ਖਾਲਿਦ, ਕਨ੍ਹੱਈਆ ਵਿਰੁੱਧ ਕਾਰਵਾਈ ਗੈਰ-ਵਾਜਬ, ਗੈਰ-ਜਮਹੂਰੀ : ਸੀ ਪੀ ਆਈ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐੱਨ ਯੂ) ਪ੍ਰਸ਼ਾਸਨ ਵੱਲੋਂ ਵਿਦਿਆਰਥੀ ਆਗੂਆਂ ਉਪਰ ਖਾਲਿਦ, ਅਨਿਰਬਾਨ ਤੇ ਕੱਨ੍ਹਈਆ ਕੁਮਾਰ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਗੈਰ-ਵਾਜਬ, ਭੜਕਾਊ ਅਤੇ ਗੈਰ-ਜਮਹੂਰੀ ਕਰਾਰ ਦਿੱਤਾ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਨੇ 25 ਅਪ੍ਰੈਲ ਨੂੰ ਉਮਰ ਖਾਲਿਦ ਅਤੇ ਅਨਿਰਬਾਨ ਨੂੰ 'ਵਰਸਿਟੀ 'ਚੋਂ ਖਾਰਜ ਕਰਨ ਤੇ ਵੀਹ-ਵੀਹ ਹਜ਼ਾਰ ਰੁਪਏ ਦੇ ਜੁਰਮਾਨੇ ਦਾ ਐਲਾਨ ਕੀਤਾ ਹੈ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਵੀ ਬਿਨਾਂ ਕੋਈ ਕਾਰਨ ਦੱਸਿਆ 10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਹੋਰਨਾਂ ਵਿਦਿਆਰਥੀ ਆਗੂਆਂ ਨੂੰ ਵੀ ਜੁਰਮਾਨੇ ਕੀਤੇ ਗਏ ਹਨ।
ਸੀ ਪੀ ਆਈ ਦੇ ਕੇਂਦਰੀ ਸਕੱਤਰੇਤ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਕੈਂਪਸ ਵਿੱਚ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ, ਅਜਿਹੇ ਵਿਦਿਆਰਥੀ ਵਿਰੋਧੀ ਕਦਮ ਕੇਵਲ ਯੂਨੀਵਰਸਿਟੀ ਦਾ ਮਾਹੌਲ ਹੀ ਖਰਾਬ ਕਰਨਗੇ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਇਨ੍ਹਾ ਭੜਕਾਊ ਕਾਰਵਾਈਆਂ ਪਿੱਛੇ ਭਾਜਪਾ, ਏ ਬੀ ਵੀ ਪੀ ਅਤੇ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਮੰਤਰਾਲੇ ਦਾ ਹੱਥ ਹੈ ਅਤੇ ਪ੍ਰਸ਼ਾਸਨ ਉਨ੍ਹਾਂ ਦੇ ਹੱਥਾਂ 'ਚ ਖੇਡ ਰਿਹਾ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਵਿਦਿਆਰਥੀ ਆਗੂਆਂ ਵਿਰੁੱਧ ਕੀਤੀ ਗਈ ਕਾਰਵਾਈ ਵਾਪਸ ਲਈ ਜਾਵੇ ਅਤੇ ਯੂਨੀਵਰਸਿਟੀ 'ਚ ਅਮਨ-ਚੈਨ ਯਕੀਨੀ ਬਣਾਇਆ ਜਾਵੇ।