ਮੋਦੀ ਦੀਆਂ ਡਿਗਰੀਆਂ ਜਨਤਕ ਕਰਨ ਦੇ ਕਮਿਸ਼ਨ ਦੇ ਹੁਕਮਾਂ ਤੋਂ ਪੀ ਐੱਮ ਓ ਨਾਖੁਸ਼

ਨਵੀਂ ਦਿੱਲੀ (ਨ ਜ਼ ਸ)
ਨਰਿੰਦਰ ਮੋਦੀ ਦੀਆਂ ਡਿਗਰੀਆਂ ਨੂੰ ਕੌਮੀ ਸੂਚਨਾ ਕਮਿਸ਼ਨ ਵੱਲੋਂ ਜਨਤਕ ਕਰਨ ਦੇ ਦਿੱਤੇ ਗਏ ਹੁਕਮਾਂ ਤੋਂ ਪ੍ਰਧਾਨ ਮੰਤਰੀ ਦਫਤਰ ਦੇ ਨਾਖੁਸ਼ ਹੋਣ ਦੀ ਗੱਲ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦਫਤਰ ਖੁਦ ਮੋਦੀ ਦੀਆਂ ਡਿਗਰੀਆਂ ਜਨਤਕ ਕਰਨ ਵਾਲਾ ਸੀ, ਪਰ ਹੁਣ ਕਮਿਸ਼ਨ ਦੇ ਹੁਕਮਾਂ ਦੇ ਕਾਨੂੰਨੀ ਪਹਿਲੂਆਂ ਬਾਰੇ ਸਵਾਲ ਖੜੇ ਹੋ ਗਏ ਹਨ।
ਸੂਤਰਾਂ ਨੇ ਦੱਸਿਆ ਹੈ ਕਿ ਇੱਕ ਮਾਮਲੇ 'ਚ ਸੂਚਨਾ ਕਮਿਸ਼ਨਰ ਐੱਮ ਸ੍ਰੀਧਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਦਲੀਲ ਨੂੰ ਆਰ ਟੀ ਆਈ ਅਰਜ਼ੀ ਦੇ ਤੌਰ 'ਤੇ ਸਵੀਕਾਰ ਕਰਕੇ ਇਹ ਹੁਕਮ ਦਿੱਤਾ ਸੀ ਹਾਲਾਂਕਿ ਇਹ ਮਾਮਲਾ ਪ੍ਰਧਾਨ ਮੰਤਰੀ ਵਿਦਿਅਕ ਯੋਗਤਾ ਨਾਲ ਜੁੜਿਆ ਹੋਇਆ ਨਹੀਂ ਸੀ। ਪ੍ਰਧਾਨ ਮੰਤਰੀ ਨੇ 1978 'ਚ ਦਿੱਲੀ ਯੂਨੀਵਰਸਿਟੀ ਤੋਂ ਬੀ ਏ ਅਤੇ ਗੁਜਰਾਤ ਯੂਨੀਵਰਸਿਟੀ ਤੋਂ 1983 'ਚ ਐੱਮ ਏ ਕੀਤੀ ਸੀ। ਪ੍ਰਧਾਨ ਮੰਤਰੀ ਨੇ ਆਪਣੇ ਚੁਣਾਵੀ ਹਲਫਨਾਮੇ ਵਿੱਚ ਇਸ ਦਾ ਜ਼ਿਕਰ ਕੀਤਾ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਮਿਸ਼ਨ ਨੇ ਉਹਨਾ ਵੋਟਰ ਪਹਿਚਾਣ ਸੰਬੰਧੀ ਆਰ ਟੀ ਆਈ ਕੇਸ ਸਾਰਾ ਕੁਝ ਜਨਤਕ ਕਰ ਦਿੱਤਾ ਸੀ, ਪਰ ਮੋਦੀ ਬਾਰੇ ਜਨਤਕ ਕੀਤੇ ਜਾਣ ਤੋਂ ਕੰਨੀ ਕਤਰਾਈ ਜਾ ਰਹੀ ਹੈ।
ਸ੍ਰ੍ਰੀਧਰ ਨੇ ਇਸੇ ਚਿੱਠੀ ਨੂੰ ਆਰ ਟੀ ਆਈ ਮੰਨਦਿਆਂ ਮੋਦੀ ਦੀਆਂ ਡਿਗਰੀਆਂ ਬਾਰੇ ਜਾਣਕਾਰੀ ਜਨਤਕ ਕਰਨ ਦੇ ਹੁਕਮ ਦਿੱਤੇ ਸਨ। ਮਾਮਲੇ 'ਤੇ ਕਰੀਬੀ ਨਜ਼ਰ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਗੁਜਰਾਤ ਯੂਨੀਵਰਸਿਟੀ ਸੂਬਾ ਸਰਕਾਰ ਦੇ ਆਰ ਟੀ ਆਈ ਕਾਨੂੰਨ ਦੇ ਦਾਇਰੇ 'ਚ ਆਉਂਦੀ ਹੈ, ਨਾ ਕਿ ਕੇਂਦਰੀ ਸੂਚਨਾ ਕਮਿਸ਼ਨ ਦੇ। ਸ੍ਰੀਧਰ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਮੋਦੀ ਦੀਆਂ ਡਿਗਰੀਆਂ ਦੇ ਨਾਲ-ਨਾਲ ਰੋਲ ਨੰਬਰ ਅਤੇ ਸਾਲ ਵੀ ਦੱਸਣ ਦੇ ਹੁਕਮ ਦਿੱਤੇ ਹਨ।