ਲੁਧਿਆਣਾ ਦੀ ਹੌਜ਼ਰੀ ਫੈਕਟਰੀ 'ਚ ਅੱਗ, ਤਿੰਨ ਮਜ਼ਦੂਰਾਂ ਦੀ ਮੌਤ


ਲੁਧਿਆਣਾ (ਐੱਚ.ਐੱਸ ਚੀਮਾ,
ਆਤਮਾ ਸਿੰਘ, ਸਤੀਸ਼ ਸਚਦੇਵਾ)
6 ਮਈ ਦੀ ਰਾਤ 2 ਵਜੇ ਬਾਜੜਾ ਰੋਡ, ਮੇਹਰਬਾਨ, ਲੁਧਿਆਣਾ ਵਿਖੇ ਸਥਿਤ ਗਿਆਨ ਚੰਦ ਡਾਈਂਗ (ਜਿਸ ਨੂੰ ਗੁਲਸ਼ਨ ਹੌਜ਼ਰੀ ਵੀ ਕਹਿੰਦੇ ਹਨ) ਦੇ ਇੱਕ ਕਮਰੇ ਵਿੱਚ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਤਿੰਨੋਂ ਪ੍ਰਵਾਸੀ ਮਜ਼ਦੂਰ ਸਨ।ਕਿਹਾ ਜਾ ਰਿਹਾ ਹੈ ਕਿ ਬੰਟੀ ਝਾਅ (28), ਅਨੀਸ਼ ਰਾਊਤ (25), ਭੋਲਾ ਕੁਮਾਰ (21) ਰਾਤ ਵੇਲੇ ਫੈਕਟਰੀ ਵਿੱਚ ਕੰਮ ਕਰ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ। ਕਮਰੇ ਤੋਂ ਬਾਹਰ ਜਾਣ ਦਾ ਇੱਕ ਹੀ ਰਸਤਾ ਸੀ, ਪਰ ਉੱਥੇ ਭਿਆਨਕ ਅੱਗ ਲੱਗੀ ਹੋਣ ਕਾਰਨ ਉਹ ਬਾਹਰ ਨਹੀਂ ਨਿਕਲ ਸਕੇ ਅਤੇ ਝੁਲਸ ਕੇ ਮਾਰੇ ਗਏ। ਮੌਕੇ 'ਤੇ ਪੁਹੰਚੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਪੁਲਸ ਫੈਕਟਰੀ ਮਾਲਕ, ਪ੍ਰਬੰਧਕ ਆਦਿ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਜਾਂਚ ਪੜਤਾਲ ਕਰੇ ਕਿ ਮਜ਼ਦੂਰਾਂ ਦੀ ਮੌਤ ਕਿਹੜੇ ਹਾਲਾਤ ਵਿੱਚ ਹੋਈ। ਮਜ਼ਦੂਰਾਂ ਦੀ ਹੱਤਿਆ ਵੀ ਹੋਈ ਹੋ ਸਕਦੀ ਹੈ। ਜੇਕਰ ਹਾਦਸਾ ਹੋਇਆ ਹੈ ਤਾਂ ਇਸਦਾ ਜ਼ਿੰਮੇਵਾਰ ਸਿੱਧੇ ਰੂਪ ਵਿੱਚ ਮਾਲਕ ਹੀ ਹੈ, ਕਿਉਂਕਿ ਕਾਰਖਾਨੇ ਵਿੱਚ ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਸਨ। ਸੁਰੱਖਿਆ ਦੇ ਪ੍ਰਬੰਧ ਨਾ ਕਰਨਾ ਮਾਲਕ ਦਾ ਵੱਡਾ ਅਪਰਾਧ ਹੈ।ਅੱਗ ਲੱਗਣ 'ਤੇ ਮਜ਼ਦੂਰਾਂ ਕੋਲ ਨਾ ਤਾਂ ਅੱਗ ਬਝਾਉਣ ਦਾ ਕੋਈ ਸਾਧਨ ਸੀ ਅਤੇ ਨਾ ਹੀ ਕਮਰੇ 'ਚੋਂ ਨਿਕਲ ਸਕਣ ਦਾ ਕੋਈ ਰਾਹ ਸੀ। ਮਜ਼ਦੂਰ ਯੂਨੀਅਨ ਨੇ ਜ਼ਿੰਮੇਵਾਰ ਕਿਰਤ ਅਫਸਰਾਂ ਨੂੰ ਸਸਪੈਂਡ ਕਰਨ ਦੀ ਵੀ ਮੰਗ ਕੀਤੀ ਹੈ, ਜਿਨ੍ਹਾਂ ਨੇ ਕਾਰਖਾਨੇ ਵਿੱਚ ਸੁਰੱਖਿਆ ਦੇ ਪੂਰੇ ਪ੍ਰਬੰਧ ਨਾ ਹੋਣ 'ਤੇ ਮਾਲਕ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਯੂਨੀਅਨ ਨੇ ਪੀੜਤ ਪਰਵਾਰਾਂ ਨੂੰ ਵੀਹ-ਵੀਹ ਲੱਖ ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ। ਬੰਟੀ ਝਾਅ ਦੀ ਤਿੰਨ ਮਹੀਨਿਆਂ ਦੀ ਇੱਕ ਬੱਚੀ ਹੈ ਅਤੇ ਅਨੀਸ਼ ਰਾਊਤ ਆਪਣੇ ਪਿੱਛੇ ਤਿੰਨ ਅਤੇ ਦੋ ਸਾਲਾਂ ਦੇ ਦੋ ਬੱਚੇ ਛੱਡ ਗਿਆ ਹੈ। ਭੋਲਾ ਕੁਮਾਰ ਅਣਵਿਆਹਿਆ ਸੀ, ਜਿਸ 'ਤੇ ਆਪਣੇ ਘਰ-ਪਰਵਾਰ ਦੀ ਜ਼ਿੰਮੇਵਾਰੀ ਸੀ।
ਮੌਕੇ ਉੱਤੇ ਇਕੱਠੇ ਹੋਏ ਮਜ਼ਦੂਰਾਂ 'ਤੇ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਯੂਨੀਅਨ ਆਗੂ ਲਖਵਿੰਦਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਮਜ਼ਦੂਰਾਂ ਦੇ ਦਬਾਅ ਕਾਰਨ ਪੁਲਸ ਕਾਮਯਾਬ ਨਾ ਹੋ ਸਕੀ। ਫੈਕਟਰੀ ਦੇ ਆਸ-ਪਾਸ ਦੇ ਵੱਡੇ ਇਲਾਕੇ ਵਿੱਚ ਪੁਲਸ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਸੀ ਤਾਂ ਕਿ ਮਜ਼ਦੂਰ ਪੀੜਤ ਪਰਵਾਰ ਦੇ ਹੱਕ ਵਿੱਚ ਇਕੱਠੇ ਹੋ ਕੇ ਸੰਘਰਸ਼ ਨਾ ਕਰ ਸਕਣ।ਇਸ ਦੇ ਬਾਵਜੂਦ ਵੀ ਫੈਕਟਰੀ ਦੇ ਨਜ਼ਦੀਕ ਰਾਹੋਂ ਰੋਡ ਉੱਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੀ ਅਗਵਾਈ ਵਿੱਚ ਵੱਡੀ ਗਿਣਤੀ 'ਚ ਮਜ਼ਦੂਰਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਮਜ਼ਦੂਰਾਂ ਨੇ ਮਾਲਕ, ਪ੍ਰਬੰਧਕਾਂ ਦੀ ਗ੍ਰਿਫਤਾਰੀ, ਪੀੜਤ ਪਰਵਾਰ ਨੂੰ ਢੁੱਕਵੇਂ ਮੁਆਵਜ਼ੇ, ਦੋਸ਼ੀ ਕਿਰਤ ਅਫਸਰਾਂ ਖਿਲਾਫ਼ ਸਖਤ ਕਾਰਵਾਈ, ਦੋਸ਼ੀ ਪੁਲਸ ਅਫ਼ਸਰਾਂ ਖਿਲਾਫ਼ ਕਾਰਵਾਈ ਦੀਆਂ ਮੰਗਾਂ ਦੇ ਨਾਲ਼ ਹੀ ਇਹ ਅਹਿਮ ਮੰਗ ਵੀ ਉਠਾਈ ਕਿ ਕਾਰਖਾਨਿਆਂ ਵਿੱਚ ਹਾਦਸਿਆਂ ਤੋਂ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਜਾਣ, ਰੋਜ਼ਾਨਾ ਕਾਰਖਾਨਿਆਂ ਵਿੱਚ ਭਿਆਨਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਹੁੰਦੀਆਂ ਹਨ ਤੇ ਅਪਾਹਜ ਵੀ ਹੁੰਦੇ ਹਨ। ਮਾਲਕਾਂ ਨੂੰ ਸਿਰਫ਼ ਆਪਣੇ ਮੁਨਾਫੇ ਦੀ ਚਿੰਤਾ ਹੈ।ਮਜ਼ਦੂਰ ਤਾਂ ਉਹਨਾਂ ਲਈ ਸਿਰਫ਼ ਮਸ਼ੀਨਾਂ ਦੇ ਪੁਰਜੇ ਬਣ ਰਹਿ ਗਏ ਹਨ। ਇਸ ਮੌਕੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ, ਗੁਰਦੀਪ, ਵਿਸ਼ਵਨਾਥ, ਘਨਸ਼ਿਆਮ, ਰਾਮਸੇਵਕ ਆਦਿ ਆਗੂ ਮੌਜੂਦ ਸਨ।