ਇਸ਼ਰਤ ਮਾਮਲੇ ਵਿੱਚ ਚਿਦੰਬਰਮ ਵੱਲੋਂ ਸਰਕਾਰ ਵਿਰੁੱਧ ਟਵੀਟਾਂ ਦੀ ਝੜੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਇਸ਼ਰਤ ਜਹਾਂ ਮਾਮਲੇ 'ਚ ਆਪਣੇ 'ਤੇ ਲੱਗ ਰਹੇ ਦੋਸ਼ਾਂ ਦਰਮਿਆਨ ਅੱਜ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਲਗਾਤਾਰ 11 ਟਵੀਟ ਕਰਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਕੀਤਾ ਅਤੇ ਇਸ਼ਰਤ ਕੇਸ 'ਚ ਆਪਣਾ ਬਚਾਅ ਵੀ ਕੀਤਾ। ਉਨ੍ਹਾ ਕਿਹਾ ਕਿ ਭਾਜਪਾ ਇਸ ਕੇਸ 'ਚ ਹਲਫ਼ਨਾਮੇ ਦਾ ਮੁੱਦਾ ਚੁੱਕ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ਼ਰਤ ਕੇਸ 'ਚ ਹਲਫਨਾਮਾ ਬਦਲਾਉਣ ਲਈ ਉਸ 'ਤੇ ਦਸਤਖਤ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਚਿਦੰਬਰਮ ਨੇ ਟਵਿਟਰ 'ਤੇ ਲਿਖਿਆ ਕਿ ਗ੍ਰਹਿ ਮੰਤਰੀ ਹਲਫ਼ਨਾਮੇ 'ਤੇ ਦਸਤਖਤ ਨਹੀਂ ਕਰਦਾ ਸਗੋਂ ਹਲਫ਼ਨਾਮੇ 'ਤੇ ਅੰਡਰ ਸੈਕਟਰੀ ਦੇ ਦਸਤਖਤ ਹੁੰਦੇ ਹਨ।
ਉਨ੍ਹਾ ਕਿਹਾ ਕਿ ਮੈਨੂੰ ਯਾਦ ਨਹੀਂ ਕਿ ਮੈਂ ਪਹਿਲਾਂ ਹਲਫ਼ਨਾਮਾ ਦੇਖਿਆ ਸੀ, ਫੇਰ ਵੀ ਮੰਨ ਲਉ ਕਿ ਮੈਂ ਹਲਫ਼ਨਾਮਾ ਦੇਖਿਆ ਸੀ। ਇਸ ਮਗਰੋਂ ਮੈਜਿਸਟਰੇਟ ਐਸ ਪੀ ਤਮਾਂਗ ਦੀ ਰਿਪੋਰਟ ਆਈ ਸੀ, ਜਿਸ 'ਤੇ ਹੰਗਾਮਾ ਹੋਇਆ ਅਤੇ ਗੁਜਰਾਤ ਤੋਂ ਮੰਗ ਉੱਠੀ ਕਿ ਕੇਂਦਰ ਸਰਕਾਰ ਪਹਿਲੇ ਹਲਫ਼ਨਾਮੇ ਬਾਰੇ ਫੈਲ ਰਹੇ ਭਰਮ-ਭੁਲੇਖੇ ਦੂਰ ਕਰੇ, ਇਸ ਲਈ ਇੱਕ ਦੂਜਾ ਛੋਟਾ ਹਲਫ਼ਨਾਮਾ ਦਾਇਰ ਕੀਤਾ ਗਿਆ।
ਚਿਦੰਬਰਮ ਨੇ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ 'ਤੇ ਹਾਲ 'ਚ ਹੋਏ ਵਿਵਾਦ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਨਿਸ਼ਾਨਾ ਲਾਇਆ।
ਉਨ੍ਹਾ ਕਿਹਾ ਕਿ ਸਰਕਾਰ ਥੋੜ੍ਹੀ ਜਿਹੀ ਆਲੋਚਨਾ ਵੀ ਨਹੀਂ ਬਰਦਾਸ਼ਤ ਕਰ ਸਕਦੀ ਅਤੇ ਇੱਕ ਜੂਨੀਅਰ ਮੰਤਰੀ ਨੂੰ ਕੇਂਦਰੀ ਬੈਂਕ ਦੇ ਗਵਰਨਰ ਨੂੰ ਦਬਕਾ ਮਾਰਨ ਲਈ ਕਿਹਾ ਗਿਆ। ਜ਼ਿਕਰਯੋਗ ਹੈ ਕਿ ਰਾਜਨ ਨੇ ਕਿਹਾ ਸੀ ਕਿ ਕੌਮਾਂਤਰੀ ਅਰਥ ਵਿਵਸਥਾ 'ਚ ਭਾਰਤ ਦੀ ਸਥਿਤੀ ਅੰਨ੍ਹਿਆਂ 'ਚ ਕਾਨੇ ਰਾਜੇ ਵਰਗੀ, ਜਿਸ ਮਗਰੋਂ ਕੇਂਦਰੀ ਮੰਤਰੀ ਨਿਰਮਲ ਸੀਤਾ ਰਮਨ ਨੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਇਸ ਗੱਲ ਲਈ ਚੰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ।