ਮਮਤਾ ਬੈਨਰਜੀ ਨੂੰ ਛੋਟ ਨਹੀਂ ਮਿਲਣੀ ਚਾਹੀਦੀ


ਚੱਕਰ ਇੱਕ ਫੋਟੋ ਦਾ ਹੈ। ਵਕਤ ਵਿਧਾਨ ਸਭਾ ਚੋਣਾਂ ਦਾ ਹੈ। ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਸ ਦੀ ਟੀਮ ਦੇ ਸਾਥੀ ਬੜੀ ਬੁਰੀ ਤਰ੍ਹਾਂ ਫਸੇ ਹੋਏ ਹਨ। ਮੁਕੱਦਮਾ ਦਰਜ ਹੋ ਚੁੱਕਾ ਹੈ। ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਇਸ ਫੋਟੋ ਦਾ ਮੁੱਦਾ ਉਠਾਇਆ ਗਿਆ ਹੈ ਅਤੇ ਠੀਕ ਉਠਾਇਆ ਗਿਆ ਹੈ। ਇਸ ਬਾਰੇ ਸ਼ਿਕਾਇਤ ਵੀ ਇੱਕੋ ਵਕਤ ਉਸ ਰਾਜ ਦੀ ਰਾਜਧਾਨੀ ਕੋਲਕਾਤਾ ਤੇ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੇਸ਼ ਹੋਈ ਹੈ। ਸ਼ਿਕਾਇਤ ਕਰਨ ਵਾਲੀਆਂ ਦੋ ਧਿਰਾਂ ਆਪੋ ਵਿੱਚ ਕਿਸੇ ਨਦੀ ਦੇ ਦੋ ਕਿਨਾਰਿਆਂ ਵਾਂਗ ਹਨ। ਰਾਜਨੀਤੀ ਵਿੱਚ ਉਨ੍ਹਾਂ ਦਾ ਪੈਂਤੜਾ ਇੱਕ ਦੂਸਰੇ ਦੇ ਸਖਤ ਵਿਰੋਧ ਦਾ ਹੈ। ਮਮਤਾ ਬੈਨਰਜੀ ਨੇ ਇਸ ਵਿਰੋਧ ਨੂੰ ਵਿਖਾਵਾ ਕਹਿ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਉਹ ਆਪ ਇਸ ਖੇਡ ਵਿੱਚ ਫਸ ਗਈ ਹੈ। ਉਸ ਦੀ ਪਾਰਟੀ ਨੇ ਇਕ ਫੋਟੋ ਪੇਸ਼ ਕੀਤੀ, ਜਿਸ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਾਰਕਸੀ ਕਮਿਊਨਿਸਟ ਪਾਰਟੀ ਦੇ ਆਗੂ ਪ੍ਰਕਾਸ਼ ਕਾਰਤ ਦੇ ਮੂੰਹ ਵਿੱਚ ਇੱਕ ਲੱਡੂ ਪਾਉਂਦੇ ਵਿਖਾਇਆ ਗਿਆ ਹੈ। ਫੋਟੋ ਜਾਅਲੀ ਨਿਕਲੀ ਹੈ। ਬੀਬੀ ਇਹ ਦੱਸਣਾ ਚਾਹੁੰਦੀ ਸੀ ਕਿ ਇਹ ਆਪੋ ਵਿੱਚ ਮਿਲ ਕੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ। ਖੇਡ ਉਲਟੀ ਪੈ ਗਈ।
