ਸੰਸਦੀ ਕਮੇਟੀ ਵੱਲੋਂ ਪੰਜਾਬ ਪੁਲਸ 'ਤੇ ਉਂਗਲ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਪਠਾਨਕੋਟ ਦੇ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਅੰਦਰੂਨੀ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੇ ਇਸ ਹਮਲੇ ਲਈ ਭਾਰਤ ਸਰਕਾਰ ਅਤੇ ਸੁਰੱਖਿਆ ਏਜੰਸੀਆਂ 'ਤੇ ਸੁਆਲ ਖੜੇ ਕੀਤੇ ਹਨ। ਸੰਸਦੀ ਕਮੇਟੀ ਦੇ ਮੁਖੀ ਪ੍ਰਦੀਪ ਭੱਟਾਚਾਰਿਆ ਨੇ ਕਿਹਾ ਹੈ ਕਿ ਜੇ ਭਾਰਤ ਸਰਕਾਰ ਗੰਭੀਰ ਹੁੰਦੀ ਅਤੇ ਖੁਫ਼ੀਆ ਏਜੰਸੀਆਂ ਨੇ ਸਹੀ ਤਰੀਕੇ ਨਾਲ ਕੰਮ ਕੀਤਾ ਹੁੰਦਾ ਤਾਂ ਤਸਵੀਰ ਦੂਜੀ ਹੁੰਦੀ। ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਦੇਸ਼ ਦੇ ਅੱਤਵਾਦ ਵਿਰੋਧੀ ਸੁਰੱਖਿਆਤੰਤਰ 'ਚ ਕਿਤੇ ਨਾ ਕਿਤੇ ਭਾਰੀ ਗੜਬੜ ਹੈ। ਗ੍ਰਹਿ ਮੰਤਰਾਲੇ ਦੀ ਇਸ ਸਥਾਈ ਕਮੇਟੀ ਨੇ ਆਪਣੀ 197ਵੀਂ ਰਿਪੋਰਟ 'ਚ ਪੰਜਾਬ ਪੁਲਸ ਦੇ ਰੋਲ 'ਤੇ ਵੀ ਸਵਾਲ ਉਠਾਏ ਹਨ। ਪੰਜਾਬ ਪੁਲਸ ਦੀ ਭੂਮਿਕਾ ਨੂੰ ਸ਼ੱਕੀ ਮੰਨਦਿਆਂ ਇਸ ਪੈਨਲ ਨੇ ਕਿਹਾ ਹੈ ਕਿ ਉਹ ਇਹ ਸਮਝ ਸਕਣ 'ਚ ਅਸਫਲ ਰਿਹਾ ਹੈ ਕਿ ਅੱਤਵਾਦੀ ਸਰਗਰਮੀ ਦਾ ਅਲਰਟ ਮਿਲਣ ਤੋਂ ਬਾਅਦ ਵੀ ਅੱਤਵਾਦੀ ਏਨੇ ਸੁਰੱਖਿਅਤ ਢੰਗ ਨਾਲ ਹਵਾਈ ਅੱਡੇ 'ਚ ਕਿਸ ਤਰ੍ਹਾਂ ਜਾ ਘੁਸੇ।
ਕਮੇਟੀ ਨੇ ਸਰਕਾਰ ਵੱਲੋਂ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਨੂੰ ਭਾਰਤ ਆਉਣ ਦੀ ਇਜਾਜ਼ਤ ਦੇਣ 'ਤੇ ਵੀ ਸੁਆਲ ਕੀਤੇ ਹਨ। ਕਮੇਟੀ ਦੇ ਮੁਖੀ ਨੇ ਕਿਹਾ ਕਿ ਅੱਜ ਵੀ ਪਠਾਨਕੋਟ ਏਅਰਬੇਸ 'ਚ ਸੁਰੱਖਿਆ ਦੀ ਸਥਿਤੀ ਠੀਕ ਨਹੀਂ ਹੈ। ਭੱਟਾਚਾਰਿਆ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਕਮੇਟੀ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾ ਕਿਹਾ ਕਿ ਕਮੇਟੀ ਨੇ ਪਠਾਨਕੋਟ ਏਅਰਬੇਸ ਦੇ ਦੌਰੇ ਦੌਰਾਨ ਦੇਖਿਆ ਕਿ ਅੱਤਵਾਦੀ ਹਮਲੇ ਦੇ ਬਾਵਜੂਦ ਪਠਾਨਕੋਟ ਏਅਰਬੇਸ ਦੀ ਸੁਰੱਖਿਆ ਚੁਸਤ-ਦਰੁਸਤ ਨਹੀਂ ਹੈ। ਉਨ੍ਹਾ ਕਿਹਾ ਕਿ ਸੁਰੱਖਿਆ ਏਜੰਸੀਆਂ ਅੱਤਵਾਦੀ ਹਮਲੇ ਨਾਲ ਨਿਪਟਣ ਲਈ ਤਿਆਰ ਨਹੀਂ ਸਨ। ਉਨ੍ਹਾ ਕਿਹਾ ਕਿ ਕਮੇਟੀ ਨੂੰ ਇਹ ਗੱਲ ਸਮਝ ਨਹੀਂ ਆਈ ਕਿ ਅੱਤਵਾਦੀ ਪਠਾਨਕੋਟ ਏਅਰਬੇਸ ਤੱਕ ਕਿਵੇਂ ਪੁੱਜ ਗਏ।
