ਰਾਵਤ ਮੁਸ਼ਕਲ 'ਚ, ਸਟਿੰਗ ਦੀ ਜਾਂਚ ਲਈ ਸੀ ਬੀ ਆਈ ਵੱਲੋਂ ਸੰਮਨ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਸੀ ਬੀ ਆਈ ਨੇ ਸਟਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ। ਇਸ ਸਟਿੰਗ 'ਚ ਕਥਿਤ ਤੌਰ 'ਤੇ ਉਨ੍ਹਾ ਨੂੰ ਇੱਕ ਪੱਤਰਕਾਰ ਨਾਲ ਬਾਗੀ ਵਿਧਾਇਕਾਂ ਦਾ ਮੁੜ ਸਮੱਰਥਨ ਹਾਸਲ ਕਰਨ ਲਈ ਸੌਦੇਬਾਜ਼ੀ ਕਰਦੇ ਦਿਖਾਇਆ ਗਿਆ ਹੈ।
ਰਾਵਤ ਤੋਂ ਸੋਮਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਐਤਵਾਰ ਨੂੰ ਉਨ੍ਹਾ ਨੇ ਵੀਡੀਓ 'ਚ ਮੌਜੂਦ ਹੋਣ ਦੀ ਗੱਲ ਸਵੀਕਾਰ ਕੀਤੀ ਸੀ ਅਤੇ ਕਿਹਾ ਸੀ ਕਿ ਇੱਕ ਪੱਤਰਕਾਰ ਨੂੰ ਮਿਲਣਾ ਕੋਈ ਅਪਰਾਧ ਨਹੀਂ ਹੈ। ਹਾਲਾਂਕਿ ਰਾਵਤ ਹੁਣ ਤੱਕ ਸੀ ਡੀ ਨੂੰ ਫ਼ਰਜ਼ੀ ਦਸਦਿਆਂ ਇਸ ਦੀ ਪ੍ਰਮਾਣਤਕਾ ਨੂੰ ਚੁਣੌਤੀ ਦਿੰਦੇ ਆ ਰਹੇ ਹਨ। ਹਰੀਸ਼ ਰਾਵਤ ਨੇ ਦੇਹਰਾਦੂਨ 'ਚ ਇੱਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੀ ਕਿਸੇ ਪੱਤਰਕਾਰ ਨੂੰ ਮਿਲਣਾ ਅਪਰਾਧ ਹੈ। ਉਨ੍ਹਾ ਕਿਹਾ ਕਿ ਤਕਨੀਕੀ ਤੌਰ 'ਤੇ ਆਯੋਗ ਕਰਾਰ ਦਿੱਤੇ ਗਏ ਵਿਧਾਇਕਾਂ ਨਾਲ ਗੱਲਬਾਤ ਕਰਨ ਨਾਲ ਕੀ ਫ਼ਰਕ ਪੈਂਦਾ ਹੈ।
ਉਨ੍ਹਾ ਕਿਹਾ ਕਿ ਕੀ ਸਿਆਸਤ 'ਚ ਕਿਸੇ ਚੈਨਲ ਨੂੰ ਬੰਦ ਕੀਤਾ ਜਾ ਸਕਦਾ ਹੈ। ਇਸ ਸੰਬੰਧ 'ਚ ਆਪਣੇ ਆਪ ਨੂੰ ਨਿਰਦੋਸ਼ ਹੋਣ ਦਾ ਦਾਅਵਾ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੀ ਡੀ 'ਚ ਅਜਿਹਾ ਕੁਝ ਵੀ ਪ੍ਰਮਾਣਿਤ ਹੋ ਜਾਵੇ ਕਿ ਅਸਤੁੰਸ਼ਟ ਵਿਧਾਇਕਾਂ ਦੀ ਹਮਾਇਤ ਹਾਸਲ ਕਰਨ ਲਈ ਉਨ੍ਹਾ ਨੇ ਨਗਦੀ ਜਾਂ ਹੋਰ ਕਿਸੇ ਹੋਰ ਤਰ੍ਹਾਂ ਦੀ ਪੇਸ਼ਕਸ਼ ਕੀਤੀ ਸੀ ਤਾਂ ਉਸ ਨੂੰ ਲੋਕਾਂ ਦੇ ਸਾਹਮਣੇ ਫ਼ਾਂਸੀ 'ਤੇ ਲਟਕਾ ਦਿੱਤਾ ਜਾਵੇ। ਕਾਂਗਰਸ ਦੇ ਬਾਗੀ ਵਿਧਾਇਕਾਂ ਨੇ ਹਾਲ ਹੀ ਵਿੱਚ ਹਰੀਸ਼ ਰਾਵਤ ਦਾ ਇੱਕ ਸਟਿੰਗ ਅਪਰੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਹਰੀਸ਼ ਰਾਵਤ ਨੂੰ ਆਪਣੀ ਸਰਕਾਰ ਨੂੰ ਬਚਾਉਣ ਲਈ ਪੈਸਿਆਂ ਦਾ ਲੈਣ-ਦੇਣ ਦੀ ਗੱਲ ਕਰਦਿਆਂ ਦਿਖਾਇਆ ਗਿਆ ਸੀ। ਇਸ ਵੀਡੀਓ 'ਚ ਹਰੀਸ਼ ਰਾਵਤ 5 ਕਰੋੜ ਖੁਦ ਦੇਣ ਅਤੇ 10 ਕਰੋੜ ਰੁਪਏ ਹੋਰ ਪਾਸਿਓਂ ਦੇਣ ਦੀ ਗੱਲ ਕਰ ਰਹੇ ਸਨ। ਬਾਗੀ ਵਿਧਾਇਕਾਂ ਦਾ ਦਾਅਵਾ ਸੀ ਕਿ ਇਹ ਸਟਿੰਗ ਅਪਰੇਸ਼ਨ 23 ਮਾਰਚ ਦਾ ਹੈ। ਇਹ ਸਟਿੰਗ ਅਪਰੇਸ਼ਨ ਦਿਖਾਏ ਜਾਣ ਤੋਂ ਬਾਗੀ ਵਿਧਾਇਕਾਂ ਨੇ ਕਿਹਾ ਕਿ ਉਨ੍ਹਾ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਰਾਵਤ ਨੇ ਕਿਹਾ ਕਿ ਮੇਰੇ ਲਈ 15 ਕਰੋੜ ਰੁਪਏ ਕੌਣ ਖ਼ਰਚ ਕਰੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪੱਤਰਕਾਰ ਉਨ੍ਹਾ ਦਾ ਮਨ ਰੱਖਣ ਲਈ ਅਰਥਹੀਣ ਗੱਲਾਂ ਕਰ ਰਿਹਾ ਸੀ। ਪਿਛਲੀ 18 ਮਾਰਚ ਨੂੰ ਕਾਂਗਰਸ ਦੇ 9 ਵਿਧਾਇਕ ਬਾਗੀ ਹੋ ਗਏ ਸਨ, ਜਿਸ ਕਾਰਨ ਉਥੇ ਸਿਆਸੀ ਸੰਕਟ ਖੜਾ ਹੋ ਗਿਆ ਸੀ। ਇਸ ਦੇ ਸਿੱਟੇ ਵਜੋਂ ਸੂਬੇ 'ਚ ਰਾਸ਼ਟਰਪਤੀ ਰਾਜ ਲਾਉਣਾ ਪਿਆ ਸੀ।