ਕਦੀ ਬੰਗਾਲ ਵਿੱਚ ਬੜ੍ਹਕਾਂ ਮਾਰਨ ਵਾਲੀ, ਮੀਡੀਏ ਵੱਲੋਂ 'ਪੱਛਮੀ ਬੰਗਾਲ ਦੀ ਸ਼ੇਰਨੀ'’ ਕਹੀ ਜਾਣ ਵਾਲੀ ਇਸ ਬੀਬੀ ਨੂੰ ਇਸ ਵਾਰੀ ਚੋਣਾਂ ਵਿੱਚ ਆਪਣੀ ਹਾਲਤ ਪਤਲੀ ਜਾਪਣ ਲੱਗ ਪਈ ਹੈ। ਇਸ ਲਈ ਕੁਚੱਜੇ ਕਦਮ ਵੀ ਚੁੱਕਣ ਲੱਗ ਪਈ ਹੈ। ਉਸ ਨੇ ਵਿਰੋਧੀਆਂ ਨੂੰ ਲੋਕਾਂ ਵਿੱਚ ਬਦਨਾਮ ਕਰਨ ਦਾ ਜਾਅਲੀ ਪੈਂਤੜਾ ਮੱਲਿਆ ਅਤੇ ਪੂਰੀ ਤਰ੍ਹਾਂ ਇੱਕ ਜੁਰਮ ਕੀਤਾ ਹੈ। ਕਾਨੂੰਨ ਦੇ ਮੁਤਾਬਕ ਉਸ ਵਿਰੁੱਧ ਕਾਰਵਾਈ ਕਰਨੀ ਬਣਦੀ ਹੈ। ਕਾਰਵਾਈ ਦੇ ਲਈ ਕਾਨੂੰਨੀ ਦੇ ਇਲਾਵਾ ਇੱਕ ਇਖਲਾਕੀ ਆਧਾਰ ਵੀ ਹੈ। ਜਾਧਵਪੁਰ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਇੱਕ ਵਾਰੀ ਮਮਤਾ ਬੈਨਰਜੀ ਦਾ ਇੱਕ ਕਾਰਟੂਨ ਬਣਾਇਆ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਉਸ ਨਾਲੋਂ ਵੱਧ ਜੁਰਮ ਮਮਤਾ ਬੈਨਰਜੀ ਦੀ ਅਗਵਾਈ ਹੇਠ ਉਸ ਦੀ ਪਾਰਟੀ ਨੇ ਕੀਤਾ ਹੈ ਤਾਂ ਓਸੇ ਕਾਨੂੰਨ ਮੁਤਾਬਕ ਇਨ੍ਹਾਂ ਉੱਤੇ ਵੀ ਕਾਰਵਾਈ ਕੀਤੀ ਜਾਣ ਦਾ ਕਾਨੂੰਨੀ ਦੇ ਨਾਲ-ਨਾਲ ਇਖਲਾਕੀ ਆਧਾਰ ਬਣਦਾ ਹੈ।
ਇਹ ਗੱਲ ਵੀ ਚੰਗੀ ਹੋਈ ਹੈ ਕਿ ਇਸ ਵਾਰੀ ਇਹੋ ਜਿਹਾ ਮੁੱਦਾ ਵਿਰੋਧੀ ਧਿਰ ਦੀ ਮਾਰਕਸਵਾਦੀ ਪਾਰਟੀ ਜਾਂ ਕਿਸੇ ਹੋਰ ਧਿਰ ਵੱਲੋਂ ਨਹੀਂ, ਖੁਦ ਭਾਰਤੀ ਜਨਤਾ ਪਾਰਟੀ ਵਾਲਿਆਂ ਵੱਲੋਂ ਚੁੱਕਿਆ ਗਿਆ ਹੈ। ਇਸ ਦੇ ਨਾਲ ਇਹ ਇਖਲਾਕੀ ਆਧਾਰ ਵੀ ਬਣਦਾ ਹੈ ਕਿ ਜਿਵੇਂ ਮਮਤਾ ਬੈਨਰਜੀ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਬਣਦੀ ਹੈ, ਉਹ ਇਖਲਾਕੀ ਆਧਾਰ ਹੁਣ ਕਨ੍ਹਈਆ ਕੁਮਾਰ ਅਤੇ ਹੋਰਨਾਂ ਦੇ ਕੇਸਾਂ ਵਿੱਚ ਵੀ ਬਣਦਾ ਹੈ।
