ਕੈਪਟਨ ਅਮਰਿੰਦਰ ਲਈ ਇੱਕ ਹੋਰ ਮੁਸੀਬਤ

ਕੈਲੇਫੋਰਨੀਆ (ਜਸਬੀਰ ਸਿੰਘ)
ਸਿੱਖ ਫ਼ਾਰ ਜਸਟਿਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਟੋਰਾਂਟੋ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਮਾਣਹਾਨੀ ਦੇ ਕੇਸ ਸੰਬੰਧੀ ਸੰਮਨ ਤਾਮੀਲ ਕਰਵਾ ਦਿੱਤੇ ਗਏ ਹਨ।ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਸਿੱਖ ਫ਼ਾਰ ਜਸਟਿਸ ਪਿੱਛੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦਾ ਹੱਥ ਹੈ।ਇਸ ਖ਼ਿਲਾਫ਼ ਹੀ ਸਿੱਖ ਫ਼ਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਸੀ।ਖ਼ਾਸ ਗੱਲ ਇਹ ਹੈ ਇਹ ਸੰਮਨ ਉਸ ਸਮੇਂ ਤਾਮੀਲ ਕਰਵਾਏ ਗਏ, ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨੀਂ ਕੈਲੇਫੋਰਨੀਆ ਵਿੱਚ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇੱਕ ਗੌਰੇ ਨੇ ਸਵਾਲ ਪੁੱਛਣ ਦੇ ਬਹਾਨੇ ਨਾਲ ਮਾਈਕ ਲਿਆ ਤੇ ਸੰਮਨ ਉਸ ਸਟੇਜ ਉੱਤੇ ਸੁੱਟ ਦਿੱਤਾ, ਜਿੱਥੇ ਕੈਪਟਨ ਸਿੰਘ ਸਵਾਲਾਂ ਦੇ ਜਵਾਬ ਦੇ ਰਹੇ ਸਨ।ਕੈਪਟਨ ਅਮਰਿੰਦਰ ਸਿੰਘ ਦੀ ਫੇਰੀ ਦਾ ਵਿਰੋਧ ਸਿੱਖ ਫ਼ਾਰ ਜਸਟਿਸ ਕਰ ਰਹੀ ਹੈ।ਇਸ ਸੰਸਥਾ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਟੋਰਾਂਟੋ ਦੀ ਅਦਾਲਤ ਵਿੱਚ ਕੇਸ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਨੇਡਾ ਫੇਰੀ ਮੁਲਤਵੀ ਕਰ ਦਿੱਤੀ ਸੀ। ਇਹਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਬਹੁਤਾ ਫਰਕ ਨਹੀਂ ਪਵੇਗਾ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਵਿਦੇਸ਼ ਫੇਰੀ ਸਮੇਂ ਕਈ ਅਦਾਲਤਾਂ ਦੇ ਸੰਮਨ ਮਿਲੇ, ਪਰ ਬਾਅਦ ਵਿੱਚ ਅਦਾਲਤਾਂ ਨੇ ਸਾਰੇ ਹੀ ਖਾਰਜ ਕਰ ਦਿੱਤੇ ਕਿ ਮਾਮਲਾ ਹਿੰਦੋਸਤਾਨ ਦਾ ਹੈ, ਉਥੇ ਜਾ ਕੇ ਕੇਸ ਦਾਇਰ ਕੀਤਾ ਜਾਵੇ, ਪਰ ਸਿੱਖ ਫਾਰ ਜਸਟਿਸ ਵਾਲਿਆਂ ਨੂੰ ਸੰਤੁਸ਼ਟੀ ਜ਼ਰੂਰ ਹੋ ਗਈ ਸੀ ਕਿ ਉਹ ਆਪਣੇ ਮਿਸ਼ਨ ਵਿੱਚ ਸਫਲ ਰਹੇ ਹਨ।