ਉਤਰਾਖੰਡ; ਬਾਗੀ ਵਿਧਾਇਕਾਂ ਬਾਰੇ ਫ਼ੈਸਲਾ 9 ਨੂੰ


ਨੈਨੀਤਾਲ (ਨਵਾਂ ਜ਼ਮਾਨਾ ਸਰਵਿਸ)
ਨੈਨੀਤਾਲ ਹਾਈ ਕੋਰਟ ਨੇ ਬਰਖਾਸਤ ਵਿਧਾਇਕਾਂ ਬਾਰੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। 9 ਮਈ ਨੂੰ ਸਵੇਰੇ ਸਵਾ 10 ਵਜੇ ਅਦਾਲਤ ਵੱਲੋਂ ਫ਼ੈਸਲਾ ਸੁਣਾਇਆ ਜਾਵੇਗਾ। ਜਸਟਿਸ ਯੂ ਸੀ ਧਿਆਨੀ ਸਾਹਮਣੇ ਸ਼ਨੀਵਾਰ ਨੂੰ ਦੋਵਾਂ ਧਿਰਾਂ ਦੇ ਵਕੀਲਾਂ ਨੇ ਬਹਿਸ ਪੂਰੀ ਕਰ ਲਈ। ਸਪੀਕਰ ਵੱਲੋਂ ਕਪਿਲ ਸਿੱਬਲ ਤੇ ਅਮਿਤ ਸਿੱਬਲ ਅਤੇ ਬਰਖਾਸਤ ਵਿਧਾਇਕਾਂ ਵੱਲੋਂ ਸੀ ਏ ਸੁੰਦਰਮ ਅਤੇ ਦਿਨੇਸ਼ ਦਿਵੇਦੀ ਪੇਸ਼ ਹੋਏ। ਬਰਖਾਸਤ ਵਿਧਾਇਕਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸੀ ਏ ਸੁੰਦਰਮ ਨੇ ਕਿਹਾ ਕਿ ਇੱਕ ਪਾਸੇ ਹਰਕ ਸਿੰਘ ਰਾਵਤ ਵੱਲੋਂ ਮਨੀ ਬੱਜਟ 'ਚ ਆਪਣੇ ਵਿਭਾਗ ਦਾ ਬੱਜਟ ਪਾਸ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ, ਦੂਜੇ ਪਾਸੇ ਉਨ੍ਹਾਂ ਨੂੰ ਵਿਰੋਧ ਕਰਨ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ। ਇਥੇ ਸਮੂਹਿਕ ਰੂਪ 'ਚ ਬੱਸ ਦਾ ਇੰਤਜ਼ਾਮ ਪ੍ਰਸ਼ਾਸਨ ਨੇ ਕੀਤਾ ਸੀ। ਦਿੱਲੀ ਜਾਣ ਲਈ ਕਮਰਸ਼ੀਅਲ ਜੈੱਟ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ 56 ਸਵਾਰੀਆਂ ਸਨ। ਦਿੱਲੀ 'ਚ ਕਾਂਗਰਸ ਹਾਈਕਮਾਨ ਕਹਿੰਦੀ ਹੈ ਕਿ ਵਿਧਾਇਕ ਮੁੱਖ ਮੰਤਰੀ ਅਤੇ ਸਪੀਕਰ ਵਿਰੁੱਧ ਸ਼ਿਕਾਇਤ ਦੇਣ ਲਈ ਦਿੱਲੀ ਗਏ ਸਨ। ਬਰਖਾਸਤ ਵਿਧਾਇਕਾਂ ਨੇ ਸਪੀਕਰ ਗੋਵਿੰਦ ਸਿੰਘ ਕੁੰਜਵਾਲ ਦੇ ਹੁਕਮਾਂ ਵਿਰੁੱਧ ਪਟੀਸ਼ਨ ਦਾਇਰ ਕੀਤੀ ਸੀ। ਇਕ ਅਪ੍ਰੈਲ ਨੂੰ ਦਾਇਰ ਪਟੀਸ਼ਨ 'ਤੇ ਲਗਾਤਾਰ ਬਹਿਸ ਚੱਲ ਰਹੀ ਸੀ। ਇਸ ਮਾਮਲੇ 'ਚ ਅਦਾਲਤ ਵੱਲੋਂ ਬਹਿਸ ਪੂਰੀ ਹੋ ਚੁੱਕੀ ਹੈ। ਬਹਿਸ ਪੂਰੀ ਹੋਣ ਤੋਂ ਬਾਅਦ ਜੱਜ ਨੇ ਆਪਣਾ ਫ਼ੈਸਲਾ 9 ਮਈ ਲਈ ਰਾਖਵਾਂ ਰੱਖ ਲਿਆ ਹੈ।