ਸਾਰੇ ਲੋਕ ਜਾਣਦੇ ਹਨ ਕਿ ਕਨ੍ਹਈਆ ਕੁਮਾਰ ਦੇ ਖਿਲਾਫ ਚਲਾਈ ਗਈ ਜਿਹੜੀ ਸੀ ਡੀ ਨਾਲ ਉਸ ਉੱਤੇ ਦੇਸ਼ ਨਾਲ ਧਰੋਹ ਕਰਨ ਦਾ ਝੂਠਾ ਕੇਸ ਬਣਾਇਆ ਗਿਆ ਸੀ, ਉਹ ਵੀ ਕੰਪਿਊਟਰ ਦੀ ਮਦਦ ਨਾਲ ਉਵੇਂ ਹੀ ਬਣਾਈ ਗਈ ਸੀ, ਜਿਵੇਂ ਮਮਤਾ ਬੈਨਰਜੀ ਦੀ ਟੀਮ ਨੇ ਰਾਜਨਾਥ ਸਿੰਘ ਤੇ ਪ੍ਰਕਾਸ਼ ਕਾਰਤ ਦੀ ਫੋਟੋ ਬਣਾਈ ਹੈ। ਬਾਅਦ ਵਿੱਚ ਇਹ ਗੱਲ ਪਤਾ ਲੱਗੀ ਸੀ ਕਿ ਇਸ ਸੀ ਡੀ ਨੂੰ ਇੱਕ ਬੀਬੀ ਦੀ ਆਈ ਡੀ ਵਰਤ ਕੇ ਅੱਗੇ ਤੋਰਿਆ ਗਿਆ ਸੀ ਅਤੇ ਉਹ ਬੀਬੀ ਦੇਸ਼ ਦੀ ਇੱਕ ਕੇਂਦਰੀ ਮੰਤਰੀ ਬੀਬੀ ਦੇ ਨੇੜਲੇ ਘੇਰੇ ਵਿੱਚ ਦੱਸੀ ਜਾਂਦੀ ਹੈ। ਹੁਣ ਉਸ ਦੀ ਜਾਂਚ ਵੀ ਕਰਨ ਦਾ ਆਧਾਰ ਬਣ ਗਿਆ ਹੈ। ਮਮਤਾ ਬੈਨਰਜੀ ਕਦੇ ਭਾਜਪਾ ਨਾਲ ਰਹੀ ਹੈ। ਇਸ ਲਈ ਭਾਜਪਾ ਦੇ ਅਤੇ ਉਸ ਦੇ ਪੈਂਤੜੇ ਵੀ ਲਗਭਗ ਇੱਕੋ ਜਿਹੇ ਜਾਪਦੇ ਹਨ। ਦੋਵਾਂ ਦੀ ਕੇਂਦਰ ਸਰਕਾਰ ਦੀ ਸਾਂਝ ਵੀ ਰਹੀ ਸੀ ਤੇ ਦੋਵਾਂ ਨੇ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਵੀ ਇਕੱਠੀਆਂ ਲੜੀਆਂ ਸਨ।
ਉਂਜ ਇਹੋ ਜਿਹੇ ਲੋਕ ਭਾਜਪਾ ਦੇ ਕੋਲ ਵੀ ਬਥੇਰੇ ਹਨ। ਕੇਂਦਰ ਦੀ ਇੱਕ ਮੰਤਰੀ ਬੀਬੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਦੇ ਇੱਕ ਵਜ਼ੀਰ ਦੀ ਕਿਸੇ ਤਰ੍ਹਾਂ ਰਿਸ਼ਤੇਦਾਰ ਹੈ। ਜਦੋਂ ਉਹ ਕਾਂਗਰਸ ਛੱਡ ਗਈ ਤਾਂ ਇੱਕ ਕਿਤਾਬ ਉਸ ਨੇ ਲਿਖੀ ਤੇ ਫਿਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਰਿਲੀਜ਼ ਕਰਵਾਉਣੀ ਚਾਹੀ, ਪਰ ਉਸ ਵਿੱਚ ਲਾਈ ਗਈ ਇੱਕ ਫੋਟੋ ਦਾ ਪੁਆੜਾ ਪੈ ਗਿਆ। ਉਸ ਫੋਟੋ ਵਿੱਚ ਉਹ ਉਸ ਵਕਤ ਦੇ ਮੰਤਰੀ ਨਾਲ ਸਕੂਲੀ ਵਰਦੀ ਵਿੱਚ ਬੈਠੀ ਦਿਖਾਈ ਗਈ ਸੀ ਤੇ ਬਾਅਦ ਵਿੱਚ ਇਹ ਭੇਦ ਖੁੱਲ੍ਹਾ ਸੀ ਕਿ ਉਸ ਬੀਬੀ ਦੇ ਉਸ ਜਮਾਤ ਦੇ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਉਸ ਕੱਦਾਵਰ ਆਗੂ ਦਾ ਦੇਹਾਂਤ ਹੋ ਚੁੱਕਾ ਸੀ। ਫੋਟੋ ਉਸ 'ਮਹਾਨ' ਨੇ ਕਿਸੇ ਹੋਰ ਦੇ ਨਾਲ ਖਿਚਵਾਈ ਸੀ ਤੇ ਉਸ ਸਾਬਕਾ ਕਾਂਗਰਸੀ ਅਤੇ ਅੱਜ ਦੀ ਭਾਜਪਾ ਮੰਤਰੀ ਬੀਬੀ ਨੇ ਉਸ ਵਿੱਚ ਆਪਣੇ ਬਚਪਨ ਦੀ ਫੋਟੋ ਲਾ ਕੇ ਲੋਕਾਂ ਨੂੰ ਆਪਣੀ ਵਿਰਾਸਤ ਦਾ ਦਾਅਵਾ ਓਦੋਂ ਕਰਨਾ ਚਾਹਿਆ, ਜਦੋਂ ਉਹ ਭਾਜਪਾ ਵਿੱਚ ਸ਼ਾਮਲ ਹੋ ਚੁੱਕੀ ਸੀ। ਓਦੋਂ ਵੀ ਕੁਝ ਲੋਕ ਕਹਿੰਦੇ ਸਨ ਕਿ ਇਸ ਉੱਤੇ ਕੇਸ ਹੋਣਾ ਚਾਹੀਦਾ ਹੈ। ਮਨਮੋਹਨ ਸਿੰਘ ਨੇ ਇਸ ਤਰ੍ਹਾਂ ਕੀਤੇ ਜਾਣ ਤੋਂ ਰੋਕ ਦਿੱਤਾ ਅਤੇ ਗੱਲ ਆਈ-ਗਈ ਹੋ ਗਈ ਸੀ।
ਸਵਾਲ ਉਸ ਬੀਬੀ ਦੇ ਬੜੇ ਪੁਰਾਣੇ ਹੋ ਚੁੱਕੇ ਮੁੱਦੇ ਦਾ ਵੀ ਨਹੀਂ ਤੇ ਸਵਾਲ ਇਸ ਵੇਲੇ ਕਨੱ੍ਹਈਆ ਕੁਮਾਰ ਦਾ ਵੀ ਫੌਰੀ ਏਜੰਡੇ ਉੱਤੇ ਨਹੀਂ, ਸਗੋਂ ਮਮਤਾ ਬੈਨਰਜੀ ਵੱਲੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਦਾ ਹੈ। ਇਸ ਤਰ੍ਹਾਂ ਦੇ ਜੁਰਮ ਇਸ ਲਈ ਕੀਤੇ ਜਾਂਦੇ ਹਨ ਕਿ ਕਾਨੂੰਨ ਕਾਰਵਾਈ ਨਹੀਂ ਕਰਦਾ। ਕਾਰਵਾਈ ਹੋਣੀ ਚਾਹੀਦੀ ਹੈ। ਇਸ ਇੱਕੋ ਕੇਸ ਵਿੱਚ ਸਖਤੀ ਕੀਤੀ ਜਾਵੇ ਤਾਂ ਇਹ ਕੰਮ ਪਹਿਲਾਂ ਕਰ ਚੁੱਕੇ ਲੋਕਾਂ ਨੂੰ ਵੀ ਕੰਨ ਹੋ ਜਾਣਗੇ ਤੇ ਅੱਗੇ ਤੋਂ ਕੋਈ ਇਸ ਦੇਸ਼ ਵਿੱਚ ਆਮ ਆਦਮੀ ਨੂੰ ਬੁੱਧੂ ਬਣਾਉਣ ਦੇ ਲਈ ਕਿਸੇ ਤਕਨੀਕ ਦੀ ਦੁਰਵਰਤੋਂ ਕਰਨ ਵੇਲੇ ਕਾਨੂੰਨ ਦਾ ਡਰ ਮਹਿਸੂਸ ਕਰੇਗਾ। ਮਮਤਾ ਬੈਨਰਜੀ ਦੇ ਖਿਲਾਫ ਕਾਰਵਾਈ ਮਿਸਾਲੀ ਹੋਣੀ ਚਾਹੀਦੀ ਹੈ।