ਇਟਲੀ ਦੀ ਅਦਾਲਤ ਦੇ ਫ਼ੈਸਲੇ ਮੁਤਾਬਕ ਦੋਸ਼ੀ ਗ੍ਰਿਫ਼ਤਾਰ ਕੀਤੇ ਜਾਣ : ਕੇਜਰੀਵਾਲ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ 'ਤੇ ਇਟਲੀ ਦੀ ਹਾਈ ਕੋਰਟ ਦੇ ਹੁਕਮ ਤੋਂ ਕੁਝ ਦਿਨਾਂ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਚੁੱਪੀ ਤੋੜਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਗਸਤਾ ਵੈਸਟਲੈਂਡ ਦੇ ਮੁੱਦੇ 'ਤੇ ਚੁੱਪ ਕਿਉਂ ਹਨ। ਉਨ੍ਹਾ ਕਿਹਾ ਕਿ ਭਾਜਪਾ ਨੇ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੂੰ ਛੱਡਿਆ ਅਤੇ ਹੁਣ ਭਾਜਪਾ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਬਚਾਉਣ 'ਚ ਲੱਗੀ ਹੋਈ ਹੈ। ਕੇਜਰੀਵਾਲ ਨੇ ਕਿਹਾ ਕਿ ਜਿਹੜੇ ਲੋਕਾਂ ਦਾ ਨਾਂਅ ਇਟਲੀ ਦੀ ਅਦਾਲਤ ਦੇ ਹੁਕਮਾਂ 'ਚ ਆਇਆ ਹੈ, ਉਨ੍ਹਾਂ ਸਾਰਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾ ਤੋਂ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾ ਕਿਹਾ ਕਿ ਮੇਰੇ ਵਿਰੁੱਧ ਸੀ ਬੀ ਆਈ ਦਾ ਛਾਪਾ ਮਰਵਾਇਆ ਗਿਆ, ਪਰ ਹੁਣ ਕਾਂਗਰਸੀਆਂ 'ਤੇ ਛਾਪੇ ਨਹੀਂ ਮਾਰੇ ਜਾ ਰਹੇ।
ਜ਼ਿਕਰਯੋਗ ਹੈ ਕਿ ਇਟਲੀ ਦੀ ਅਦਾਲਤ ਨੇ ਹੈਲੀਕਾਪਟਰ ਘੁਟਾਲੇ ਬਾਰੇ ਪਿਛਲੇ ਦਿਨੀਂ ਫ਼ੈਸਲਾ ਸੁਣਾਇਆ ਹੈ ਅਤੇ ਫ਼ੈਸਲੇ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਕਾਂਗਰਸ ਦੇ ਆਗੂਆਂ ਦੇ ਨਾਵਾਂ ਦਾ ਵੀ ਜ਼ਿਕਰ ਹੈ। ਫੈਸਲੇ 'ਚ ਸੋਨੀਆ ਗਾਂਧੀ ਦਾ ਨਾਂਅ ਵੀ ਆਇਆ ਹੈ।