ਫੌਜ 'ਚ ਪੰਜਾਬ ਦੇ ਅਫਸਰਾਂ ਦੀ ਗਿਣਤੀ ਘੱਟ : ਲੈਫ. ਜਨਰਲ ਕੇ ਜੇ ਸਿੰਘ

ਫਤਿਆਬਾਦ (ਸਰਬੋਜਤ ਸਿੰਘ ਸੰਧਾ)
ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਨਿਸ਼ਾਨੇ-ਏ-ਸਿੱਖੀ ਚੈਰੀਟੇਬਲ ਟਰੱਸਟ ਦੁਆਰਾ ਵਿੱਦਿਅਕ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ, ਜਦੋਂ ਫੌਜ ਵਿਚ ਅਫਸਰ ਰੈਂਕ ਦੀ ਭਰਤੀ ਲਈ ਚਲਾਏ ਜਾ ਰਹੇ ਐੱਨ.ਡੀ.ਏ ਕੋਰਸ, ਨਿਸ਼ਾਨੇ-ਏ-ਸਿੱਖੀ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਔਬਸਟੈਕਲ ਕੋਰਸ ਦਾ ਉਦਘਾਟਨ, ਲੈਫਟੀਨੈਂਟ ਜਰਨਲ ਕੇ.ਜੇ ਸਿੰਘ ਪੀ.ਵੀ.ਐੱਸ.ਐਮ. ਏ.ਵੀ.ਐੱਸ.ਐੱਮ ਜੀ.ਓ.ਸੀ-ਇੰਨ-ਵੈਸਟਰਨ ਕਮਾਂਡ ਦੁਆਰਾ ਕੀਤਾ ਗਿਆ। ਉਦਘਾਟਨ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਕੇ.ਜੇ.ਸਿੰਘ ਨੇ ਕਿਹਾ ਕਿ ਕਾਰ ਸੇਵਾ ਮੁਖੀ ਬਾਬਾ ਸੇਵਾ ਸਿੰਘ ਦੇ ਉਪਰਾਲੇ ਨਾਲ ਅੱਠ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਔਬਸਟੈਕਲ ਕੋਰਸ ਦੇ ਪ੍ਰਬੰਧਾਂ ਦਾ ਉਦਘਾਟਨ ਕਰਦਿਆਂ ਮੈਨੂੰ ਬੇਹੱਦ ਖੁਸ਼ੀ ਹੋ ਰਹੀ ਹੈ। ਉਹਨਾਂ ਯਕੀਨ ਦਿਵਾਇਆ ਕਿ ਬਾਬਾ ਸੇਵਾ ਸਿੰਘ ਦੇ ਉੱਦਮ ਸਦਕਾ ਫੌਜ ਦੀ ਖਡੂਰ ਸਾਹਿਬ ਨਾਲ ਸਾਂਝ ਪਈ ਹੈ ਅਤੇ ਫੌਜ ਹਮੇਸ਼ਾ ਤੁਹਾਡੇ ਨਾਲ ਰਹੇਗੀ। ਉਹਨਾਂ ਕਿਹਾ ਕਿ ਬਾਰਡਰ ਏਰੀਏ ਦੇ ਜ਼ਿਲ੍ਹੇ ਵਿੱਚ ਐੱਨ ਡੀ ਏ ਦੀ ਟ੍ਰੇਨਿੰਗ ਦਾ ਇਕ ਪਲੇਟਫਾਰਮ ਮਿਲਿਆ ਹੈ, ਜਿਸ ਨਾਲ ਫੌਜ ਵਿੱਚ ਸਿੱਖ ਅਫਸਰਾਂ ਦੀ ਗਿਣਤੀ ਵਧੇਗੀ। ਉਹਨਾਂ ਇੱਛਾ ਜ਼ਾਹਿਰ ਕੀਤੀ ਕਿ ਇੱਥੋਂ ਬੱਚੇ ਟ੍ਰੇਨਿੰਗ ਲੈ ਕੇ ਫੌਜ ਵਿੱਚ ਭਰਤੀ ਹੋਣ ਅਤੇ ਤਮਗੇ ਹਾਸਿਲ ਕਰਨ। ਇੱਕ ਸਵਾਲ ਦੇ ਜੁਆਬ ਵਿੱਚ ਉਹਨਾਂ ਕਿਹਾ ਕਿ ਫੌਜ ਵਿੱਚ ਪੰਜਾਬ ਦੇ ਜਵਾਨਾਂ ਦੀ ਗਿਣਤੀ ਤਾਂ ਬਾਕੀ ਦੇਸ਼ ਦੇ ਬਰਾਬਰ ਹੈ, ਪਰ ਅਫਸਰਾਂ ਦੀ ਗਿਣਤੀ ਘੱਟ ਹੈ ਅਤੇ ਬਾਬਾ ਸੇਵਾ ਸਿੰਘ ਦੇ ਉਪਰਾਲੇ ਸਦਕਾ ਇਹ ਕਮੀ ਵੀ ਪੂਰੀ ਹੋ ਜਾਵੇਗੀ। ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਉਪਰਾਲੇ ਨਾਲ ਨੌਜੁਆਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਵੀ ਬਚਾਇਆ ਜਾ ਸਕੇਗਾ। ਉਹਨਾਂ ਇਹ ਵੀ ਦੱਸਿਆ ਕਿ ਪਹਿਲਾਂ ਪੂਰਬੀ ਅਤੇ ਦੱਖਣੀ ਭਾਰਤ ਵਿਚ ਹੀ ਭਰਤੀ ਕੇਂਦਰ ਸਨ, ਪਰ ਹੁਣ ਉਤਰੀ ਖੇਤਰ ਵਾਸਤੇ ਕਪੂਰਥਲਾ ਵਿਖੇ ਅਫਸਰ ਕੇਡਰ ਦਾ ਭਰਤੀ ਕੇਂਦਰ ਵੀ ਖੋਲ੍ਹਿਆ ਗਿਆ ਹੈ, ਜਿਸ ਨਾਲ ਇਸ ਖੇਤਰ ਦੇ ਨੌਜਵਾਨਾਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ।
ਇਸ ਸਮੇਂ ਨਿਸ਼ਾਨੇ-ਏ-ਸਿੱਖੀ ਦੇ ਆਡੀਟੋਰੀਅਮ ਵਿੱਚ ਐੱਨ ਡੀ.ਏ ਦੇ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਵਿਕਾਸ ਲਈ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਕੇ.ਜੇ.ਸਿੰਘ ਨੇ ਵਿਦਿਆਰਥੀਆਂ ਨੂੰ ਸੱਚਾਈ 'ਤੇ ਚੱਲਦਿਆਂ ਦ੍ਰਿੜ ਇਰਾਦਾ ਰੱਖਦਿਆਂ ਆਪਣਾ ਨਿਸ਼ਾਨਾ ਮਿੱਥਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ, ਸਖ਼ਤ ਮਿਹਨਤ ਨਾਲ ਮੰਜ਼ਿਲ ਤੁਹਾਡੇ ਕੋਲ ਹੋਵੇਗੀ। ਲੈਫਟੀਨੈਂਟ ਜਨਰਲ ਜੇ.ਐੱਸ.ਚੀਮਾ ਨੇ ਸੈਮੀਨਾਰ ਦੌਰਾਨ ਐੱਨ.ਡੀ. ਏ ਵਿਦਿਆਰਥੀਆਂ ਨੇ ਚੰਗੀਆਂ ਆਦਤਾਂ ਗ੍ਰਹਿਣ ਕਰਨ ਅਤੇ ਚੰਗੀ ਸਿਹਤ ਬਣਾਉਣ ਵੱਲ ਧਿਆਨ ਦੇਣ 'ਤੇ ਜ਼ੋਰ ਦਿੱਤਾ। ਇਸ ਸਮੇਂ ਸੀਨੀਅਰ ਆਈ.ਏ.