Latest News

ਲੋਕ ਅਕਾਲੀ-ਭਾਜਪਾ ਦੀ ਸੂਦਖੋਰ-ਪੱਖੀ ਨੀਤੀ ਵਿਰੁੱਧ ਆਵਾਜ਼ ਉਠਾਉਣ : ਕਿਸਾਨ ਸਭਾ

Published on 30 Apr, 2016 11:16 AM.

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਕੁਲ-ਹਿੰਦ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਭੂਪਿੰਦਰ ਸਾਂਬਰ ਅਤੇ ਜਨਰਲ ਸਕੱਤਰ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਅਖੌਤੀ ਐੱਨ ਡੀ ਏ ਅਤੇ ਇਨ੍ਹਾਂ ਦੀ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਕਿ ਇਹ ਜੋਧਪੁਰ ਵਿਚ ਆਪਣੀ ਭੂਮੀ-ਮਾਤਾ ਦੀ ਰਾਖੀ ਲਈ ਮਾਂ-ਪੁੱਤ ਦੀ ਆਤਮ-ਹੱਤਿਆ ਦੇ ਮਾਮਲੇ ਵਿਚ ਸੂਦਖੋਰ-ਆੜ੍ਹਤੀਆਂ ਦੀ ਮਦਦ ਉਤੇ ਉੱਤਰ ਆਏ ਹਨ।
ਦੋਵਾਂ ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਲੀਡਰਾਂ ਨੇ ਪ੍ਰਸ਼ਾਸਨ ਦੇ ਸਰਗਰਮ ਆਸ਼ੀਰਵਾਦ ਨਾਲ ਦਫਤਰਾਂ ਦੇ ਏਅਰ ਕੰਡੀਸ਼ਨਡ ਅਹਾਤੇ ਵਿਚ ਉਹਨਾਂ ਸੂਦਖੋਰਾਂ ਦੇ ਹੱਕ ਵਿਚ ਧਰਨਾ ਮਾਰਿਆ, ਜਿਨ੍ਹਾਂ ਉਤੇ ਦੋਸ਼ ਹੈ ਕਿ ਉਹਨਾਂ ਨੇ ਗਰੀਬ ਕਿਸਾਨ ਮਾਂ ਤੇ ਪੁੱਤ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਲਈ ਮਜਬੂਰ ਕੀਤਾ।
ਸ੍ਰੀ ਬਾਦਲ ਦੀ ਸਰਕਾਰ ਨੇ ਇਨ੍ਹਾਂ ਸੂਦਖੋਰਾਂ ਦੇ ਦਬਾਅ ਹੇਠ ਹੀ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦੇਣ ਦੇ ਅਖੌਤੀ ਕਾਨੂੰਨ ਵਿਚ ਗੰਭੀਰ ਕਮਜ਼ੋਰੀਆਂ ਰੱਖੀਆਂ, ਜਿਸ ਨਾਲ ਉਹ ਕਾਨੂੰਨ ਫੋਕੇ ਪ੍ਰਚਾਰ ਦਾ ਚੀਥੜਾ ਬਣ ਕੇ ਰਹਿ ਗਿਆ ਹੈ, ਜਿਸ ਤੋਂ ਕਰਜ਼ੇ-ਮਾਰੇ ਕਿਸਾਨਾਂ ਨੂੰ ਕੋਈ ਲਾਭ ਮਿਲਣ ਵਾਲਾ ਨਹੀਂ। ਸਾਥੀ ਸਾਂਬਰ ਅਤੇ ਸਾਥੀ ਨਿਹਾਲਗੜ੍ਹ ਨੇ ਕਿਹਾ ਕਿ ਨਰਮੇ-ਕਪਾਹ ਉਤੇ ਚਿੱਟੀ ਮੱਖੀ ਦੇ ਹਮਲੇ ਤੋਂ ਸ਼ੁਰੂ ਕਰਕੇ 9 ਮਹੀਨਿਆਂ ਤੋਂ ਕੋਈ ਦਿਨ ਅਜਿਹਾ ਨਹੀਂ ਲੰਘਦਾ, ਜਿਸ ਦਿਨ ਅਖਬਾਰਾਂ ਵਿਚ ਆਰਥਿਕ ਤੰਗੀ ਕਾਰਨ ਕਿਸਾਨਾਂ, ਮਜ਼ਦੂਰਾਂ ਦੀਆਂ ਕਈ-ਕਈ ਆਤਮ-ਹੱਤਿਆਵਾਂ ਦੀਆਂ ਖਬਰਾਂ ਨਾ ਹੋਣ, ਹੁਣ ਅਕਾਲੀ-ਭਾਜਪਾ ਬੇਸ਼ਰਮੀ ਨਾਲ ਸੂਦਖੋਰਾਂ ਦੇ ਪੱਖ ਵਿਚ ਖਲੋ ਗਏ ਹਨ।
ਝੋਨੇ-ਬਾਸਮਤੀ ਮਗਰੋਂ ਹੁਣ ਕਣਕ ਮੰਡੀਆਂ ਵਿਚ ਰੁਲ ਰਹੀ ਹੈ, ਝਾੜ ਘਟ ਗਿਆ ਹੈ। ਸਰਕਾਰ ਦੱਸੇ ਕਿ ਇਸ ਨੇ ਕਪਾਹ-ਨਰਮੇ ਬਾਰੇ, ਸਾਉਣ ਦੀਆਂ ਫਸਲਾਂ ਅਤੇ ਬਾਸਮਤੀ ਬਾਰੇ ਤੇ ਹੁਣ ਕਣਕ ਬਾਰੇ ਕਿਸਾਨਾਂ ਦੀ ਮੰਡੀ ਵਿਚ ਲੁੱਟ-ਖਸੁੱਟ ਰੋਕਣ, ਲਾਹੇਵੰਦ ਭਾਅ ਦੁਆਉਣ, ਸਮੇਂ ਸਿਰ ਫਸਲ ਦੀ ਚੁਕਾਈ ਅਤੇ ਅਦਾਇਗੀ ਖਾਤਰ ਕੀ ਕੀਤਾ ਹੈ। ਸਰਕਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤੇ ਸਜ਼ਾ ਦੁਆਏ; ਘੱਟੋ-ਘੱਟ ਕਣਕ ਦਾ ਝਾੜ ਘਟਣ ਦੀ ਭਰਪਾਈ ਲਈ ਬੋਨਸ ਦੇਣ; ਜ਼ਮੀਨ, ਘਰ, ਡੰਗਰ-ਪਸ਼ੂ ਤੇ ਮਸ਼ੀਨਰੀ ਦੀ ਕੁਰਕੀ ਦੀ ਮਨਾਹੀ ਦਾ ਆਰਡੀਨੈਂਸ ਜਾਰੀ ਕਰੇ, ਕਰਜ਼ੇ ਉਤੇ ਲੀਕ ਫੇਰੇ, ਭੁਗਤਾਨ ਤੇਜ਼ ਕਰੇ ਤਾਂ ਜੋ ਸੌਣੀ ਦੀ ਬਿਜਾਈ ਲੁਆਈ ਵਿਚ ਔਕੜ ਨਾ ਆਵੇ। ਉਹਨਾਂ ਆਪਣੀਆਂ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਦਖਲ ਵੀ ਦੇਣ ਅਤੇ ਅਕਾਲੀ-ਭਾਜਪਾ ਦੀ ਮਲਕ-ਭਾਗੋ-ਭਗਤੀ ਵੀ ਨੰਗੀ ਕਰਨ।

603 Views

e-Paper