ਟਰੰਪ ਨੂੰ 5 ਤੇ ਹਿਲੇਰੀ ਨੂੰ 4 ਸੂਬਿਆਂ 'ਚ ਜਿੱਤਾਂ ਦਰਜ

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲੀਕਨ ਪਾਰਟੀ ਦੀ ਉਮੀਦਵਾਰੀ ਦੇ ਦਾਅਵੇਦਾਰ ਡੋਨਾਲਡ ਟਰੰਪ ਨੇ ਪੰਜ ਅਤੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦਾਅਵੇਦਾਰ ਹਿਲੇਰੀ ਕਲਿੰਟਨ ਨੇ ਚਾਰ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ। ਹਿਲੇਰੀ ਕਲਿੰਟਨ ਨੂੰ ਕਨੈਕਿਟਕਟ, ਡੇਲਾਵੇਅਰ, ਪੈਨਸਲਵੇਨੀਆ ਅਤੇ ਮੈਰੀਲੈਂਡ ਵਿੱਚ ਜਿੱਤ ਹਾਸਲ ਹੋਈ ਹੈ। ਡੋਨਾਲਡ ਟਰੰਪ ਨੇ ਪੈਨਸਲਵੇਨੀਆ, ਮੈਰੀਲੈਂਡ ਅਤੇ ਰੋਡ ਸਮੇਤ ਪੰਜ ਸੂਬਿਆਂ ਵਿੱਚ ਜਿੱਤ ਦਰਜ ਕੀਤੀ ਹੈ। ਅਮਰੀਕਾ ਵਿੱਚ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੀ ਚਾਹਵਾਨ ਹਿਲੇਰੀ ਕਲਿੰਟਨ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਚੋਣਾਂ ਜਿੱਤ ਜਾਂਦੀ ਹੈ ਤਾਂ ਉਸ ਦੀ ਕੈਬਨਿਟ ਵਿੱਚ ਅੱਧੀਆਂ ਔਰਤਾਂ ਸ਼ਾਮਲ ਹੋਣਗੀਆਂ। ਹਿਲੇਰੀ ਕਲਿੰਟਨ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਮੀਰਾ ਟੰਡਨ ਨੂੰ ਵੀ ਕੈਬਨਿਟ ਮੰਤਰੀ ਵਜੋਂ ਦੇਖਣਾ ਚਾਹੁੰਦੀ ਹੈ। ਮੀਰਾ ਟੰਡਨ ਨੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ 14 ਸਾਲ ਕੰਮ ਕੀਤਾ ਸੀ। ਹਿਲੇਰੀ ਕਲਿੰਟਨ ਨੇ ਡੋਨਾਲਡ ਟਰੰਪ ਦੇ ਰਹਿਣ ਸਹਿਣ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਜਹਾਜ਼ ਰਾਹੀਂ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਮੀਨ 'ਤੇ ਰਹਿ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ।
ਰੀਅਲ ਅਸਟੇਟ ਨਾਲ ਜੁੜੇ ਖਰਬਾਂਪਤੀ ਟਰੰਪ ਇਕੱਲੇ ਅਜਿਹੇ ਉਮੀਦਵਾਰ ਹਨ, ਜਿਨ੍ਹਾਂ ਕੋਲ ਆਪਣਾ ਜੈੱੋਟ ਜਹਾਜ਼ ਹੈ।