ਦੋ ਦੋਸਤਾਂ ਦੇ ਕਤਲ 'ਚ 4 ਨੂੰ ਉਮਰ ਕੈਦ


ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਮੁੰਬਈ ਦੀ ਇੱਕ ਅਦਾਲਤ ਨੇ 5 ਸਾਲ ਪਹਿਲਾਂ ਅੰਧੇਰੀ ਇਲਾਕੇ 'ਚ ਦੋ ਦੋਸਤਾਂ ਦੇ ਕਤਲ ਦੇ ਮਾਮਲੇ 'ਚ ਚਾਰ ਵਿਅਕਤੀਆਂ ਨੂੰ ਦੋਸ਼ੀ ਠਹਿਰਾ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਬੋਲੀ ਇਲਾਕੇ 'ਚ 20 ਅਕਤੂਬਰ 2011 ਨੂੰ ਰਾਤ ਤਕਰੀਬਨ 10.30 ਵਜੇ ਕੀਨਨ ਸਾਂਟੋਸ 5 ਦੋਸਤਾਂ ਨਾਲ ਖਾਣਾ ਖਾ ਕੇ ਇੱਕ ਹੋਟਲ 'ਚੋਂ ਬਾਹਰ ਨਿਕਲੇ ਅਤੇ ਨੇੜੇ ਦੀ ਇੱਕ ਪਾਨ ਦੀ ਦੁਕਾਨ 'ਤੇ ਗਏ। ਕੀਨਨ ਨਾਲ ਰੁਬੇਡ ਫਰਨਾਂਡੀਜ਼, ਬੈਂਜਾਮਿਨ ਫਰਨਾਂਡੀਜ਼, ਅਵਿਨਾਸ਼ ਸੋਲੰਕੀ, ਪ੍ਰਿਅੰਕਾ ਫਰਨਾਂਡੀਜ਼ ਅਤੇ ਦੋ ਹੋਰ ਮਹਿਲਾ ਦੋਸਤ ਸਨ। ਉਹ ਦੁਕਾਨ 'ਤੇ ਖੜੇ ਸਨ ਕਿ ਕੁਝ ਲੋਕ ਆਏ ਅਤੇ ਮਹਿਲਾਵਾਂ ਨਾਲ ਛੇੜਖਾਨੀ ਸ਼ੁਰੂ ਕਰ ਦਿੱਤੀ। ਕੀਨਨ ਦੇ ਵਿਰੋਧ ਕਰਨ 'ਤੇ ਉਹ ਉਥੋਂ ਚਲੇ ਗਏ ਅਤੇ ਛੇਤੀ ਹੀ ਹਥਿਆਰਾਂ ਨਾਲ ਲੈਸ ਹੋਰ 20 ਸਾਥੀਆਂ ਸਮੇਤ ਆ ਗਏ ਅਤੇ ਸਾਰਿਆਂ ਨੇ ਕੀਨਨ 'ਤੇ ਹਮਲਾ ਕਰਕੇ ਮੌਕੇ 'ਤੇ ਹੀ ਮਾਰ ਦਿੱਤਾ, ਜਦੋਂ ਰੁਬੇਨ ਕੀਨਨ ਨੂੰ ਬਚਾਉਣ ਆਇਆ ਤਾਂ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ ਗਿਆ। ਉਸ ਦੀ 10 ਦਿਨ ਬਾਅਦ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ 4 ਵਿਅਕਤੀਆਂ ਨੂੰ ਕਤਲ ਅਤੇ 17 ਨੂੰ ਦੰਗਾ ਭੜਕਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ। ਕੀਨਨ ਦੇ ਦੋਸਤਾਂ ਨੇ ਕਿਹਾ ਕਿ ਜਦੋਂ ਕੀਨਨ ਅਤੇ ਰੁਬੇਨ 'ਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਹੋਟਲ ਦੇ ਵੇਟਰ ਅਤੇ ਹੋਰ ਲੋਕ ਦੇਖ ਰਹੇ ਸਨ, ਪਰ ਕੋਈ ਮਦਦ ਲਈ ਅੱਗੇ ਨਾ ਆਇਆ ਅਤੇ ਪੁਲਸ ਵੀ ਬਹੁਤ ਦੇਰ ਮਗਰੋਂ ਮੌਕੇ 'ਤੇ ਪੁੱਜੀ। ਪੁਲਸ ਅਨੁਸਾਰ ਇਸ ਮਾਮਲੇ 'ਚ ਜਤਿੰਦਰ ਰਾਣਾ, ਸੁਨੀਲ ਬੋਧ, ਸਤੀਸ਼ ਅਤੇ ਦੀਪਕ ਮਿਸਵਲ ਸ਼ਾਮਲ ਸਨ।