ਸੁਪਰੀਮ ਕੋਰਟ ਦੇ ਹੁਕਮ ਬਿਨਾਂ ਵਾਪਸ ਨਹੀਂ ਭੇਜਾਂਗੇ ਇਟਲੀ ਦਾ ਜਲ ਸੈਨਿਕ : ਜੇਤਲੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਦੋ ਭਾਰਤੀ ਮਛੇਰਿਆਂ ਦੇ ਕਤਲ ਦੇ ਦੋਸ਼ੀ ਇਟਲੀ ਦੇ ਜਲ ਸੈਨਿਕਾਂ ਨੂੰ ਵਾਪਸ ਭੇਜਣ ਦੇ ਸੰਬੰਧ 'ਚ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਸਰਕਾਰ ਇਸ ਮਾਮਲੇ 'ਚ ਸੁਪਰੀਮ ਕੋਰਟ ਦੀ ਪ੍ਰਵਾਨਗੀ ਤੋਂ ਬਿਨਾਂ ਕੁਝ ਨਹੀਂ ਕਰੇਗੀ। ਉਨ੍ਹਾ ਕਿਹਾ ਕਿ ਕੌਮਾਂਤਰੀ ਟ੍ਰਿਬਿਊਨਲ ਨੇ ਵੀ ਮਨੁੱਖੀ ਅਧਾਰ 'ਤੇ ਰਾਹਤ ਦੇਣ ਦੀ ਗੱਲ ਆਖੀ ਹੈ ਅਤੇ ਅਸੀਂ ਕਿਸੇ ਦਬਾਅ 'ਚ ਨਹੀਂ ਹਾਂ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਗ਼ੈਰ-ਹਾਜ਼ਰੀ 'ਚ ਲੋਕ ਸਭਾ 'ਚ ਦਿੱਤੇ ਗਏ ਬਿਆਨ 'ਚ ਜੇਤਲੀ ਨੇ ਸੰਯੁਕਤ ਰਾਸ਼ਟਰ ਦੇ ਇੱਕ ਸਾਲਸੀ ਟ੍ਰਿਬਿਊਨਲ ਵੱਲੋਂ ਮਛੇਰਿਆਂ ਦੇ ਕਤਲ ਦੇ ਦੋਸ਼ੀ ਸਲਵਾਤੋਰੇ ਗਿਰੋਨ ਬਾਰੇ ਫ਼ੈਸਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਹੀ ਮਜ਼ਬੂਤੀ ਮਿਲੀ ਹੈ, ਕਿਉਂਕਿ ਟ੍ਰਿਬਿਊਨਲ ਨੇ ਆਪਣੇ ਫ਼ੈਸਲੇ 'ਚ ਗਿਰੋਨ ਨੂੰ ਵਾਪਸ ਲਿਆਉਣ ਲਈ ਭਾਰਤੀ ਸੁਪਰੀਮ ਕੋਰਟ 'ਚ ਜਾਣ ਦੀ ਗੱਲ ਆਖੀ ਹੈ। ਜੇਤਲੀ ਦੇ ਬਿਆਨ 'ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਹਾਊਸ 'ਚੋਂ ਵਾਕ-ਆਊਟ ਕੀਤਾ।
ਜ਼ਿਕਰਯੋਗ ਹੈ ਕਿ ਇਟਲੀ ਦੇ ਜਲ ਸੈਨਿਕਾਂ ਗਿਰੋਨ ਅਤੇ ਲਾਤੋਰੇ ਨੇ 2012 'ਚ ਕੇਰਲ ਦੇ ਤੱਟ ਨੇੜੇ ਦੋ ਭਾਰਤੀ ਮਛੇਰਿਆਂ ਦਾ ਕਥਿਤ ਰੂਪ 'ਚ ਕਤਲ ਕਰ ਦਿੱਤਾ ਸੀ। ਲਾਤੋਰੇ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ 2014 'ਚ ਇਟਲੀ ਚਲਾ ਗਿਆ, ਜਦਕਿ ਗਿਰੋਨ ਇਥੋਂ ਦੇ ਇਟਲੀ ਦੇ ਦੂਤਘਰ 'ਚ ਰਹਿ ਰਿਹਾ ਹੈ।