇਗੀ। ਇਸ ਲਈ ਕੈਪਟਨ ਨੇ ਨੀਲੀ ਪੱਗ ਰਾਹੀਂ ਉਨ੍ਹਾਂ ਨੂੰ ਪੰਥਕ ਸੋਚ ਦਾ ਸੁਨੇਹਾ ਦਿੱਤਾ ਜਾ ਰਿਹਾ ਹ ੈ।ਵੈਸੇ ਕੈਪਟਨ ਦਸਤਾਰਾਂ ਫਿੱਕੇ ਰੰਗਾਂ ਦੀਆਂ ਹੀ ਸਜਾਉਂਦੇ ਹਨ। ਦੂਜੇ ਪਾਸੇ ਸਿੱਖ ਫ਼ਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਦੌਰੇ ਦਾ ਵਿਰੋਧ ਕਰਨ ਅਤੇ ਦਿੱਲੀ ਦੰਗਿਆਂ ਸੰਬੰਧੀ ਕੈਪਟਨ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ, ਜਿਸ ਲਈ ਕੈਪਟਨ ਲਈ ਪਾਰਟੀ ਦੀ ਸੱਚਾਈ ਨੂੰ ਪੇਸ਼ ਕਰਨਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਅਮਰੀਕਾ-ਕੈਨੇਡਾ ਦੌਰੇ ਦੌਰਾਨ ਜਿੱਥੇ ਪੰਜਾਬ ਸਰਕਾਰ ਦੇ ਪੋਲ ਖੋਲ੍ਹਣਗੇ, ਉੱਥੇ ਹੀ ਆਮ ਆਦਮੀ ਪਾਰਟੀ ਦੀ ਅਸਲੀਅਤ ਤੋਂ ਵੀ ਉਨ੍ਹਾਂ ਨੂੰ ਜਾਣੂ ਕਰਵਾਉਣਗੇ, ਕਿਉਂਕਿ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਹਮਾਇਤ ਵਿਦੇਸ਼ਾਂ ਤੋਂ ਮਿਲ ਰਹੀ ਹੈ।ਕੈਪਟਨ ਆਪਣੇ ਦੌਰੇ ਦੌਰਾਨ ਕਿੰਨੇ ਕੁ ਸਫਲ ਰਹਿੰਦੇ ਹਨ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ, ਪਰ ਕੈਪਟਨ ਅਜਿਹੇ ਵਿਅਕਤੀ ਹਨ, ਜਿਹਨਾਂ ਨੂੰ ਚਾਰ ਪੰਜ ਭਾਸ਼ਾਵਾਂ ਦੀ ਜਾਣਕਾਰੀ ਹੈ ਤੇ ਉਹ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕਲਾ ਆਪਣੇ ਸੀਨੇ ਵਿੱਚ ਸਮੋਈ ਬੈਠੇ ਹਨ।