ਹੁਣ ਮੋਦੀ ਦੀ ਜਨਮ ਮਿਤੀ ਨੂੰ ਲੈ ਕੇ ਵਿਵਾਦ


ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਹੀ ਕਾਂਗਰਸ ਨੇ ਉਨ੍ਹਾ ਦੀ ਜਨਮ ਮਿਤੀ 'ਚ ਗੜਬੜ ਹੋਣ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਗੁਜਰਾਤ ਯੂਨੀਵਰਸਿਟੀ ਵੱਲੋਂ ਮੋਦੀ ਦੀ ਡਿਗਰੀ ਦੀ ਜਾਣਕਾਰੀ ਸਾਂਝਾ ਕਰਨ 'ਤੇ ਵੀ ਸੁਆਲ ਕੀਤਾ ਹੈ ਅਤੇ ਕਿਹਾ ਕਿ ਯੂਨੀਵਰਸਿਟੀ ਨੇ ਪਹਿਲਾਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਕਿ ਐਮ ਐਨ ਕਾਲਜ ਦੇ ਵਿਦਿਆਰਥੀ ਰਜਿਸਟਰੇਸ਼ਨ 'ਚ ਮੋਦੀ ਦੀ ਜਨਮ ਮਿਤੀ 29 ਅਗਸਤ 1949 ਦਰਜ ਹੈ। ਉਨ੍ਹਾ ਨੇ ਚੋਣ ਹਲਫ਼ਨਾਮੇ 'ਚ ਜਨਮ ਮਿਤੀ ਨਹੀਂ ਸਿਰਫ਼ ਉਮਰ ਹੀ ਲਿਖੀ ਹੈ, ਜਦਕਿ ਜਨਤਕ ਤੌਰ 'ਤੇ ਉਪਲੱਬਧ ਉਨ੍ਹਾਂ ਦੀ ਜਨਮ ਮਿਤੀ 17 ਸਤੰਬਰ 1950 ਹੈ। ਉਨ੍ਹਾ ਨੇ ਰਜਿਸਟਰ ਦੀ ਕਾਪੀ ਵੀ ਦਿਖਾਈ, ਜਿਸ 'ਚ ਪ੍ਰਧਾਨ ਮੰਤਰੀ ਦਾ ਨਾਂਅ ਨਰਿੰਦਰ ਕੁਮਾਰ ਦਮੋਦਰ ਦਾਸ ਮੋਦੀ ਅਤੇ ਉਨ੍ਹਾ ਦੀ ਜਨਮ ਮਿਤੀ ਲਿਖੀ ਹੋਈ ਹੈ। ਗੋਹਿਲ ਨੇ ਕਿਹਾ ਕਿ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਵੱਖ-ਵੱਖ ਜਨਮ ਮਿਤੀਆਂ ਦੇ ਕੀ ਕਾਰਨ ਹਨ।