Latest News

ਕਾਂਗਰਸ ਵੱਲੋਂ ਲੋਕਤੰਤਰ ਬਚਾਓ ਮਾਰਚ

Published on 06 May, 2016 11:30 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਵੱਲੋਂ ਉੱਤਰਾਖੰਡ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੇ ਮੋਦੀ ਸਰਕਾਰ ਦੇ ਫ਼ੈਸਲੇ ਵਿਰੁੱਧ ਜੰਤਰ ਮੰਤਰ ਤੋਂ ਸੰਸਦ ਤੱਕ ਲੋਕਤੰਤਰ ਬਚਾਓ ਮਾਰਚ ਕੀਤਾ ਗਿਆ, ਪਰ ਪੁਲਸ ਨੇ ਉਨ੍ਹਾ ਨੂੰ ਰਾਹ 'ਚ ਹੀ ਰੋਕ ਲਿਆ, ਜਿਸ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਪਾਰਟੀ ਆਗੂਆਂ ਨੇ ਗ੍ਰਿਫ਼ਤਾਰੀ ਦਿੱਤੀ। ਪੁਲਸ ਨੇ ਕੁਝ ਦੇਰ ਮਗਰੋਂ ਉਨ੍ਹਾ ਨੂੰ ਰਿਹਾਅ ਕਰ ਦਿੱਤਾ। ਮਾਰਚ ਸ਼ੁਰੂ ਕਰਨ ਮੌਕੇ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਸੋਨੀਆ ਗਾਂਧੀ ਨੇ ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਇਹ ਸਰਕਾਰ ਸੰਘ ਦੇ ਇਸ਼ਾਰੇ 'ਤੇ ਚੱਲ ਰਹੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਕਿਸੇ ਤੋਂ ਡਰਨ ਵਾਲੀ ਨਹੀਂ, ਉਹ ਨੂੰ ਪਤਾ ਨਹੀਂ ਕਿ ਕਾਂਗਰਸ ਕਿਹੜੀ ਮਿੱਟੀ ਦੀ ਬਣੀ ਹੋਈ ਹੈ।
ਉਨ੍ਹਾ ਕਿਹਾ ਕਿ ਜ਼ਿੰਦਗੀ ਨੇ ਉਨ੍ਹਾ ਨੂੰ ਸੰਘਰਸ਼ ਕਰਨਾ ਸਿਖਾਇਆ ਹੈ, ਉਹ ਕਿਸੇ ਤੋਂ ਡਰਨ ਵਾਲੀ ਨਹੀਂ। ਉਨ੍ਹਾ ਕਿਹਾ ਕਿ ਮੋਦੀ ਸਰਕਾਰ ਨੇ ਦੋ ਸਾਲਾਂ 'ਚ ਹੀ ਸਭ ਕੁਝ ਬਰਬਾਦ ਕਰ ਦਿੱਤਾ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਸੱਤਾਧਾਰੀ ਧਿਰ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੀ ਹੈ, ਪਰ ਮੈਂ ਉਨ੍ਹਾ ਨੂੰ ਦਸਣਾ ਚਾਹੁੰਦਾ ਹਾਂ ਕਿ ਕਾਂਗਰਸ ਭਾਰਤ ਦੀ ਆਤਮਾ ਹੈ। ਕਾਂਗਰਸ 'ਤੇ ਕਈ ਲੋਕਾਂ ਨੇ ਹਮਲੇ ਕੀਤੇ, ਪਰ ਉਹ ਨਾਕਾਮ ਰਹੇ ਅਤੇ ਹੁਣ ਕੇਂਦਰ ਸਰਕਾਰ ਨੇ ਉੱਤਰਾਖੰਡ ਅਤੇ ਅਰੁਣਾਂਚਲ ਪ੍ਰਦੇਸ਼ 'ਚ ਲੋਕਤੰਤਰ 'ਤੇ ਹਮਲਾ ਕੀਤਾ ਹੈ।
ਮੋਦੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਨੇ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ, ਪਰ 40 ਫ਼ੀਸਦੀ ਦੇਸ਼ ਸੋਕੇ ਦੀ ਮਾਰ ਹੇਠ ਹੈ ਅਤੇ ਰੋਜ਼ਾਨਾ 50 ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।
ਇਸ ਮਗਰੋਂ ਕਾਂਗਰਸ ਆਗੂਆਂ ਨੇ ਸ੍ਰੀਮਤੀ ਗਾਂਧੀ ਦੀ ਅਗਵਾਈ ਹੇਠ ਜੰਤਰ ਮੰਤਰ ਤੋਂ ਸੰਸਦ ਵੱਲ ਲੋਕਤੰਤਰ ਬਚਾਓ ਮਾਰਚ ਕੀਤਾ, ਪਰ ਸੰਸਦ ਮਾਰਗ ਥਾਣਾ ਪੁਲਸ ਨੇ ਰੋਕਾਂ ਲਾ ਕੇ ਉਨ੍ਹਾ ਨੂੰ ਰੋਕ ਲਿਆ, ਜਿਸ 'ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਉਥੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਪੁਲਸ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਨਮੋਹਨ ਸਿੰਘ, ਏ ਕੇ ਐਂਟਨੀ ਅਤੇ ਗੁਲਾਮ ਨਬੀ ਅਜ਼ਾਦ ਨੂੰ ਹਿਰਾਸਤ 'ਚ ਲੈ ਲਿਆ, ਪਰ ਕੁਝ ਦੇਰ ਮਗਰੋਂ ਉਨ੍ਹਾ ਨੂੰ ਛੱਡ ਦਿੱਤਾ ਗਿਆ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਮਲ ਨਾਲ ਨੇ ਕਿਹਾ ਕਿ ਅੱਜ ਲੋਕਤੰਤਰ ਦਾ ਕਤਲ ਹੋ ਰਿਹਾ ਹੈ, ਪਰ ਭਾਜਪਾ ਲੋਕਾਂ ਦਾ ਧਿਆਨ ਭਟਕਾਉਣ ਲਈ ਅਗਸਤਾ ਵੈਸਟਲੈਂਡ ਮੁੱਦਾ ਉਛਾਲਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕਿਸਾਨ ਖੁਦਕੁਸ਼ੀ ਕਰ ਰਹੇ ਹਨ, ਦੇਸ਼ ਸੋਕੇ ਦੀ ਮਾਰ ਹੇਠ ਹੈ ਅਤੇ ਮੋਦੀ ਸਰਕਾਰ ਸੁੱਤੀ ਪਈ ਹੈ, ਉਸ ਨੂੰ ਤੁਰੰਤ ਜਾਗਣਾ ਚਾਹੀਦਾ ਹੈ।
ਇਸੇ ਦੌਰਾਨ ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁੱਧ ਭਾਜਪਾ ਆਗੂਆਂ ਨੇ ਸੰਸਦ ਭਵਨ ਕੰਪਲੈਕਸ 'ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪ੍ਰਦਰਸ਼ਨ ਕੀਤਾ।

482 Views

e-Paper