ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਆਰ-ਪਾਰ ਦੇ ਸੰਘਰਸ਼ ਦਾ ਐਲਾਨ


ਜਲੰਧਰ (ਰਾਜੇਸ਼ ਥਾਪਾ)
ਪੰਜਾਬ ਦੀਆਂ ਦੋ ਪ੍ਰਮੁੱਖ ਜਥੇਬੰਦੀਆਂ ਦੇ ਏਕੀਕਰਨ ਉਪਰੰਤ ਅੱਜ ਨੱਕਾ-ਨੱਕ ਭਰੇ ਦੇਸ਼ ਭਗਤ ਯਾਦਗਾਰ ਹਾਲ 'ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ ਸ ਸ ਫ) ਦੀ ਸੂਬਾਈ ਕਨਵੈਨਸ਼ਨ ਹੋਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਭਾਣਾ, ਜਨਰਲ ਸਕੱਤਰ ਸੀਤਲ ਸਿੰਘ ਚਾਹਲ, ਚੇਅਰਮੈਨ ਸੱਜਣ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਣਬੀਰ ਢਿੱਲੋਂ 'ਤੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕੈਨਵੈਨਸ਼ਨ ਨੇ ਅਕਾਸ਼ ਗੂੰਜਾਊ ਨਾਅਰੇ ਮਾਰਦਿਆਂ ਮੁੱਖ ਮੰਤਰੀ, ਖਜ਼ਾਨਾ ਮੰਤਰੀ ਸਮੇਤ ਹਾਈ ਪਾਵਰ ਅਫਸਰ ਕਮੇਟੀ ਵੱਲੋਂ ਸਵੀਕਾਰ ਮੰਗਾਂ ਲਾਗੂ ਕਰਵਾਉਣ, ਇੱਕ ਦਰਜਨ ਤੋਂ ਵੱਧ ਮੁਲਾਜ਼ਮ ਵਿਰੋਧੀ ਪੱਤਰ ਰੱਦ ਕਰਾਉਣ ਅਤੇ ਅਕਾਲੀ-ਭਾਜਪਾ ਹਾਕਮ ਗੱਠਜੋੜ ਵੱਲੋਂ ਕੀਤੀ ਜਾ ਰਹੀ ਲੁੱਟ ਖਤਮ ਕਰਾਉਣ ਲਈ ਆਰ-ਪਾਰ ਦਾ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ। ਇਸ ਸੰਦਰਭ 'ਚ ਮੁਲਾਜ਼ਮ ਸੰਘਰਸ਼ ਕਮੇਟੀ ਦੇ ਫੈਸਲੇ ਅਨੁਸਾਰ 14 ਮਈ ਨੂੰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਰਾਮਪੁਰਾ ਫੂਲ ਹਲਕੇ ਅਤੇ 25 ਮਈ ਨੂੰ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਹਲਕੇ ਧਰਮਕੋਟ 'ਚ ਜ਼ਬਰਦਸਤ ਪੋਲ ਖੋਲ ਝੰਡਾ ਮਾਰਚ ਕੀਤੇ ਜਾਣਗੇ। ਦੂਜੇ ਪੜਾਅ 'ਚ ਮੁੱਖ ਪਾਰਲੀਮਾਨੀ ਸਕੱਤਰ ਐੱਨ ਕੇ ਸ਼ਰਮਾ ਦੇ ਡੇਰਾ ਬਸੀ, ਅਨਿਲ ਜੋਸ਼ੀ ਦੇ ਅੰਮ੍ਰਿਤਸਰ ਉੱਤਰੀ, ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੇ ਸੁਨਾਮ ਹਲਕੇ ਅਤੇ ਹੋਰ ਮੰਤਰੀਆਂ ਦੇ ਹਲਕਿਆਂ 'ਚ ਪੋਲ ਖੋਲ੍ਹ ਮਾਰਚ ਕੀਤੇ ਜਾਣਗੇ। ਕਨਵੈਨਸ਼ਨ ਨੂੰ ਮੀਤ ਪ੍ਰਧਾਨ ਸੁਰਿੰਦਰ ਸਿੰਘ ਨਵਾਂ ਸ਼ਹਿਰ ਅਤੇ ਬਲਕਾਰ ਸਿੰਘ ਵਲਟੋਹਾ, ਵਿੱਤ ਸਕੱਤਰ ਜਰਨੈਲ ਸਿੰਘ ਨਥਾਣਾ, ਡਿਪਟੀ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ, ਸਕੱਤਰ ਕਰਤਾਰ ਸਿੰਘ ਪਾਲ ਅਤੇ ਰਣਜੀਤ ਸਿੰਘ ਰਾਣਵਾਂ ਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ 18 ਫਰਵਰੀ 2014 ਨੂੰ ਮੁੱਖ ਮੰਤਰੀ ਵੱਲੋਂ ਠੇਕੇ 'ਤੇ ਨਿਯੁਕਤ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਆਊਟ ਸੋਰਸਿੰਗ ਨੀਤੀ ਖਤਮ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 5 ਦਸੰਬਰ 2015 ਨੂੰ ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ ਹੇਠ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦਾ ਗਠਨ ਕਰਨ, ਖਜ਼ਾਨਾ ਮੰਤਰੀ ਵੱਲੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ 23 ਮਹੀਨਿਆਂ ਦੇ ਬਕਾਏ ਦੇ ਭੁਗਤਾਨ ਕਰਨ, 7 ਸਤੰਬਰ 2015 ਨੂੰ ਆਸ਼ਾ ਵਰਕਰਾਂ, ਮਿੱਡ ਡੇ ਮੀਲ ਤੇ ਆਂਗਨਵਾੜੀ ਸਟਾਫ ਦੇ ਮਾਣ ਭੱਤੇ 'ਚ ਹਰਿਆਣਾ ਪੈਟਰਨ 'ਤੇ ਸੋਧਣ ਦੇ ਫੈਸਲੇ ਸਰਕਾਰ ਨੇ 15 ਮਾਰਚ ਦੇ ਬੱਜਟ ਵਿੱਚ 'ਚੁੱਪ' ਧਾਰਨ ਕਰਕੇ ਬਲਦੀ 'ਤੇ ਤੇਲ ਪਾਇਆ ਹੈ। ਕਨਵੈਨਸ਼ਨ ਨੇ ਬਿਨਾਂ ਦੇਰੀ ਠੇਕੇ 'ਤੇ ਕੰਮ ਕਰਦੇ ਅਤੇ ਦਿਹਾੜੀਦਾਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਹਾਈ ਕੋਰਟ ਦੇ ਜੱਜ ਦੀ ਪ੍ਰਧਾਨਗੀ 'ਚ 6ਵਾਂ ਪੰਜਾਬ ਤਨਖਾਹ ਕਮਿਸ਼ਨ ਦਾ ਗਠਨ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 