ਦੂਜੇ ਦਿਨ ਵੀ ਰਿਕਾਰਡ 'ਚੋਂ ਹਟਾਉਣੀ ਪਈ ਸੁਆਮੀ ਦੀ ਟਿੱਪਣੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਭਾਜਪਾ ਦੇ ਨਵੇਂ ਬਣੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸੁਆਮੀ ਦੀਆਂ ਟਿੱਪਣੀਆਂ ਨੂੰ ਰਾਜ ਸਭਾ ਦੇ ਰਿਕਾਰਡ 'ਚੋਂ ਦੋ ਦਿਨਾਂ 'ਚ ਅੱਜ ਦੂਜੀ ਵਾਰ ਹਟਾਉਣਾ ਪਿਆ। ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਸੰਸਦ 'ਚ ਸੁਆਮੀ ਦਾ ਅੱਜ ਦਿਨ ਹੈ ਅਤੇ ਦੋ ਦਿਨਾਂ ਅੰਦਰ ਹੀ ਉਨ੍ਹਾ ਦੀ ਟਿਪਣੀ ਨੂੰ ਦੋ ਵਾਰ ਹਟਾਉਣਾ ਪਿਆ। ਉਨ੍ਹਾ ਕਿਹਾ ਕਿ ਸਾਲ 'ਚ 365 ਦਿਨ ਹੁੰਦੇ ਹਨ ਅਤੇ ਸਾਲ 'ਚ ਕਿੰਨੀ ਵਾਰ ਸੁਆਮੀ ਦੀਆਂ ਟਿਪਣੀਆਂ ਨੂੰ ਰਿਕਾਰਡ 'ਚੋਂ ਹਟਾਇਆ ਜਾਵੇਗਾ। ਉਨ੍ਹਾ ਕਿਹਾ ਕਿ ਇਸ ਆਦਮੀ ਦੀ ਇੰਨੀ ਜ਼ਿਆਦਾ ਉਮਰ ਹੋ ਗਈ ਹੈ, ਪਰ ਉਹ ਹੁਣ ਤੱਕ ਸੜਕ ਭਾਸ਼ਾ ਅਤੇ ਸੰਸਦ ਦੀ ਭਾਸ਼ਾ ਦਾ ਫ਼ਰਕ ਨਹੀਂ ਸਮਝ ਸਕੇ। ਸੁਆਮੀ ਵੱਲ ਇਸ਼ਾਰਾ ਕਰਦਿਆਂ ਉਨ੍ਹਾ ਕਿਹਾ ਕਿ ਉਨ੍ਹਾਂ 'ਚ ਅਜੇ ਤੱਕ ਪਰਪੱਕਤਾ ਨਹੀਂ ਆਈ। ਜ਼ਿਕਰਯੋਗ ਹੈ ਕਿ 76 ਸਾਲਾ ਸੁਆਮੀ ਨੂੰ ਕਾਂਗਰਸ ਅਤੇ ਗਾਂਧੀ ਪਰਵਾਰ ਦਾ ਕੱਟੜ ਵਿਰੋਧੀ ਸਮਝਿਆ ਜਾਂਦਾ ਹੈ। ਕਲ੍ਹ ਉਹ ਸੰਸਦ 'ਚ ਉਸ ਵੇਲੇ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਸਨ, ਜਦੋਂ ਉਨ੍ਹਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਮੁੱਦੇ 'ਤੇ ਚਰਚਾ ਦੌਰਾਨ ਇਟਲੀ ਨੂੰ ਮਾਮਲੇ 'ਚ ਘੜੀਸ ਲਿਆ। ਇਸ ਮਗਰੋਂ ਭੜਕੇ ਕਾਂਗਰਸੀ ਮੈਂਬਰਾਂ ਨੇ ਸਪੀਕਰ ਦੁਆਲੇ ਘੇਰਾ ਪਾ ਲਿਆ। ਰਾਜ ਸਭਾ ਦੇ ਡਿਪਟੀ ਚੇਅਰਮੈਨ ਪੀ ਜੇ ਕੁਰੀਅਨ ਨੇ ਟਿਪਣੀ ਨੂੰ ਹਟਾਉਣ ਦਾ ਹੁਕਮ ਦਿੱਤਾ ਅਤੇ ਇਸ ਦੇ ਨਾਲ ਹੀ ਸੁਆਮੀ ਨੂੰ ਚੁਣੌਤੀ ਵੀ ਦਿੱਤੀ।
ਕੁਰੀਅਨ ਨੇ ਕਿਹਾ ਕਿ ਸਿਫ਼ਰ ਕਾਲ 'ਚ ਰੁਕਾਵਟ ਪਾਉਣ ਦੀ ਜਬਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ 'ਤੇ ਅਜ਼ਾਦ ਨੇ ਕਿਹਾ ਕਿ ਸਮੱਸਿਆ ਸਾਨੂੰ ਨਹੀਂ ਸਗੋਂ ਭਾਜਪਾ ਦਾ ਨਵਾਂ ਤੋਹਫ਼ਾ ਸਮੱਸਿਆ ਹੈ, ਜਿਹੜਾ ਸਾਨੂੰ ਕੰਮ ਨਹੀਂ ਕਰਨ ਦੇ ਰਿਹਾ। ਕਲ੍ਹ ਸੁਆਮੀ ਨੇ ਅਗਸਤਾ ਵੈਸਟਲੈਂਡ ਘੁਟਾਲੇ ਦਾ ਮੁੱਦਾ ਚੁੱਕਿਆ ਅਤੇ ਇਸ 'ਚ ਸੋਨੀਆ ਗਾਂਧੀ ਦਾ ਨਾਂਅ ਵੀ ਲਿਆ।
ਗੱਲ ਇੰਨੀ ਵਧ ਗਈ ਕਿ ਮਾਰਸ਼ਲ ਸਦਣੇ ਪਏ, ਜਿਸ 'ਤੇ ਚੇਅਰਮੈਨ ਨੇ ਉਨ੍ਹਾ ਦੀ ਟਿਪਣੀ ਰਿਕਾਰਡ 'ਚੋਂ ਹਟਾਉਣ ਦਾ ਹੁਕਮ ਦਿੱਤਾ। ਜ਼ਿਕਰਯੋਗ ਹੈ ਕਿ ਇਸ ਘੁਟਾਲੇ ਦੇ ਸੰਬੰਧ 'ਚ ਇਟਲੀ ਦੀ ਇੱਕ ਅਦਾਲਤ ਦੇ ਫ਼ੈਸਲੇ 'ਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ ਅਤੇ ਅਹਿਮਦ ਪਟੇਲ ਦਾ ਨਾਂਅ ਵੀ ਸ਼ਾਮਲ ਹੈ।