ਐੱਸ ਅਧਿਕਾਰੀ ਕਰਨ ਅਵਤਾਰ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਦੀ ਚੰਗੀ ਧਾਰਨਾ ਹੋਣੀ ਚਾਹੀਦੀ ਹੈ, ਇਸ ਨਾਲ ਦੇਸ਼ ਅਤੇ ਸਮਾਜ ਦੀ ਤਰੱਕੀ ਹੋਵੇਗੀ। ਇਸ ਮੌਕੇ ਬਾਬਾ ਸੇਵਾ ਸਿੰਘ ਵੱਲੋਂ ਆਏ ਹੋਏ ਫੌਜ ਦੇ ਜਨਰਲ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੈਫਟੀਨੈਂਟ ਜਰਨਲ ਕੇ.ਜੇ ਸਿੰਘ ਵੱਲੋਂ ਕੀਤੇ ਗਏ ਸੰਬੋਧਨ ਨਾਲ ਬੱਚਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲੇਗਾ ਅਤੇ ਬਾਬਾ ਜੀ ਨੇ ਐੱਨ.ਡੀ.ਏ ਦੇ ਬੱਚਿਆਂ ਨੂੰ ਕਿਹਾ ਕਿ ਉਹ ਜਨਰਲ ਸਾਹਿਬ ਵੱਲੋਂ ਦੱਸੇ ਗਏ ਨੁਕਤਿਆਂ ਦਾ ਭਰਪੂਰ ਫਾਇਦਾ ਲੈਣ। ਇਸ ਤੋਂ ਇਲਾਵਾ ਬਾਬਾ ਜੀ ਨੇ ਕਿਹਾ ਕਿ ਪੜ੍ਹਾਈ ਕਰਨ ਵਿੱਚ ਬੱਚੇ ਦੀ 80 ਫ਼ੀਸਦੀ ਮਿਹਨਤ ਆਪਣੀ ਹੁੰਦੀ, ਸੋ ਬੱਚੇ ਆਪ ਪੜ੍ਹਾਈ ਜ਼ੋਰ ਲਗਾ ਕੇ ਕਰਨ ਤੇ ਅਫਸਰ ਬਣਨ ਦੇ ਕਾਬਲ ਬਣਨ।
ਇਸ ਮੌਕੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਦੇ ਐੱਨ ਸੀ ਸੀ ਦੇ ਵਿਦਿਆਰਥੀਆਂ ਨੇ ਗਾਰਡ ਆਫ ਆਨਰ ਦਿੱਤਾ, ਜਿਸਦੀ ਜਨਰਲ ਕੇ ਜੇ ਸਿੰਘ ਨੇ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਜਨਰਲ ਜੇ ਐੱਸ ਚੀਮਾ, ਵੀ ਐੱਸ ਐੱਮ, ਜੀ ਓ ਸੀ 11ਵੀਂ ਪਲਟਨ ਕਰਨਲ ਡਾ. ਐੱਸ ਪੀ ਸਿੰਘ (ਰਿਟਾਇਰਡ) ਲੈਫਟੀਨੈਂਟ ਕਰਨਲ ਪਿਯੂਸ਼ ਬਹੁਗਾਣਾ, ਬ੍ਰਿਗੇਡੀਅਰ, ਹਰਚਰਨ ਸਿੰਘ (ਓਲੰਪੀਅਨ) ਮੇਜਰ ਜਨਰਲ ਐੱਨ ਕੇ ਖੰਡੂਰੀ ਅੰਮ੍ਰਿਤਸਰ, ਬ੍ਰਿਗੇਡੀਅਰ ਸੰਦੀਪ ਸਿੰਘ, ਜਰਨਲ ਮਨਮੋਹਨ ਸਿੰਘ, ਮੇਜਰ ਜਨਰਲ ਰਵਿੰਦਰ ਸਿੰਘ ਛਤਵਾਲ, ਅਵਤਾਰ ਸਿੰਘ ਬਾਜਵਾ, ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ, ਜਨਰਲ ਸ਼ਿਵਦੇਵ ਸਿੰਘ, ਕਰਨਲ ਐੱਸ.ਪੀ ਸਿੰਘ, ਗੁਰਦਿਆਲ ਸਿੰਘ ਡਾਇਰੈਕਟਰ, ਭਾਈ ਵਰਿਆਮ ਸਿੰਘ, ਪਿਆਰਾ ਸਿੰਘ, ਬਲਦੇਵ ਸਿੰਘ ਆਦਿ ਵੀ ਮੌਜੂਦ ਸਨ।