Latest News

ਬੇਹੂਦਗੀ ਸਾਰਿਆਂ ਨੂੰ ਮਹਿੰਗੀ ਪਵੇਗੀ

Published on 05 May, 2016 11:19 AM.

ਇੱਕ ਵਾਰ ਫਿਰ ਸਾਡੇ ਲੋਕਾਂ ਨੂੰ ਇਹ ਖ਼ਬਰ ਪੜ੍ਹਨ ਨੂੰ ਮਿਲੀ ਹੈ ਕਿ ਪੰਜਾਬ ਤੋਂ ਗਏ ਕਿਸੇ ਲੀਡਰ ਵੱਲ ਅਮਰੀਕਾ ਵਿੱਚ ਕਿਸੇ ਨੇ ਜੁੱਤੀ ਸੁੱਟੀ ਅਤੇ ਕਿਸੇ ਹੋਰ ਨੇ ਪਾਣੀ ਦੀ ਬੋਤਲ ਸੁੱਟ ਕੇ ਆਪਣਾ ਹਿਰਖ ਮੱਠਾ ਕਰਨ ਦਾ ਯਤਨ ਕੀਤਾ ਹੈ। ਇਸ ਵਾਰੀ ਇਸ ਤਰ੍ਹਾਂ ਦੀ ਬੇਹੂਦਗੀ ਦਾ ਸ਼ਿਕਾਰ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਣਾ ਪਿਆ ਹੈ। ਹਾਲੇ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ, ਜਦੋਂ ਉਨ੍ਹਾਂ ਹੀ ਸ਼ਹਿਰਾਂ ਵਿੱਚ ਗਏ ਅਕਾਲੀ ਦਲ ਦੇ ਲੀਡਰਾਂ ਨਾਲ ਇਹੋ ਕੁਝ ਕੀਤਾ ਗਿਆ ਸੀ ਤੇ ਇੱਕ ਮੰਤਰੀ ਵੱਲ ਜੁੱਤੀ ਵੀ ਸੁੱਟੀ ਗਈ ਸੀ। ਅਗਲੀ ਵਾਰੀ ਕੋਈ ਹੋਰ ਆਗੂ ਵੀ ਫਸ ਸਕਦਾ ਹੈ।
ਸਾਨੂੰ ਹੈਰਾਨੀ ਤੋਂ ਵੱਧ ਇਸ ਦਾ ਦੁੱਖ ਹੈ ਕਿ ਭਾਰਤ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਇਸ ਤਰ੍ਹਾਂ ਜੁੱਤੀ ਸੁੱਟਣ ਦਾ ਕਲਚਰ ਪੈਰੋ-ਪੈਰ ਵਧ ਰਿਹਾ ਹੈ। ਇਸ ਮਾੜੇ ਰੁਝਾਨ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਸੀ।
ਡਾਕਟਰ ਮਨਮੋਹਨ ਸਿੰਘ ਦਾ ਰਾਜ ਸੀ। ਦਿੱਲੀ ਵਿੱਚ ਕੇਂਦਰੀ ਮੰਤਰੀ ਪੀ. ਚਿਦੰਬਰਮ ਪ੍ਰੈੱਸ ਕਾਨਫ਼ਰੰਸ ਕਰ ਰਿਹਾ ਸੀ। ਇੱਕ ਸਿੱਖ ਪੱਤਰਕਾਰ ਨੇ ਉਸ ਨੂੰ ਦਿੱਲੀ ਦੰਗਿਆਂ ਬਾਰੇ ਸਵਾਲ ਪੁੱਛ ਲਿਆ। ਬਣਦਾ ਜਵਾਬ ਤਾਂ ਉਸ ਨੇ ਦੇ ਦਿੱਤਾ, ਪਰ ਪੱਤਰਕਾਰ ਦੀ ਤਸੱਲੀ ਨਾ ਹੋਈ। ਉਸ ਨੇ ਆਪਣੀ ਜੁੱਤੀ ਉਤਾਰੀ ਅਤੇ ਚਿਦੰਬਰਮ ਵੱਲ ਸੁੱਟ ਕੇ ਕਿਹਾ ਕਿ ਉਹ ਇੰਦਰਾ ਗਾਂਧੀ ਦੇ ਕਤਲ ਮਗਰੋਂ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਕਤਲੇਅਮ ਵਾਲੇ ਕੇਸਾਂ ਦਾ ਇਨਸਾਫ ਨਾ ਮਿਲਣ ਦੇ ਵਿਰੁੱਧ ਗੁੱਸਾ ਕੱਢਣਾ ਚਾਹੁੰਦਾ ਸੀ। ਪੁਲਸ ਉਸ ਨੂੰ ਫੜ ਕੇ ਲੈ ਗਈ ਤੇ ਫਿਰ ਅੱਧੇ ਘੰਟੇ ਪਿੱਛੋਂ ਇਹ ਪਤਾ ਲੱਗਾ ਕਿ ਖ਼ੁਦ ਚਿਦੰਬਰਮ ਨੇ ਉਸ ਨੂੰ ਛੱਡ ਦੇਣ ਨੂੰ ਕਿਹਾ ਹੈ। ਜਦੋਂ ਛੱਡਿਆ ਤਾਂ ਉਸ ਨੇ ਆਪ ਕਿਹਾ ਕਿ ਉਸ ਨੂੰ ਚਿਦੰਬਰਮ ਵਿਰੁੱਧ ਗੁੱਸਾ ਨਹੀਂ, ਸਿਸਟਮ ਦੇ ਵਿਰੁੱਧ ਗੁੱਸਾ ਸੀ ਅਤੇ ਗ਼ਲਤ ਬੰਦੇ ਨਾਲ ਇਹੋ ਜਿਹੀ ਹਰਕਤ ਹੋਣ ਦਾ ਉਸ ਨੂੰ ਅਫਸੋਸ ਹੈ। ਏਨੇ ਨਾਲ ਇਹ ਗੱਲ ਆਈ-ਗਈ ਹੋ ਜਾਣੀ ਚਾਹੀਦੀ ਸੀ।
ਜਿਹੜੀ ਗੱਲ ਆਈ-ਗਈ ਕਰ ਦੇਣੀ ਬਣਦੀ ਸੀ, ਉਸ ਨੂੰ ਕਈ ਪਾਸਿਆਂ ਤੋਂ ਤੂਲ ਦਿੱਤੀ ਜਾਣ ਲੱਗੀ ਤੇ ਉਸ ਪੱਤਰਕਾਰ ਜਰਨੈਲ ਸਿੰਘ ਨੂੰ ਕਈ ਧਿਰਾਂ ਨੇ ਆਪਣਾ ਹੀਰੋ ਬਣਾ ਕੇ ਵਡਿਆਇਆ। ਆਪ ਪਾਰਟੀ ਨੇ ਉਸ ਨੂੰ ਟਿਕਟ ਦੇ ਕੇ ਵਿਧਾਇਕ ਬਾਅਦ ਵਿੱਚ ਬਣਾਇਆ, ਪਰ ਦੁਨੀਆ ਭਰ ਵਿੱਚ ਗੁਰਦੁਆਰਿਆਂ ਵਿੱਚ ਸਨਮਾਨ ਉਸ ਦਾ ਪਹਿਲਾਂ ਕੀਤਾ ਗਿਆ। ਜਦੋਂ ਉਹ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਦੇ ਰੂਪ ਵਿੱਚ ਸਾਹਮਣੇ ਆਇਆ ਤਾਂ ਉਸ ਦਾ ਸਨਮਾਨ ਕਰਨ ਵਾਲੇ ਹੀ ਉਸ ਨੂੰ ਭੰਡਣ ਤੁਰ ਪਏ, ਪਰ ਜਿਹੋ ਜਿਹੀ ਖੇਡ ਉਸ ਨੇ ਸ਼ੁਰੂ ਕੀਤੀ ਸੀ, ਉਹ ਆਪਣੀ ਲੀਹੇ ਇਸ ਤਰ੍ਹਾਂ ਪਈ ਕਿ ਦਿਨੋ-ਦਿਨ ਵਧਦੀ ਗਈ। ਫਿਰ ਇੱਕ ਦਿਨ ਇਹੋ ਜਿਹਾ ਵੀ ਆਇਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲ ਜੁੱਤੀ ਸੁੱਟ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਤਮਾਸ਼ਾ ਜਿਹਾ ਹੀ ਬਣ ਗਿਆ ਹੈ। ਹੁਣ ਪੰਜਾਬ ਤੋਂ ਬਿਹਾਰ ਤੇ ਅਮਰੀਕਾ ਤੱਕ ਇਹੋ ਕਲਚਰ ਭਾਰੂ ਹੋ ਰਿਹਾ ਹੈ।
ਪਿਛਲੇ ਪੰਦਰਾਂ ਦਿਨਾਂ ਵਿੱਚ ਦੋ ਘਟਨਾਵਾਂ ਇਸ ਵੰਨਗੀ ਦੀਆਂ ਸਾਡੇ ਦੇਸ਼ ਵਿੱਚ ਵਾਪਰੀਆਂ ਹਨ। ਪਹਿਲੀ ਘਟਨਾ ਰਾਜਸਥਾਨ ਦੇ ਇੱਕ ਵਿਆਹ ਸਮਾਗਮ ਵਿੱਚ ਭਾਜਪਾ ਦੇ ਇੱਕ ਪਾਰਲੀਮੈਂਟ ਮੈਂਬਰ ਨੂੰ ਥੱਪੜ ਮਾਰਨ ਦੀ ਸੀ। ਉਹ ਬੰਦਾ ਥੱਪੜ ਮਾਰ ਕੇ ਭੱਜ ਗਿਆ ਅਤੇ ਜਾਣ ਲੱਗਾ ਕਹਿ ਗਿਆ ਕਿ ਇਸ ਐੱਮ ਪੀ ਤੋਂ ਲੋਕ ਦੁਖੀ ਹੋਏ ਪਏ ਹਨ। ਪਾਰਲੀਮੈਂਟ ਮੈਂਬਰ ਵੀ ਭਾਜਪਾ ਦਾ ਤੇ ਰਾਜ ਸਰਕਾਰ ਵੀ ਉਨ੍ਹਾਂ ਦੀ। ਪੁਲਸ ਉਸ ਬੰਦੇ ਨੂੰ ਲੱਭਦੀ ਫਿਰਦੀ ਹੈ। ਦੂਸਰੀ ਘਟਨਾ ਵਿੱਚ ਬਿਹਾਰ ਦੇ ਮੁੱਖ ਮੰਤਰੀ ਵੱਲ ਜੁੱਤੀ ਸੁੱਟੀ ਗਈ ਹੈ। ਬਿਹਾਰ ਵਿੱਚ ਗਰਮੀਆਂ ਦੇ ਦਿਨਾਂ ਵਿੱਚ ਅੱਗ ਲੱਗ ਜਾਣਾ ਆਮ ਗੱਲ ਹੈ। ਇਸ ਵਾਰ ਵੀ ਲੱਗੀਆਂ ਹਨ। ਵਾਤਾਵਰਣ ਮਹਿਕਮੇ ਦੀ ਇਹ ਤਜਵੀਜ਼ ਸੀ ਕਿ ਗਰਮੀ ਵਿੱਚ ਅੱਗ ਦੀ ਛੋਟੀ ਚਿੰਗਾੜੀ ਵੀ ਵੱਡੀ ਘਟਨਾ ਦਾ ਕਾਰਨ ਬਣ ਜਾਂਦੀ ਹੈ, ਇਸ ਲਈ ਗਰਮੀਆਂ ਦੇ ਦਿਨਾਂ ਵਿੱਚ ਦਿਨ ਵੇਲੇ ਚੁੱਲ੍ਹਾ ਆਦਿ ਬਾਲਣਾ ਕੁਝ ਦਿਨ ਰੋਕ ਦਿੱਤਾ ਜਾਵੇ। ਸਰਕਾਰ ਨੇ ਦਿਨ ਵੇਲੇ ਚੁੱਲ੍ਹਾ ਅਤੇ ਹਵਨ ਦੋਵੇਂ ਬਾਲਣ ਤੋਂ ਰੋਕਣ ਦਾ ਐਲਾਨ ਕਰ ਦਿੱਤਾ। ਭਾਜਪਾ ਆਗੂਆਂ ਨੇ ਇਸ ਦਾ ਵਿਰੋਧ ਕੀਤਾ। ਇੱਕ ਥਾਂ ਇੱਕ ਜਲਸੇ ਵਿੱਚ ਬੋਲਦੇ ਹੋਏ ਨਿਤੀਸ਼ ਕੁਮਾਰ ਵੱਲ ਇੱਕ ਨੌਜਵਾਨ ਨੇ ਇਹ ਕਹਿ ਕੇ ਜੁੱਤੀ ਸੁੱਟਣ ਦੀ ਬੇਵਕੂਫੀ ਕਰ ਦਿੱਤੀ ਕਿ ਇਸ ਨੇ ਸਾਡੇ ਹਵਨ ਉੱਤੇ ਪਾਬੰਦੀ ਲਾਉਣ ਦਾ ਗੁਨਾਹ ਕੀਤਾ ਹੈ। ਕਈ ਲੋਕ ਉਸ ਮੁੰਡੇ ਨੂੰ ਵੀ ਹੀਰੋ ਬਣਾਉਣ ਤੁਰ ਪਏ ਅਤੇ ਇਸ ਦੀ ਸਾਊ ਸਿਆਸੀ ਹਲਕਿਆਂ ਵੱਲੋਂ ਨਿੰਦਾ ਵੀ ਹੋਈ ਹੈ।
ਅਮਰੀਕਾ ਦੀ ਘਟਨਾ ਤੋਂ ਉਹ ਸਬਕ ਲੈਣਾ ਚਾਹੀਦਾ ਹੈ, ਜਿਹੜਾ ਸਬਕ ਅਮਰੀਕਾ ਵਿਚਲੀਆਂ ਹੀ ਕੁਝ ਪਿਛਲੀਆਂ ਘਟਨਾਵਾਂ ਵੇਲੇ ਲੈਣਾ ਬਣਦਾ ਸੀ, ਪਰ ਕਿਸੇ ਨੇ ਲਿਆ ਨਹੀਂ ਸੀ। ਅਕਾਲੀ ਲੀਡਰਾਂ ਦੇ ਵਿਦੇਸ਼ ਦੌਰੇ ਵੇਲੇ ਜਦੋਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਸਨ ਤਾਂ ਕਾਂਗਰਸ ਦੇ ਕੁਝ ਛੋਟੇ ਪੱਧਰ ਦੇ ਆਗੂਆਂ ਨੇ ਉਸ ਵੇਲੇ ਇਹ ਕਿਹਾ ਸੀ ਕਿ ਅਕਾਲੀ ਆਗੂਆਂ ਨੇ ਜੋ ਬੀਜਿਆ ਹੈ, ਉਹ ਵੱਢ ਰਹੇ ਹਨ। ਹੁਣ ਉਨ੍ਹਾਂ ਦੇ ਲੀਡਰ ਨਾਲ ਜਦੋਂ ਇਹੋ ਕੁਝ ਹੋ ਗਿਆ ਹੈ ਤਾਂ ਬਾਕੀਆਂ ਨੂੰ ਸਬਕ ਸਿੱਖਣ ਦੀ ਲੋੜ ਹੈ। ਇਹ ਬੇਹੂਦਗੀ ਵਧ ਰਹੀ ਹੈ। ਰਾਜਨੀਤੀ ਦੇ ਮੈਦਾਨ ਵਿੱਚ ਇਹ ਕੁਝ ਹੋਣ ਲੱਗੇ ਤਾਂ ਭੱਜਦਿਆਂ ਨੂੰ ਵਾਹਣ ਸਾਰਿਆਂ ਨੂੰ ਇੱਕੋ ਜਿਹਾ ਹੋਵੇਗਾ। ਚੰਗੀ ਗੱਲ ਤਾਂ ਇਹ ਹੈ ਕਿ ਸਾਰੀਆਂ ਧਿਰਾਂ ਆਪੋ ਆਪਣੀ ਲੜਾਈ ਰਾਜਸੀ ਪੱਧਰ ਤੱਕ ਰੱਖਣ ਅਤੇ ਏਦਾਂ ਦੇ ਲੋਕਾਂ ਨਾਲ ਕੋਈ ਹੇਜ ਨਾ ਜਤਾਉਣ। ਜਿਸ ਨੇ ਅੱਜ ਇਹੋ ਜਿਹਾ ਹੇਜ ਜਤਾਇਆ, ਕੱਲ੍ਹ ਨੂੰ ਉਸ ਨੂੰ ਭੁਗਤਣਾ ਪੈ ਸਕਦਾ ਹੈ।

783 Views

e-Paper