ਭੱਟਾਚਾਰਿਆ ਨੇ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੇ ਪਠਾਨਕੋਟ ਏਅਰਬੇਸ ਦੇ ਅਧਿਕਾਰੀਆਂ ਨਾਲ ਲੰਮੀ ਗੱਲਬਾਤ ਕੀਤੀ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਏਅਰਬੇਸ 'ਤੇ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਤੜਕੇ ਹਮਲੇ ਬਾਰੇ ਜਾਣਕਾਰੀ ਮਿਲੀ ਅਤੇ ਉਹ ਜਾਣਕਾਰੀ ਵੀ ਪੰਜਾਬ ਤੋਂ ਨਹੀਂ ਸਗੋਂ ਦਿੱਲੀ ਏਅਰਫੋਰਸ ਤੋਂ ਮਿਲੀ। ਉਨ੍ਹਾ ਕਿਹਾ ਕਿ ਸੁਆਲ ਇਹ ਹੈ ਕਿ ਦਿੱਲੀ ਏਅਰਫੋਰਸ ਨੂੰ ਇਹ ਜਾਣਕਾਰੀ ਕਿਸ ਨੇ ਦਿੱਤੀ। ਉਨ੍ਹਾ ਕਿਹਾ ਕਿ ਇਹ ਕੁਝ ਅਜਿਹੇ ਸੁਆਲ ਹਨ, ਜਿਨ੍ਹਾਂ ਦਾ ਜੁਆਬ ਲੱਭਿਆ ਜਾਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਦੇਸ਼ 'ਚ ਅੱਤਵਾਦ ਰੋਕੂ ਤੰਤਰ 'ਚ ਖਾਮੀਆਂ ਹਨ। ਜਾਂਚ ਏਜੰਸੀਆਂ ਨੂੰ ਐਸ ਪੀ ਸਲਵਿੰਦਰ ਸਿੰਘ ਤੋਂ ਇੱਕ ਵਾਰ ਫੇਰ ਪੁੱਛਗਿੱਛ ਕਰਨੀ ਚਾਹੀਦੀ ਸੀ, ਕਿਉਂਕਿ ਐਸ ਪੀ ਪਠਾਨਕੋਟ ਦੀਆਂ ਸਰਗਰਮੀਆਂ ਸ਼ੱਕੀ ਸਨ, ਪਰ ਉਨ੍ਹਾ ਤੋਂ ਪੁੱਛਗਿੱਛ ਸਹੀ ਤਰ੍ਹਾਂ ਨਹੀਂ ਕੀਤੀ ਗਈ। ਕਮੇਟੀ ਨੇ ਕਿਹਾ ਕਿ ਭਾਰਤ ਦੀ ਕੋਈ ਅੱਤਵਾਦ ਵਿਰੋਧੀ ਨੀਤੀ ਨਹੀਂ ਹੈ, ਜਿਸ ਕਰਕੇ ਜਾਣਕਾਰੀ ਹੋਣ ਦੇ ਬਾਵਜੂਦ ਹਮਲਾ ਰੋਕਿਆ ਨਾ ਜਾ ਸਕਿਆ। ਕਮੇਟੀ ਨੇ ਕਿਹਾ ਕਿ ਮਾਮਲੇ 'ਚ ਪੰਜਾਬ ਪੁਲਸ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ।
ਕਮੇਟੀ ਨੇ ਕਿਹਾ ਕਿ ਏਅਰਬੇਸ ਦੀ ਸੁਰੱਖਿਆ 'ਚ ਖਾਮੀਆਂ ਹਨ ਅਤੇ ਚਾਰ ਦੀਵਾਰੀ ਨੇੜੇ ਸੁਰੱਖਿਆ ਪੁਖਤਾ ਨਹੀਂ ਹੈ। ਕਮੇਟੀ ਨੇ ਕਿਹਾ ਕਿ ਆਮ ਜਨਤਾ ਨੂੰ ਬੇਸ ਅੰਦਰ ਜਾਣ ਤੋਂ ਰੋਕਿਆ ਜਾਣਾ ਚਾਹੀਦਾ ਹੈ। 31 ਮੈਂਬਰੀ ਕਮੇਟੀ ਨੇ ਸੁਆਲ ਕੀਤਾ ਕਿ ਜਦੋਂ ਹਮਲੇ ਨੂੰ ਪਾਕਿਸਤਾਨੀ ਏਜੰਸੀਆਂ ਦੀ ਹਮਾਇਤ ਪ੍ਰਾਪਤ ਸੀ ਤਾਂ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਨੂੰ ਭਾਰਤ ਆਉਣ ਦੀ ਆਗਿਆ ਕਿਉਂ ਦਿੱਤੀ ਗਈ। ਕਮੇਟੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਸਾਰੀਆਂ ਏਜੰਸੀਆਂ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਕਮੇਟੀ ਵੱਲੋਂ ਦਿੱਤੇ ਗਏ ਸੁਝਾਅ ਗੰਭੀਰਤਾ ਨਾਲ ਵਿਚਾਰੇ ਜਾਣਗੇ ਅਤੇ ਉਨ੍ਹਾ 'ਤੇ ਅਮਲ ਕੀਤਾ ਜਾਵੇਗਾ। ਕਮੇਟੀ ਨੇ ਕਿਹਾ ਕਿ ਮੰਤਰਾਲੇ ਦੇ ਜ਼ਿਆਦਾਤਰ ਕੰਮ ਕਾਗ਼ਜ਼ਾਂ ਤੱਕ ਸੀਮਤ ਰਹਿੰਦੇ ਹਨ ਜ਼ਮੀਨੀ ਪੱਧਰ 'ਤੇ ਦਿਖਾਈ ਨਹੀਂ ਦਿੰਦੇ, ਇਸ ਨੂੰ ਬਦਲਣ ਦੀ ਲੋੜ ਹੈ।