ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ : ਬਾਦਲ

ਦੋਦਾ (ਵਕੀਲ ਬਰਾੜ)
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੰਗਤ ਦਰਸਨ ਪ੍ਰੋਗਰਾਮ ਦੌਰਾਨ ਪਿੰਡ ਭੁੱਲਰ, ਨਵਾਂ ਭੁੱਲਰ ਅਤੇ ਸੰਗੂਧੋਣ ਦੇ ਲੋਕਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੂੰ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ ਤਾਂ ਅਕਾਲੀ ਦਲ ਪਿੱਛੇ ਨਹੀ ਹਟੇਗਾ ਅਤੇ ਜਾਂ ਕੋਈ ਮੋਰਚਾ ਲਾਉਣ ਤੋਂ ਵੀ ਹਿਚਕਚਾਟ ਨਹੀਂ ਕਰੇਗਾ ਅਤੇ ਲੋਕਾਂ ਨੂੰ ਪਹਿਲਾ ਦੀ ਤਰ੍ਹਾਂ ਮੋਰਚਾ ਲਾਉਣ ਲਈ ਹਮੇਸ਼ਾ ਦੀ ਤਰ੍ਹਾਂ ਉਹ ਪੰਜਾਬ ਦੇ ਲੋਕਾ ਨਾਲ ਖੜਨਗੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਦੁਸ਼ਮਣ ਦੱਸਦਿਆਂ ਕਿਹਾ ਕਿ ਇਸ ਨੇ ਹਮੇਸ਼ਾ ਪੰਜਾਬ ਵਾਸੀਆਂ ਨਾਲ ਧੱਕਾ ਹੀ ਕੀਤਾ ਹੈ, ਇਹ ਭਾਵਂੇ ਪਾਣੀਆਂ ਦਾ ਮਸਲਾ ਹੋਵੇ ਜਾਂ ਹਰਿਮੰਦਰ ਸਾਹਿਬ ਉਪਰ ਹਮਲਾ ਜਾਂ '84 ਦੇ ਦੰਗੇ ਹੋਣ, ਇਸ ਪਾਰਟੀ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾ ਐੱਸ ਵਾਈ ਐੱਲ ਨਹਿਰ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਪੰਜਾਬ ਦੀ ਹਮਾਇਤੀ ਬਣਨਾ ਚਾਹੁੰਦੀ ਹੈ, ਉਸ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਐੱਸ ਵਾਈ ਐੱਲ ਦਾ ਟੱਕ ਲਾਇਆ ਸੀ ਅਤੇ ਕਾਂਗਰਸੀਆਂ ਨੇ ਇਸ 'ਤੇ ਡਾਢੀ ਖੁਸ਼ੀ ਮਨਾਈ ਅਤੇ ਉਸ ਦਿਨ ਭੰਗੜੇ ਪਾਏ ਸਨ, ਨਵੀਂ ਚਲੀ ਟੋਪੀ ਵਾਲੀ ਪਾਰਟੀ ਦੇ ਮੁਖੀ ਹਰਿਆਣਾ ਦੇ ਜੰਮਪਲ ਹੋਣ ਕਾਰਨ ਉਹ ਵੀ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਾਰਨ ਲਈ ਤਿਆਰੀ ਕਰੀ ਬੈਠਾ ਹੈ, ਜਦਕਿ ਉਹ ਵੋਟਾਂ ਪੰਜਾਬ ਦੇ ਲੋਕਾਂ ਤਂੋ ਮੰਗਦਾ ਹੈ ਅਤੇ ਪੰਜਾਬ ਦਾ ਪਾਣੀ ਇੱਥੋ ਦੇ ਲੋਕਾਂ ਤੋਂ ਖੋਹ ਕੇ ਹਰਿਆਣਾ ਅਤੇ ਦਿੱਲੀ ਲਿਜਾਣ ਦੀਆਂ ਸਕੀਮਾਂ ਬਣਾ ਰਿਹਾ ਹੈ। ਇਸ ਮੌਕੇ ਉਨ੍ਹਾਂ ਉਕਤ ਪਿੰਡਾਂ ਦੇ ਆਗੂਆਂ ਨੂੰ ਲੱਖਾਂ ਦੀਆਂ ਗ੍ਰਾਂਟਾਂ ਦੇ ਗੱਫੇ ਵੰਡੇ, ਜਿਸ ਵਿਚ ਪਿੰਡ ਭੁੱਲਰ ਨੂੰ ਗਲੀਆਂ-ਨਾਲੀਆਂ, ਸ਼ਮਸ਼ਾਨਘਾਟ ਲਈ 24 ਲੱਖ, 2 ਪੰਚਾਇਤੀ ਜ਼ਮੀਨ ਲਈ ਮੋਟਰ ਕੁਨੈਕਸਨ, ਜਲ ਘਰ ਦੇ ਨਵੀਨੀਕਰਨ ਲਈ 2 ਕਰੋੜ, ਨੌਜਵਾਨਾਂ ਲਈ ਨਵੇ ਕਮਰੇ ਅਤੇ ਜਿੰਮ, ਨਵਾਂ ਭੁੱਲਰ ਲਈ 20 ਲੱਖ ਅਤੇ ਸੰਗੂਧੌਣ ਲਈ 20 ਲੱਖ ਰੁਪਏ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ।
ਇਸ ਮੌਕੇ ਐੱਮ ਪੀ ਸ਼ੇਰ ਸਿੰਘ ਘੁਬਾਇਆ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਦਿਆਲ ਸਿੰਘ ਕੋਲਿਆਂਵਾਲੀ, ਚੇਅਰਮੈਨ ਜਗਦੇਵ ਸਿੰਘ ਭੁੱਲਰ, ਮਨਜਿੰਦਰ ਸਿੰਘ ਬਿੱਟੂ ਚੇਅਰਮੈਨ, ਗੁਰਲਾਲ ਸਿੰਘ ਭੁੱਲਰ, ਬਲਰਾਜ ਸਿੰਘ, ਜਗਵੀਰ ਸਿੰਘ, ਸਰਪੰਚ ਜੰਗਣ ਸਿੰਘ ਭੁੱਲਰ, ਮਲਕੀਤ ਸਿੰਘ ਢਾਡੀ ਮੱਲਣ, ਜਗਤਾਰ ਸਿੰਘ ਪੱਪੀ, ਗੁਰਧਿਆਨ ਸਿੰਘ, ਬੰਤਾ ਬਰਾੜ, ਰਘਬੀਰ ਸਿੰਘ, ਰੇਸ਼ਮ ਸਿੰਘ ਸੰਗੂਧੌਣ, ਡੀ ਸੀ ਸੁਮੀਤ ਜਾਰੰਗਲ, ਐੱਸ ਐੱਸ ਪੀ ਗੁਰਪ੍ਰੀਤ ਸਿੰਘ ਗਿੱਲ, ਕੁਮਾਰ ਅਮਿਤ ਆਦਿ ਤੋ ਇਲਾਵਾਂ ਵੱਡੀ ਗਿਣਤੀ ਚ ਵੱਖ-ਵੱਖ ਵਿਭਾਗਾਂ ਦਾ ਸਰਕਾਰੀ ਅਮਲਾ ਅਤੇ ਅਕਾਲੀ ਵਰਕਰ ਮੌਜੂਦ ਸਨ।