ਬੰਗਲਾਦੇਸ਼ 'ਚ 1971 ਦੇ ਜੰਗੀ ਅਪਰਾਧਾਂ ਦੇ ਦੋਸ਼ੀ ਨਿਜਾਮੀ ਨੂੰ ਫ਼ਾਂਸੀ ਛੇਤੀ


ਢਾਕਾ (ਨਵਾਂ ਜ਼ਮਾਨਾ ਸਰਵਿਸ)
ਬੰਗਲਾਦੇਸ਼ 'ਚ ਕੱਟੜਪੰਥੀ ਜਥੇਬੰਦੀ ਜਮਾਤ ਏ ਇਸਲਾਮੀ ਦੇ ਮੁਖੀ ਅਤੇ 1971 ਦੇ ਜੰਗੀ ਅਪਰਾਧਾਂ ਦੇ ਦੋਸ਼ੀ ਮੋਹਿ ਉਰ ਰਹਿਮਾਨ ਨਿਜਾਮੀ ਨੂੰ ਛੋਟੀ ਜੇਲ੍ਹ ਤੋਂ ਢਾਕਾ ਸੈਂਟਰਲ ਜੇਲ੍ਹ ਵਿਖੇ ਸ਼ਿਫਟ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਉਸ ਨੂੰ ਮਿਲੀ ਫ਼ਾਂਸੀ ਦੀ ਸਜ਼ਾ ਦੀ ਛੇਤੀ ਤਾਮੀਲ ਹੋ ਸਕਦੀ ਹੈ।
ਢਾਕਾ ਜੇਲ੍ਹ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਤਾਮੀਲ ਦੀ ਪ੍ਰਕ੍ਰਿਆ ਤਹਿਤ ਨਿਜਾਮੀ ਨੂੰ ਬੀਤੀ ਰਾਤ ਢਾਕਾ ਜੇਲ੍ਹ ਲਿਆਂਦਾ ਗਿਆ ਅਤੇ ਬੰਗਲਾਦੇਸ਼ ਦੀ ਸਭ ਤੋਂ ਵੱਡੀ ਇਸਲਾਮਵਾਦੀ ਪਾਰਟੀ ਦੇ 73 ਸਾਲਾ ਆਗੂ ਨੂੰ ਪ੍ਰਕ੍ਰਿਆ ਤਹਿਤ ਜੇਲ੍ਹ ਦੇ ਇੱਕ ਵੱਖਰੇ ਸੈਲ 'ਚ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਜੇਲ੍ਹ ਅਧਿਕਾਰੀ ਅਜੇ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਕਾਪੀ ਉਡੀਕ ਰਹੇ ਹਨ ਅਤੇ ਹੁਕਮ ਦੀ ਕਾਪੀ ਮਿਲਣ ਮਗਰੋਂ ਹੀ ਸਾਰੀ ਤਸਵੀਰ ਸਾਫ਼ ਹੋ ਸਕੇਗੀ।
ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜਮਾ ਕਮਾਲ ਨੇ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਨਿਜਾਮੀ ਨੂੰ ਫ਼ਾਂਸੀ ਕਦੋਂ ਦਿੱਤੀ ਜਾਵੇਗੀ, ਪਰ ਸਾਰੀ ਕਾਨੂੰਨੀ ਪ੍ਰਕ੍ਰਿਆ ਮੁਕੰਮਲ ਹੋ ਜਾਣ ਮਗਰੋਂ ਹੀ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੌਤ ਦੀ ਸਜ਼ਾ ਵਿਰੁੱਧ ਨਿਜਾਮੀ ਦੀ ਅੰਤਮ ਅਪੀਲ ਸੁਪਰੀਮ ਕੋਰਟ ਨੇ 5 ਮਈ ਨੂੰ ਖਾਰਜ ਕਰ ਦਿੱਤੀ ਹੈ, ਜਿਸ ਮਗਰੋਂ ਉਨ੍ਹਾ ਨੂੰ ਸੋਮਵਾਰ ਕਾਸਿਮਪੁਰ ਜੇਲ੍ਹ ਤੋਂ ਇੱਕ ਵਿਸ਼ੇਸ਼ ਕੈਦੀ ਵੈਨ ਰਾਹੀਂ ਰਾਜਧਾਨੀ ਢਾਕਾ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਨਿਜਾਮੀ ਖਾਲਿਦਾ ਜ਼ਿਆ ਸਰਕਾਰ 'ਚ ਮੰਤਰੀ ਰਹਿ ਚੁੱਕੇ ਹਨ ਅਤੇ 2010 ਤੋਂ ਜੇਲ੍ਹ 'ਚ ਬੰਦ ਹਨ।