ਮੇਰੀ ਗ੍ਰਿਫ਼ਤਾਰੀ ਨਾਲ ਪੈਸੇ ਨਹੀਂ ਮਿਲਣ ਵਾਲੇ : ਮਾਲਿਆ


ਲੰਡਨ (ਨਵਾਂ ਜ਼ਮਾਨਾ ਸਰਵਿਸ)-ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਕਿ ਉਹ ਬਰਤਾਨੀਆ ਨਹੀਂ ਛੱਡੇਗਾ ਅਤੇ ਉਸ ਦੀ ਗ੍ਰਿਫ਼ਤਾਰੀ ਨਾਲ ਬੈਂਕਾਂ ਨੂੰ ਪੈਸੇ ਨਹੀਂ ਮਿਲ ਜਾਣਗੇ। ਸ਼ੁੱਕਰਵਾਰ ਨੂੰ ਲੰਡਨ ਵਿੱਚ ਇੱਕ ਇੰਟਰਵਿਊ ਦੌਰਾਨ ਵਿਜੇ ਮਾਲਿਆ ਨੇ ਕਿਹਾ ਕਿ ਉਹ ਬਰਤਾਨੀਆ ਵਿੱਚ ਮਜਬੂਰੀ ਕਾਰਨ ਜਲਾਵਤਨ ਹੋਣ ਲਈ ਮਜਬੂਰ ਹਨ, ਪਰ ਉਹ ਇਹ ਦੇਸ਼ ਨਹੀਂ ਛੱਡਣਗੇ। ਮਾਲਿਆ ਨੇ ਕਿਹਾ ਕਿ ਉਹ ਬੈਂਕਾਂ ਨਾਲ ਪੈਸੇ ਦਾ ਲੈਣ-ਦੇਣ ਕਰਨ ਲਈ ਤਿਆਰ ਸਨ, ਪਰ ਉਨ੍ਹਾਂ ਨੂੰ ਭਾਰਤ ਵਿੱਚ ਆਪਣੀ ਗ੍ਰਿਫ਼ਤਾਰੀ ਦਾ ਡਰ ਹੈ। ਮਾਲਿਆ ਨੇ ਦੋਸ਼ ਲਾਇਆ ਕਿ ਭਾਰਤੀ ਮੀਡੀਆ ਉਸ ਦਾ ਅਕਸ ਖਰਾਬ ਕਰਨ ਵਿੱਚ ਲੱਗਿਆ ਹੋਇਆ ਹੈ। 60 ਸਾਲਾ ਵਿਜੇ ਮਾਲਿਆ ਇਸ ਵੇਲੇ ਸੈਂਟਰਲ ਲੰਡਨ ਆਪਣੇ ਮਹੱਲ ਰੂਪੀ ਘਰ ਮਾਰਮਫੇਅਰ 'ਚ ਰਹਿ ਰਹੇ ਹਨ। ਮਾਲਿਆ ਨੇ ਕਿਹਾ ਕਿ ਉਹ ਪੈਸੇ ਦੇਣ ਲਈ ਤਿਆਰ ਸਨ, ਪਰ ਬੈਂਕਾਂ ਨੇ ਉਨ੍ਹਾਂ ਦਾ ਪ੍ਰਸਤਾਵ ਰੱਦ ਕਰ ਦਿੱਤਾ ਸੀ। ਭਾਰਤ ਨੇ ਹੁਣ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਲਈ ਆਪਣੇ ਕੂਟਨੀਤਕ ਯਤਨ ਤੇਜ਼ ਕਰ ਦਿੱਤੇ ਹਨ।
ਭਾਰਤ ਨੇ ਵਿਜੇ ਮਾਲਿਆ ਦੀ ਹਵਾਲਗੀ ਲਈ ਕੱਲ੍ਹ ਬਰਤਾਨੀਆ ਨੂੰ ਪੱਤਰ ਲਿਖਿਆ ਸੀ। ਬੈਂਕਾਂ ਦਾ ਨੌਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਅਦਾ ਕੀਤੇ ਬਗ਼ੈਰ ਵਿਦੇਸ਼ ਨਿਕਲ ਗਏ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਵਿਜੇ ਮਾਲਿਆ ਦੀ ਹਵਾਲਗੀ ਲਈ ਭਾਰਤ ਨੇ ਬਰਤਾਨੀਆ ਦੇ ਹਾਈ ਕਮਿਸ਼ਨ ਨੂੰ ਰਸਮੀ ਪੱਤਰ ਲਿਖਿਆ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਦੱਸਿਆ ਹੈ ਵਿਜੇ ਮਾਲਿਆ ਟੂਰਿਸਟ ਵੀਜ਼ੇ 'ਤੇ ਬਰਤਾਨੀਆ ਗਏ ਸਨ। ਉਨ੍ਹਾਂ ਕਿਹਾ ਕਿ ਵੀਜ਼ਾ ਅਰਜ਼ੀ ਮਗਰੋਂ ਵਿਜੇ ਮਾਲਿਆ ਨੇ ਜਨਤਕ ਤੌਰ 'ਤੇ ਆਖਿਆ ਸੀ ਕਿ ਉਹ ਕਾਨਫ਼ਰੰਸ 'ਚ ਹਿੱਸਾ ਲੈਣ ਲਈ ਬਰਤਾਨੀਆ ਆਏ ਹਨ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਵਿੱਚ ਹਿੱਸਾ ਲੈਣ ਦੀ ਪ੍ਰਵਾਨਗੀ ਟੂਰਿਸਟ ਵੀਜ਼ੇ 'ਤੇ ਨਹੀਂ ਦਿੱਤੀ ਜਾਂਦੀ।
ਉਨ੍ਹਾਂ ਕਿਹਾ ਕਿ ਵਿਜੇ ਮਾਲਿਆ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਵਿਜੇ ਮਾਲਿਆ ਦਾ ਪਾਸਪੋਰਟ ਰੱਦ ਕਰ ਦਿੱਤਾ ਸੀ। ਤਿੰਨ ਵਾਰ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਵਿਜੇ ਮਾਲਿਆ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਨਹੀਂ ਹੋਇਆ ਸੀ। ਵਿਜੇ ਮਾਲਿਆ ਵਿਰੁੱਧ ਗ੍ਰਿਫ਼ਤਾਰੀ ਵਰੰਟ ਵੀ ਜਾਰੀ ਕੀਤੇ ਜਾ ਚੁੱਕੇ ਹਨ।