ਨੀਟ ਦੀ ਪ੍ਰੀਖਿਆ ਅੱਜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸੁਪਰੀਮ ਕੋਰਟ ਨੇ ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਕੋਰਸਾਂ 'ਚ ਦਾਖ਼ਲੇ ਲਈ ਕੌਮੀ ਪਾਤਰਤਾ ਦਾਖਲਾ ਪ੍ਰੀਖਿਆ (ਨੀਟ) ਵਿਰੁੱਧ ਦਾਇਰ ਤਾਜ਼ਾ ਪਟੀਸ਼ਨ 'ਤੇ ਸ਼ਨੀਵਾਰ ਨੂੰ ਸੁਣਵਾਈ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਸਾਫ਼ ਹੋ ਗਿਆ ਕਿ ਨੀਟ ਦੀ ਪ੍ਰੀਖਿਆ ਐਤਵਾਰ ਇੱਕ ਮਈ ਨੂੰ ਹੀ ਹੋਵੇਗੀ।
ਵਿਦਿਆਰਥੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਕਿਰਪਾ ਕਰਕੇ ਪ੍ਰੀਖਿਆ ਹੋਣ ਦਿਓ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਨੀਟ ਤਹਿਤ 2016-17 ਦੇ ਐੱਮ ਬੀ ਬੀ ਐੱਸ ਅਤੇ ਬੀ ਡੀ ਐੱਸ ਕੋਰਸਾਂ ਲਈ ਇੱਕ ਮਈ ਨੂੰ ਹੋਣ ਵਾਲੀ ਪ੍ਰੀਖਿਆ ਵਿਰੁੱਧ ਕੇਂਦਰ ਸਰਕਾਰ ਵੱਲੋਂ ਦਾਇਰ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਪ੍ਰੀਖਿਆ ਨਿਰਧਾਰਤ ਸਮੇਂ 'ਤੇ ਹੀ ਹੋਵੇਗੀ। ਵੀਰਵਾਰ ਅਦਾਲਤ ਨੇ ਹੁਕਮ ਦਿੱਤਾ ਕਿ ਨੀਟ ਦੀ ਪ੍ਰੀਖਿਆ ਦੋ ਗੇੜਾਂ 'ਚ ਹੋਵੇਗੀ। ਪਹਿਲੇ ਗੇੜ ਦੀ ਪ੍ਰੀਖਿਆ 1 ਮਈ ਨੂੰ ਅਤੇ ਦੂਜੇ ਗੇੜ ਦੀ ਪ੍ਰੀਖਿਆ 24 ਜੁਲਾਈ ਨੂੰ ਕਰਵਾਈ ਜਾਵੇ।
ਅਦਾਲਤ ਨੇ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ ਆਲ ਇੰਡੀਆ ਪੀ ਐੱਮ ਟੀ ਲਈ ਫਾਰਮ ਨਹੀਂ ਭਰਿਆ, ਉਨ੍ਹਾਂ ਨੂੰ ਦੂਜੇ ਗੇੜ 'ਚ 24 ਜੁਲਾਈ ਦੀ ਪ੍ਰੀਖਿਆ 'ਚ ਬੈਠਣ ਦਾ ਮੌਕਾ ਦਿੱਤਾ ਜਾਵੇਗਾ ਅਤੇ 17 ਅਗਸਤ ਨੂੰ ਨਤੀਜੇ ਦਾ ਐਲਾਨ ਕੀਤਾ ਜਾਵੇਗਾ, ਤਾਂ ਜੋ 30 ਸਤੰਬਰ ਤੱਕ ਦਾਖ਼ਲਾ ਪ੍ਰਕ੍ਰਿਆ ਪੂਰੀ ਕੀਤੀ ਜਾ ਸਕੇ।