125 ਫੀਸਦੀ ਮਹਿੰਗਾਈ ਭੱਤਾ ਅਤੇ 50 ਫੀਸਦੀ ਅੰਤ੍ਰਿਮ ਰਿਲੀਫ ਜੋੜ ਕੇ ਆਰਜ਼ੀ ਸੋਧੀ ਤਨਖਾਹ ਲਾਗੂ ਕਰਨ, ਸਭ ਭੱਤੇ ਦੁੱਗਣੇ ਕਰਨ, ਆਸ਼ਾ ਵਰਕਰਾਂ, ਮਿੱਡ-ਡੇ-ਮੀਲ ਅਤੇ ਆਂਗਣਵਾੜੀ ਸਟਾਫ ਦੇ ਮਾਣਭੱਤੇ 'ਚ ਹਰਿਆਣਾ ਪੈਟਰਨ 'ਤੇ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦਾ 23 ਮਹੀਨਿਆਂ ਦੇ ਬਕਾਇਆਂ ਦਾ ਭੁਗਤਾਨ ਕਰਨ, ਜਨਵਰੀ 2016 ਦੀ ਡੀ ਏ ਦੀ ਕਿਸ਼ਤ ਜਾਰੀ ਕਰਨ, ਪੂਰੀਆਂ ਤਨਖਾਹਾਂ ਅਤੇ ਭੱਤਿਆਂ ਨਾਲ ਸਭ ਖਾਲੀ ਅਸਾਮੀਆਂ 'ਤੇ ਭਰਤੀ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਫੈਸਲਾਕੁਨ ਘੋਲ ਤੇਜ਼ ਕਰਨ ਅਤੇ ਸਰਕਾਰ ਵੱਲੋਂ ਪੁਰਅਮਨ ਸੰਘਰਸ਼ ਕਰਦੇ ਮੁਲਾਜ਼ਮਾਂ ਤੇ ਪੁਲਸ ਜਬਰ ਵਿਰੁੱਧ ਲਾਮਬੰਦੀ ਕਰਨ ਦਾ ਫੈਸਲਾ ਕੀਤਾ।
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਰਘਬੀਰ ਸਿੰਘ ਸੰਧੂ, ਚਰਨ ਸਿੰਘ ਸਰਾਭਾ, ਰਵਿੰਦਰ ਕੁਮਾਰ, ਤ੍ਰਿਪਾ ਕੁਮਾਰੀ, ਸੰਤੋਸ਼ ਕੁਮਾਰੀ, ਵਰਿੰਦਰ ਸਿੰਘ, ਅਸ਼ੀਸ਼ ਜੁਲਾਹਾ, ਕੁਲਦੀਪ ਸਿੰਘ ਨੇ ਪੰਜਾਬ ਰੋਡਵੇਜ਼, ਬਿਜਲੀ ਬੋਰਡ ਅਤੇ ਹੋਰ ਜਨਤਕ ਅਦਾਰਿਆਂ ਤੇ ਸਰਕਾਰ ਦੇ ਜਾਰੀ ਹਮਲਿਆਂ, ਰੇਤਾ, ਬੱਜਰੀ, ਸ਼ਰਾਬ, ਕੇਬਲ ਅਤੇ ਟਰਾਂਸਪੋਰਟ ਮਾਫੀਏ, ਮੰਤਰੀਆਂ ਅਤੇ ਰਾਜ ਮੰਤਰੀਆਂ ਦੀਆਂ ਸਹੂਲਤਾਂ ਨਾਲ ਦਰਜਨਾਂ ਸਲਾਹਕਾਰਾਂ, ਚੇਅਰਮੈਨ, ਵਾਇਸ ਚੇਅਰਮੈਨਾਂ, ਡਾਇਰੈਕਟਰਾਂ, ਗੈਰ-ਕਾਨੂੰਨੀ 25 ਪਾਰਲੀਮਾਨੀ ਸਕੱਤਰਾਂ ਦੀਆਂ ਨਿਯੁਕਤੀਆਂ ਅਤੇ ਹੋਰ ਅਨੇਕਾਂ ਢੰਗ ਨਾਲ ਖਜ਼ਾਨੇ ਦੀ ਲੁੱਟ, 1200 ਕਰੋੜ ਦੇ ਅਨਾਜ ਘੁਟਾਲੇ ਸਮੇਤ ਅਨੇਕਾਂ ਘਪਲਿਆਂ ਰਾਹੀਂ ਖਜ਼ਾਨੇ ਦੀ ਲੁੱਟ ਵਿਰੁੱਧ ਪਿੰਡ-ਪਿੰਡ ਸ਼ਹਿਰ-ਸ਼ਹਿਰ ਲਾਮਬੰਦੀ ਕਰਨ ਦਾ ਐਲਾਨ ਕੀਤਾ।