ਭਾਰਤ ਵੱਲੋਂ ਮਾਲਿਆ ਦੀ ਹਵਾਲਗੀ ਲਈ ਬਰਤਾਨੀਆ ਨੂੰ ਪੱਤਰ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੈਂਕਾਂ ਦਾ ਤਕਰੀਬਨ 9 ਹਜ਼ਾਰ ਕਰੋੜ ਰੁਪਏ ਅਦਾ ਕੀਤੇ ਬਗੈਰ ਵਿਦੇਸ਼ ਚਲੇ ਗਏ ਕਿੰਗ ਫਿਸ਼ਰ ਏਅਰਲਾਈਨਜ਼ ਦੇ ਮਾਲਕ ਵਿਜੈ ਮਾਲਿਆ ਦੀ ਹਵਾਲਗੀ ਲਈ ਭਾਰਤ ਨੇ ਬਰਤਾਨੀਆ ਦੇ ਹਾਈ ਕਮਿਸ਼ਨ ਨੂੰ ਪੱਤਰ ਲਿਖਿਆ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਕਿਹਾ ਕਿ ਵਿਜੈ ਮਾਲਿਆ ਟੂਰਿਸਟ ਵੀਜ਼ਾ 'ਤੇ ਬਰਤਾਨੀਆ ਗਏ ਸਨ। ਵੀਜ਼ਾ ਅਰਜ਼ੀ ਮਗਰੋਂ ਉਨ੍ਹਾ ਜਨਤਕ ਤੌਰ 'ਤੇ ਕਿਹਾ ਸੀ ਕਿ ਉਹ ਕਾਨਫ਼ਰੰਸ ਲਈ ਬਰਤਾਨੀਆ ਆਏ ਹਨ, ਜਿਸ ਦੀ ਪ੍ਰਵਾਨਗੀ ਟੂਰਿਸਟ ਵੀਜ਼ਾ 'ਤੇ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਮਾਲਿਆ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਮਾਲਿਆ ਦਾ ਪਾਸਪੋਰਟ ਰੱਦ ਕਰ ਦਿੱਤਾ ਸੀ। ਇਹ ਕਾਰਵਾਈ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਰੀ ਕੀਤੇ ਗਏ ਨੋਟਿਸ 'ਤੇ ਵਿਜੈ ਮਾਲਿਆ ਦੇ ਜੁਆਬ ਮਗਰੋਂ ਕੀਤੀ ਗਈ। ਪਿਛਲੇ ਦਿਨੀਂ ਪੀ ਐਮ ਐਲ ਏ ਐਕਟ 2002 ਤਹਿਤ ਉਨ੍ਹਾ ਵਿਰੁੱਧ ਗ੍ਰਿਫ਼ਤਾਰੀ ਵਰੰਟ ਵੀ ਜਾਰੀ ਕੀਤਾ ਗਿਆ ਸੀ। ਪਾਸਪੋਰਟ ਰੱਦ ਕਰਨ ਤੋਂ ਪਹਿਲਾਂ ਵਿਜੈ ਮਾਲਿਆ ਨੂੰ ਨੋਟਿਸ ਜਾਰੀ ਕਰਕੇ ਵਿਦੇਸ਼ ਮੰਤਰਾਲੇ ਨੇ ਪੁੱਛਿਆ ਸੀ ਕਿ ਕਿਉਂ ਨਾ ਪਾਸਪੋਰਟ ਐਕਟ ਦੀ ਧਾਰਾ 10(3) ਸੀ ਤਹਿਤ ਉਨ੍ਹਾਂ ਦਾ ਪਾਸਪੋਰਟ ਰੱਦ ਕਰ ਦਿੱਤਾ ਜਾਵੇ। ਨੋਟਿਸ ਦਾ ਜੁਆਬ 22 ਅਪ੍ਰੈਲ ਤੱਕ ਦੇਣ ਲਈ ਕਿਹਾ ਗਿਆ ਅਤੇ ਮਾਲਿਆ ਦੇ ਜੁਆਬ ਦੇ ਅਧਾਰ 'ਤੇ ਹੀ ਉਨ੍ਹਾ ਦਾ ਪਾਸਪੋਰਟ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ।